ਔਰਤ ਰੋਗਾਂ ਦੇ ਮਾਹਿਰ ਡਾਕਟਰ ਦੇ ਅਸਤੀਫੇ ਨਾਲ ਜੱਚਾ-ਬੱਚਾ ਵਾਰਡ ਫਿਰ ਸੱਖਣਾ
Saturday, Mar 30, 2019 - 03:55 AM (IST)

ਸੰਗਰੂਰ (ਰਵਿੰਦਰ)-ਸਥਾਨਕ ਸਰਕਾਰੀ ਹਸਪਤਾਲ ਵਿਖੇ ਔਰਤ ਰੋਗਾਂ ਦੇ ਮਾਹਿਰ ਡਾ. ਅੰਜੂ ਵਰਮਾ ਦੇ ਦਿੱਤੇ ਅਸਤੀਫੇ ਤੋਂ ਬਾਅਦ ਜੱਚਾ-ਬੱਚਾ ਕੇਂਦਰ ਇਕ ਵਾਰ ਫਿਰ ਤੋਂ ਔਰਤ ਰੋਗਾਂ ਦੇ ਮਾਹਿਰ ਡਾਕਟਰ ਤੋਂ ਬਿਨਾਂ ਸੱਖਣਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਕਈ ਸਾਲਾਂ ਬਾਅਦ ਲੋਕਾਂ ਦੀ ਮੰਗ ’ਤੇ ਸਿਹਤ ਵਿਭਾਗ ਮਹਿਕਮੇ ਵੱਲੋਂ ਕਰੀਬ 6 ਕੁ ਮਹੀਨੇ ਪਹਿਲਾਂ ਉਕਤ ਡਾਕਟਰ ਦੀ ਨਿਯੁਕਤੀ ਕੀਤੀ ਗਈ ਸੀ। ਜਿਸ ਨਾਲ ਆਸ-ਪਾਸ ਦੇ ਪਿੰਡਾਂ ਦੇ ਔਰਤ ਰੋਗਾਂ ਦੇ ਮਰੀਜ਼ਾਂ ਨੂੰ ਕਾਫੀ ਰਾਹਤ ਮਹਿਸੂਸ ਹੋਣ ਲੱਗੀ ਸੀ ਕਿਉਂਕਿ ਧਨੌਲਾ ਸੀ. ਐੱਸ. ਸੀ. ਨੂੰ 20-25 ਪਿੰਡਾਂ ਦੇ ਮਰੀਜ਼ਾਂ ਦਾ ਇਕ ਤਰ੍ਹਾਂ ਨਾਲ ਕੇਂਦਰ ਹੈ। ਜਣੇਪੇ ਵਾਲੀਆਂ ਔਰਤ ਮਰੀਜ਼ ਵੀ ਡਾਕਟਰ ਦੀ ਨਿਯੁਕਤੀ ਨਾਲ ਕਾਫੀ ਰਾਹਤ ਮਹਿਸੂਸ ਕਰਦੀਆਂ ਸਨ। ਡਾ. ਅੰਜੂ ਵਰਮਾ ਦੇ ਅਸਤੀਫੇ ਤੋਂ ਬਾਅਦ ਔਰਤਾਂ ’ਚ ਫਿਰ ਤੋਂ ਬੇਚੈਨੀ ਪਾਈ ਜਾਣ ਲੱਗੀ ਹੈ। ਡਾ. ਅੰਜੂ ਵਰਮਾ ਨੂੰ ਐੱਸ. ਐੱਮ. ਓ. ਸੁਰਿੰਦਰ ਕੁਮਾਰ, ਡਾ. ਸਤਵੰਤ ਸਿੰਘ, ਡਾ. ਰਵਿੰਦਰ ਮਹਿਤਾ, ਡਾ. ਨਵਨੀਤ ਕੌਰ, ਡਾ. ਗੁਰਮਿੰਦਰ ਕੌਰ ਤੇ ਸਟਾਫ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ।