ਸੁਖਬੀਰ ਸਿੰਘ ਬਾਦਲ ਖੇਤੀ ਆਰਡੀਨੈੱਸਾਂ ਤੇ ਧੋਖੇ ਦੀ ਰਾਜਨੀਤੀ ਕਰ ਰਹੇ ਹਨ: ਢੀਂਡਸਾ
Friday, Sep 18, 2020 - 12:10 PM (IST)
ਸੰਗਰੂਰ (ਸਿੰਗਲਾ): ਸਾਬਕਾ ਵਿੱਤ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ੍:ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਖੇਤੀ ਆਰਡੀਨੈੱਸਾਂ ਦੇ ਹੱਕ 'ਚ ਲੰਮਾ ਸਮਾਂ ਠੋਕ ਕੇ ਪ੍ਰਚਾਰ ਕਰਨ ਤੋਂ ਬਾਅਦ ਇਕਦਮ ਆਰਡੀਨੈੱਸਾਂ ਦੇ ਵਿਰੋਧ 'ਚ ਬੋਲਣਾ ਉਸਦੀ ਦਿਖਾਵੇ ਤੇ ਧੋਖੇ ਦੀ ਰਾਜਨੀਤੀ ਕਰਨ ਦਾ ਪੁਖਤਾ ਸਬੂਤ ਹੈ।ਇਥੇ ਜਾਰੀ ਇੱਕ ਪ੍ਰੈੱਸ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਭੰਬਲਭੂਸੇ 'ਚ ਪਾਉਣ ਲਈ ਸ੍:ਬਾਦਲ ਨੇ ਆਰਡੀਨੈੱਸਾਂ ਨੂੰ ਕਿਸਾਨ ਪੱਖੀ ਕਹਿਣ ਦਾ ਦੱਬ ਕੇ ਪ੍ਰਚਾਰ ਕੀਤਾ।ਫਿਰ ਆਪਣੀ ਪਤਨੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਆਰਡੀਨੈੱਸਾਂ ਦੇ ਹੱਕ 'ਚ ਖੂਬ ਪ੍ਰਚਾਰ ਕਰਵਾਇਆ ਪਰ ਕਿਸਾਨਾਂ ਨੇ ਇਨ੍ਹਾਂ ਦੀ ਘਟੀਆ ਪੱਧਰ ਦੀ ਰਾਜਨੀਤਿਕ ਸੋਚ ਨੂੰ ਦੇਖਦਿਆਂ ਭੋਰਾ ਵਿਸਵਾਸ਼ ਨਹੀਂ ਕੀਤਾ।
ਇਹ ਵੀ ਪੜ੍ਹੋ: ਰਾਜਨੀਤਿਕ ਆਗੂਆਂ ਦੀ ਸੋਸ਼ਲ ਮੀਡੀਆ ਮੁਹਿੰਮ, ਜਨਾਨੀਆਂ ਦੀਆਂ ਜਾਅਲੀ ਆਈ.ਡੀ.ਬਣਾ ਕੇ ਸਿਆਸਤ ਚਮਕਾਉਣ 'ਚ ਲੱਗੇ
ਸ੍:ਢੀਂਡਸਾ ਨੇ ਕਿਹਾ ਕਿ ਕਿਸਾਨ ਆਗੂਆਂ ਤੇ ਬੁੱਧੀਜੀਵੀ ਸੱਜਣਾਂ ਦੇ ਦੱਸਣ ਅਨੁਸਾਰ ਸੁਖਬੀਰ ਬਾਦਲ ਨੂੰ ਤੱਥਾਂ ਤੇ ਦਲੀਲਾਂ ਨਾਲ ਬੜਾ ਸਮਝਾਇਆ ਤੇ ਇਹ ਦੱਸਣ ਦੀ ਕੋਸਿਸ਼ ਕੀਤੀ ਕਿ ਆਰਡੀਨੈੱਸ ਖੇਤੀ ਖੇਤਰ ਤੇ ਕਿਸਾਨੀ ਤਬਾਹ ਕਰਨ ਵਾਲੇ ਤਾਂ ਹਨ ਹੀ ਸਗੋਂ ਫੈਡਰਲ ਢਾਂਚੇ ਨੂੰ ਵੱਡਾ ਨੁਕਸਾਨ ਕਰਨ ਵਾਲੇ ਹਨ ਜਿਨ੍ਹਾਂ ਦੀ ਖਾਤਰ ਸ਼੍ਰੋਮਣੀ ਅਕਾਲੀ ਦਲ ਨੇ ਲੰਬੇ ਸੰਘਰਸ਼ ਲੜੇ ਹਨ ਤੁਸੀਂ ਅਕਾਲੀ ਦਲ ਦੀ ਆਤਮਾ ਦਾ ਨੁਕਸਾਨ ਨਾ ਕਰੋ ਪਰ ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਸਲਾਹਾਂ ਨੂੰ ਦਰਕਿਨਾਰ ਕਰਦਿਆਂ ਸਗੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਢਾਲ ਬਣਾ ਕੇ ਕਿਸਾਨਾਂ ਦੇ ਸੰਘਰਸ਼ ਨੂੰ ਖੁੰਢਾ ਕਰਨ ਦੀਆਂ ਜ਼ੋਰਦਾਰ ਕੋਸਿਸ਼ਾਂ ਕੀਤੀਆਂ। ਢੀਂਡਸਾ ਨੇ ਕਿਹਾ ਕਿ ਖੇਤਾਂ ਦੇ ਪੁੱਤ ਅਜਿਹੀ ਹੋਛੀ ਤੇ ਮਤਲਬ ਪ੍ਰਸਤੀ ਦੀ ਰਾਜਨੀਤੀ ਚੰਗੀ ਤਰ੍ਹਾਂ ਸਮਝ ਚੁੱਕੇ ਹਨ।ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ ਕਿਸਾਨਾਂ ਦੇ ਰੋਹ ਭਰੇ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਫਿਰ ਕੇਂਦਰੀ ਖੇਤੀ ਮੰਤਰੀ ਤੋਂ ਇਕ “ਗਿੱਦੜ ਚਿੱਠੀ' ਲਿਆ ਕੇ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਇਹ ਦਾਅਵਾ ਕਰਕੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਕਿਸਾਨ ਹੁਣ ਮਾਲੋਮਾਲ ਹੋ ਜਾਣਗੇ।ਜਦੋਂ ਕਿਸਾਨ ਆਗੂਆਂ ਨੇ ਇਸ ਅਣਜਾਣ ਤੇ ਹੰਕਾਰੀ ਆਗੂ ਨੂੰ ਪੁੱਛਿਆ ਕਿ ਕੋਰਟ ਕਚਹਿਰੀਆਂ 'ਚ ਪਾਸ ਹੋਏ ਕਾਨੂੰਨ ਦਾ ਮੁੱਲ ਪੈਂਦਾ ਹੈ ਇਸ ਚਿੱਠੀ ਦਾ ਨਹੀਂ।ਤਾਂ ਸ੍:ਬਾਦਲ ਕੋਲ ਕੋਈ ਜਵਾਬ ਨਹੀਂ ਸੀ।ਹੁਣ ਹਾਲਾਤ ਇਹ ਬਣ ਚੁੱਕੇ ਹਨ ਕਿ ਸੁਖਬੀਰ ਬਾਦਲ ਦਾ ਲੈਕਚਰ ਬਿਨਾਂ ਵਜ੍ਹਾ ਕੋਈ ਕਿਸਾਨ ਤਾਂ ਕੀ ਉਸਦੇ ਵਰਕਰ ਵੀ ਸੁਣਨ ਦੀ ਲੋੜ ਮਹਿਸੂਸ ਨਹੀਂ ਕਰਦੇ।
ਇਹ ਵੀ ਪੜ੍ਹੋ: ਸ਼ਰਮਨਾਕ: 6 ਸਾਲਾ ਬਾਲੜੀ ਦੇ ਜਬਰੀ ਕੱਪੜੇ ਉਤਾਰ ਰਿਹਾ ਸੀ ਵਿਅਕਤੀ, ਵੇਖ ਮਾਂ ਦੇ ਉੱਡੇ ਹੋਸ਼
ਢੀਂਡਸਾ ਨੇ ਕਿਹਾ ਸੁਖਬੀਰ ਬਾਦਲ ਨੇ ਪਹਿਲਾਂ ਗਲਤ ਤੇ ਮਨਘੜਤ ਸਟੋਰੀਆਂ ਸਿਰਜ ਕੇ ਕਿਸਾਨਾਂ ਦੇ ਹੱਕਾਂ ਲਈ ਜਾਨ ਹੀਲਕੇ ਲੜੇ ਜਾ ਰਹੇ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਕੋਸਿਸ਼ਾਂ ਕੀਤੀਆਂ।ਪਰ ਕਿਸਾਨਾਂ ਦੀ ਸੁਚੱਜੀ ਅਗਵਾਈ ਕਰਨ ਵਾਲੇ ਆਗੂਆਂ ਨੇ ਸਖਬੀਰ ਬਾਦਲ ਦੇ ਕਿਸਾਨਾਂ ਨੂੰ ਆਪਸ ਪਾੜਣ ਵਾਲੇ ਨਾਪਾਕ ਮਨਸੂਬਿਆਂ ਨੂੰ ਅਸਫਲ ਕਰਕੇ ਰੱਖ ਦਿੱਤਾ।ਲੜੋ ਤੇ ਮਰੋ ਦੇ ਜਜ਼ਬੇ ਨਾਲ ਲੜਾਈ ਲੜ ਰਹੇ ਕਿਸਾਨਾਂ ਦੇ ਰੋਹ ਅੱਗੇ ਬੇਬੱਸ ਹੋਏ ਤੇ ਉਸਦੀ ਪਾਰਟੀ ਦੇ ਕੁਝ ਸਿਆਣੇ ਆਗੂਆਂ ਦੇ ਦਬਾਅ ਹੇਠ ਆ ਕੇ ਸਿਆਸੀ ਨੈਤਿਕਤਾ ਗੁਆ ਚੁੱਕੇ ਸਖਬੀਰ ਬਾਦਲ ਨੇ ਆਖਰ ਪੈਂਤੜਾ ਬਦਲ ਲਿਆ।ਢੀਂਡਸਾ ਨੇ ਕਿਹਾ ਕਿ ਸੰਵਿਧਾਨਕ ਨਿਯਮਾਂ ਮੁਤਾਬਕ ਹਰ ਮੰਤਰੀ ਸਰਕਾਰ ਦੇ ਹਰ ਫੈਸਲੇ ਲਈ ਜਿੰਮੇਵਾਰ ਹੁੰਦਾ ਹੈ।ਇਹੋ ਕਾਰਨ ਹੈ ਕਿ ਬੀਬੀ ਬਾਦਲ ਮੌਕੇ 'ਤੇ ਗੈਰਹਾਜ਼ਰ ਰਹੀ।ਇਸਤਰੀ ਅਕਾਲੀ ਦਲ ਇਕ ਵੋਟ ਹੱਕ ਵਿੱਚ ਤੇ ਦੂਸਰੀ ਵਿਰੋਧ ਵਿੱਚ ਮੰਨੀ ਗਈ ਹੈ। ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਸਟੈਂਡ ਨੂੰ ਸਭ ਤੋਂ ਪਹਿਲਾਂ ਸਪੱਸ਼ਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੇਤੀ ਖਿਲਾਫ਼ ਕਾਲੇ ਕਾਨੂੰਨਾਂ ਵਿਰੁੱਧ ਰੋਹ ਭਰਿਆ ਪੱਤਰ ਲਿਖਕੇ ਤਿੰਨੋਂ ਆਰਡੀਨੈੱਸ ਵਾਪਸ ਲੈਣ ਦੀ ਪਹਿਲ ਕਦਮੀ ਕੀਤੀ।ਢੀਂਡਸਾ ਦੀ ਇਸ ਪਹਿਲਕਦਮੀ ਸਦਕਾ ਆਰਡੀਨੈੱਸਾਂ ਦੇ ਖਿਲਾਫ ਪੂਰੇ ਦੇਸ਼ ਅੰਦਰ ਸਿਆਸੀ ਮਹੌਲ ਬਣਿਆ ਤੇ ਕਿਸਾਨਾਂ ਨੂੰ ਵੱਡਾ ਹੌਂਸਲਾ ਮਿਲਿਆ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਨੇ ਕਿਸਾਨਾਂ ਦੇ ਹਰ ਸੰਘਰਸ਼ ਦਾ ਡੱਟਕੇ ਸਾਥ ਦਿੱਤਾ ਹੈ ਤੇ ਕਿਸਾਨਾਂ ਦੇ ਸੰਘਰਸ਼ ਨੂੰ ਆਖਰੀ ਮੁਕਾਮ ਤਕ ਲਿਜਾਣ ਲਈ ਡੱਟਕੇ ਕਿਸਾਨਾਂ ਦੇ ਨਾਲ ਖੜਾਂਗੇ।
ਇਹ ਵੀ ਪੜ੍ਹੋ: ਰਾਧਾ ਸੁਆਮੀ ਡੇਰਾ ਬਿਆਸ ਲਈ ਪੰਜਾਬ ਮੰਤਰੀ ਮੰਡਲ ਦਾ ਵੱਡਾ ਫ਼ੈਸਲਾ