ਸੰਗਰੂਰ ਰੈਲੀ ਤੋਂ ਬਾਅਦ ਬਾਦਲਾਂ ਦਾ ਪੈ ਜਾਵੇਗਾ ਸਿਆਸੀ ਭੋਗ : ਪਰਮਿੰਦਰ ਢੀਂਡਸਾ

Friday, Feb 21, 2020 - 03:25 PM (IST)

ਸੰਗਰੂਰ ਰੈਲੀ ਤੋਂ ਬਾਅਦ ਬਾਦਲਾਂ ਦਾ ਪੈ ਜਾਵੇਗਾ ਸਿਆਸੀ ਭੋਗ : ਪਰਮਿੰਦਰ ਢੀਂਡਸਾ

ਭਵਾਨੀਗੜ੍ਹ (ਵਿਕਾਸ) : 23 ਫਰਵਰੀ ਨੂੰ ਸੰਗਰੂਰ ਵਿਖੇ ਰੱਖੀ ਰੈਲੀ ਨੂੰ ਸਫ਼ਲ ਬਣਾਉਣ ਲਈ ਸ਼ੁੱਕਰਵਾਰ ਨੂੰ ਭਵਾਨੀਗੜ੍ਹ ਦੀ ਨਵੀਂ ਅਨਾਜ ਮੰਡੀ ਵਿਖੇ ਪਹੁੰਚੇ ਪਰਮਿੰਦਰ ਸਿੰਘ ਢੀਂਡਸਾ ਨੇ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਪਰਿਵਾਰਾਂ ਦੇ ਚੁੰਗਲ 'ਚੋਂ ਪੂਰੇ ਸਿਸਟਮ ਨੂੰ ਬਹਾਲ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦਾ ਮਕਸਦ ਸਿੱਖ ਸੰਗਤ ਦੀ ਚੜ੍ਹਦੀ ਕਲਾ ਲਈ ਪੰਥ ਦੀ ਸੇਵਾ ਭਾਵਨਾ ਰੱਖਣ ਵਾਲੇ ਲੋਕਾਂ ਨੂੰ ਅੱਗੇ ਲਿਆਉਣਾ ਹੈ। ਢੀਂਡਸਾ ਨੇ ਕਿਹਾ ਕਿ 23 ਫਰਵਰੀ ਦੀ ਸੰਗਰੂਰ ਰੈਲੀ ਇਤਿਹਾਸਕ ਹੋਵੇਗੀ, ਜਿਸ ਦੇ ਇਕੱਠ ਨੂੰ ਦੇਖ ਕੇ ਬਾਦਲਾਂ ਦਾ ਸਿਆਸੀ ਭੋਗ ਪੈ ਜਾਵੇਗਾ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਪਾਰਟੀ ਨੂੰ ਤਾਨਾਸ਼ਾਹੀ ਢੰਗ ਨਾਲ ਚਲਾ ਰਿਹਾ ਹੈ, ਜਿਸ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਸੁਖਬੀਰ ਦੇ ਫੈਸਲਿਆਂ ਤੋਂ ਆਮ ਵਰਕਰ ਡਾਢੇ ਪ੍ਰੇਸ਼ਾਨ ਹਨ, ਜਿਸ ਕਰਕੇ ਆਏ ਦਿਨ ਵਰਕਰ ਪਾਰਟੀ ਤੋਂ ਅਸਤੀਫ਼ਾ ਦੇ ਰਹੇ ਹਨ ਅਤੇ ਅਕਾਲੀ ਦਲ ਹੁਣ ਖਾਲੀ ਦਲ ਬਣਦਾ ਜਾ ਰਿਹਾ ਹੈ।

ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ 2 ਫਰਵਰੀ ਨੂੰ ਸੰਗਰੂਰ ਵਿਖੇ ਰੱਖੀ ਰੈਲੀ ਵਿਚ ਪੰਜਾਬ ਭਰ ਚੋਂ ਲੋਕਾਂ ਨੂੰ ਇਕੱਠੇ ਕਰਕੇ ਢੀਂਡਸਾ ਪਰਿਵਾਰ ਨੂੰ ਨੀਵਾਂ ਦਿਖਾਉਣ ਦੀ ਰਚੀ ਗਈ ਸਾਜਿਸ਼ ਬੁਰੀ ਤਰ੍ਹਾਂ ਫੇਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਮਾਨਸਿਕਤਾ ਅਤੇ ਭਾਵਨਾ ਵੀ ਅਕਾਲੀ ਲੀਡਰਾਂ ਵਾਲੀ ਨਹੀਂ ਰਹੀ, ਜਿਸ ਕਰਕੇ ਪੰਥਪ੍ਰਸਤ ਵਰਕਰ ਅਤੇ ਪੰਜਾਬ ਹਿਤੈਸ਼ੀ ਲੋਕ ਅਕਾਲੀ ਦਲ ਬਾਦਲ ਤੋਂ ਕਿਨਾਰਾ ਕਰ ਚੁੱਕੇ ਹਨ। ਸੰਗਰੂਰ ਰੈਲੀ ਨੂੰ ਲੈ ਕੇ ਪਿੰਡਾਂ 'ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਗੁਰਤੇਜ ਸਿੰਘ ਝਨੇੜੀ, ਸਰਬਜੀਤ ਸਿੰਘ ਟੋਨੀ, ਰਾਮ ਸਿੰਘ ਮੱਟਰਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ।


author

cherry

Content Editor

Related News