ਨਸ਼ੇ ਵਿਰੁੱਧ ਸੰਗਰੂਰ ਪੁਲਸ ਦੀ ਵੱਡੀ ਕਾਰਵਾਈ, 11 ਪੁਲਸ ਮੁਲਾਜ਼ਮਾਂ ਦਾ ਤਬਾਦਲਾ, ASI ’ਤੇ ਡਿੱਗੀ ਗਾਜ
Sunday, Sep 18, 2022 - 11:29 AM (IST)
ਸੰਗਰੂਰ(ਸਿੰਗਲਾ) : ਪੰਜਾਬ ਪੁਲਸ ਵਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਬੀਤੇ ਦਿਨੀਂ ਜ਼ਿਲਾ ਪੁਲਸ ਸੰਗਰੂਰ ਵਲੋਂ ਇਕ ਅਹਿਮ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 16 ਸਤੰਬਰ ਨੂੰ ਨਸ਼ਾ ਸਮੱਗਲਰਾਂ ਵਿਰੁੱਧ ਢੁੱਕਵੀਂ ਕਾਰਵਾਈ ਨਾ ਕਰਨ ਕਾਰਨ ਜੇਲ੍ਹ ਪੋਸਟ ਅਨਾਜ ਮੰਡੀ ਸੁਨਾਮ ਵਿਖੇ ਤਾਇਨਾਤ 11 ਪੁਲਸ ਮੁਲਾਜ਼ਮਾਂ ਦਾ ਪੁਲਸ ਲਾਈਨ ਅਤੇ ਦੂਰ ਦੇ ਪੁਲਸ ਥਾਣਿਆਂ ਵਿਚ ਤਬਾਦਲਾ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਮੋਹਾਲੀ ਦੀ ਯੂਨੀਵਰਸਿਟੀ 'ਚ 60 ਕੁੜੀਆਂ ਦੀ ਨਹਾਉਂਦੀਆਂ ਦੀ ਵੀਡੀਓ ਵਾਇਰਲ, 8 ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼ (ਵੀਡੀਓ)
ਇਸੇ ਤਰ੍ਹਾਂ ਜੇਲ੍ਹ ਪੋਸਟ ਅਨਾਜ ਮੰਡੀ ਸੁਨਾਮ ਵਿਖੇ ਤਾਇਨਾਤ ਏ. ਐੱਸ. ਆਈ. ਬਲਕਾਰ ਸਿੰਘ ਨੂੰ ਵੀ ਨਸ਼ਾ ਸਮੱਗਲਰਾਂ ਨਾਲ ਤਾਲਮੇਲ ਰੱਖਣ, ਨਸ਼ਾ ਸਮੱਗਲਰਾਂ ਪ੍ਰਤੀ ਨਰਮ ਰੁਖ ਅਪਣਾਉਣ ਅਤੇ ਕਾਰਵਾਈ ਨਾ ਕਰਨ ਲਈ ਮੁਅੱਤਲ ਕਰ ਕੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਅੱਜ 17 ਸਤੰਬਰ ਨੂੰ ਇੰਦਰਾ ਬਸਤੀ ਸੁਨਾਮ ਵਿਖੇ ਵਿਸ਼ੇਸ਼ ਘੇਰਾਬੰਦੀ ਕਰ ਕੇ ''ਕਾਸਕੋ'' ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਸ ਦੌਰਾਨ 20 ਸ਼ੱਕੀ ਵਾਹਨ ਜ਼ਬਤ ਕੀਤੇ ਗਏ ਹਨ ਅਤੇ ਲਗਭਗ 3 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਸ਼ੇ ਵਾਲੇ ਪਦਾਰਥਾਂ ਦੀ ਬਰਾਮਦਗੀ ਤੋਂ ਬਾਅਦ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਦਿਓ ਜਵਾਬ।