ਹਵਾਲਾਤੀਆਂ ਲਈ ‘ਅੰਡਰਟਰਾਇਲ ਇਨਫਾਰਮੇਸ਼ਨ ਕਾਰਡ’ ਜਾਰੀ
Tuesday, Feb 12, 2019 - 04:25 AM (IST)
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਵੀਰਇੰਦਰ ਅਗਰਵਾਲ, ਜ਼ਿਲਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਯੋਗ ਅਗਵਾਈ ਹੇਠ ਬਰਨਾਲਾ ਜੇਲ ਵਿਚ ਬੰਦ ਹਵਾਲਾਤੀਆਂ ਲਈ ‘ਅੰਡਰਟਰਾਇਲ ਇਨਫਾਰਮੇਸ਼ਨ ਕਾਰਡ’ ਜਾਰੀ ਕੀਤਾ ਗਿਆ। ਸੈਸ਼ਨ ਜੱਜ ਵੀਰਇੰਦਰ ਅਗਰਵਾਲ, ਡਿਪਟੀ ਕਮਿਸ਼ਨਰ ਸ਼੍ਰੀ ਧਰਮ ਪਾਲ ਗੁਪਤਾ ਅਤੇ ਸੀਨੀਅਰ ਸੁਪਰਡੈਂਟ ਆਫ ਪੁਲਸ ਹਰਜੀਤ ਸਿੰਘ ਵੱਲੋਂ ਜ਼ਿਲਾ ਜੇਲ, ਬਰਨਾਲਾ ਵਿਖੇ ਆਯੋਜਿਤ ਕੀਤੇ ਗਏ ਸਮਾਗਮ ’ਚ ਜਾਰੀ ਕੀਤਾ ਗਿਆ। ਇਸ ਮੌਕੇ ਸੀ. ਜੇ. ਐੱਮ. ਅਮਰਿੰਦਰਪਾਲ ਸਿੰਘ ਅਤੇ ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪੀ.ਐੱਸ.ਕਾਲੇਕਾ ਵੀ ਹਾਜ਼ਰ ਸਨ। ਇਨ੍ਹਾਂ ਕਾਰਡਾਂ ਸਬੰਧੀ ਸੈਸ਼ਨ ਜੱਜ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਨੇ ਇਹ ਗੱਲ ਮਹਿਸੂਸ ਕੀਤੀ ਸੀ ਕਿ ਵੱਖ-ਵੱਖ ਕੇਸਾਂ ’ਚ ਜੇਲਾਂ ਅੰਦਰ ਬੰਦ ਹਵਾਲਾਤੀਆਂ ਨੂੰ ਆਪਣੇ ਕੇਸਾਂ ਸਬੰਧੀ ਸਹੀ ਜਾਣਕਾਰੀ ਹੀ ਨਹੀਂ। ਇਸ ਕਰਕੇ ਹੀ ਬਰਨਾਲਾ ਅਦਾਲਤ ਵੱਲੋਂ ਇਹ ‘ਅੰਡਰ ਟਰਾਇਲ ਇਨਫਾਰਮੇਸ਼ਨ ਕਾਰਡ’’ ਬਣਾਉਣ ਦੀ ਪਹਿਲ ਕੀਤੀ ਗਈ ਹੈ। ਇਨ੍ਹਾਂ ਕਾਰਡਾਂ ’ਚ ਜਿਥੇ ਹਵਾਲਾਤੀ ਦਾ ਪੂਰਾ ਨਾਂ, ਪਤਾ ਦਰਜ ਹੋਵੇਗਾ, ਉਥੇ ਉਹ ਕਿਹਡ਼ੇ ਕੇਸ ’ਚ ਬੰਦ ਹੈ, ਉਸ ਦੇ ਕੇਸ ’ਚ ਕਿਹਡ਼ੀਆਂ ਧਾਰਾਵਾਂ ਲੱਗੀਆਂ ਹੋਈਆਂ ਹਨ, ਉਸ ਦਾ ਕਿਹਡ਼ਾ ਵਕੀਲ ਹੈ, ਕੇਸ ਕਿਹਡ਼ੀ ਅਦਾਲਤ ’ਚ ਚਲਦਾ ਹੈ, ਕੇਸ ਦੀ ਕਿਹਡ਼ੀ ਸਟੇਜ ਹੈ, ਕਿਹਡ਼ੀਆਂ ਧਾਰਾਵਾਂ ’ਤੇ ਚਾਰਜ ਲੱਗਿਆ ਹੈ। ਇਹ ਕਾਰਡ ਹਵਾਲਾਤੀ ਦੇ ਕੋਲ ਰਹੇਗਾ ਅਤੇ ਹਰ ਤਰੀਕ ਪੇਸ਼ੀ ’ਤੇ ਇਸ ਕਾਰਡ ਨੂੰ ਅਪਡੇਟ ਕੀਤਾ ਜਾਵੇਗਾ।
