ਪੰਜਾਬ ''ਚ ਜਲਦ ਹੋਵੇਗੀ ਤੀਜੇ ਬਦਲ ਦੀ ਸਥਾਪਨਾ : ਪਰਮਿੰਦਰ ਢੀਂਡਸਾ

02/13/2020 10:31:39 AM

ਸੰਗਰੂਰ (ਸਿੰਗਲਾ) : ''ਦਿੱਲੀ ਦੇ ਵੋਟਰਾਂ ਨੇ ਕੰਮਾਂ ਦਾ ਮੁੱਲ ਮੋੜਦੇ ਹੋਏ 'ਆਪ' ਸਰਕਾਰ ਦੀ ਚੋਣ ਕਰ ਕੇ ਸਾਬਤ ਕਰ ਦਿੱਤਾ ਹੈ ਕਿ ਦਿੱਲੀ ਦਾ ਵੋਟਰ ਕੇਂਦਰ 'ਚ ਭਾਜਪਾ ਦੀ ਸਰਕਾਰ ਅਤੇ ਸੂਬਿਆਂ ਵਿਚ ਸੂਬੇ ਦੇ ਲੋਕਾਂ ਲਈ ਕੰਮ ਕਰਨ ਵਾਲੀ ਪਾਰਟੀ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ ਅਤੇ ਆਉਣ ਵਾਲੇ ਸਮੇਂ 'ਚ ਪੰਜਾਬ ਅੰਦਰ ਤੀਜਾ ਬਦਲ ਆਵੇਗਾ ਕਿਉਂਕਿ ਪੜ੍ਹੇ-ਲਿਖੇ ਨੌਜਵਾਨ ਵਰਗ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ, ਦਿਨੋ-ਦਿਨ ਬੇਰੋਜ਼ਗਾਰੀ ਅਮਰਬੇਲ ਵਾਂਗ ਵਧ ਰਹੀ ਹੈ, ਆਮ ਲੋਕਾਂ ਦਾ ਮਹਿੰਗਾਈ ਨੇ ਲੱਕ ਤੋੜ ਦਿੱਤਾ ਹੈ ਅਤੇ ਲੋੜਵੰਦਾਂ ਨੂੰ ਕੋਈ ਵੀ ਸਹੂਲਤਾਂ ਨਹੀਂ ਮਿਲ ਰਹੀਆਂ।'' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਵਿੱਤ ਮੰਤਰੀ ਪੰਜਾਬ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲੋਕ ਕੰਮ ਕਰਨ ਵਾਲੀ ਧਿਰ ਦੇ ਸਾਫ-ਸੁਥਰੀ ਦਿੱਖ ਵਾਲੇ ਆਗੂਆਂ ਨੂੰ ਅੱਗੇ ਲਿਆ ਕੇ ਪੰਜਾਬ ਦਾ ਵਿਕਾਸ ਚਾਹੁੰਦੇ ਹਨ ਤਾਂ ਜੋ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ। ਸਾਡੀ ਹਮਖਿਆਲੀ ਧਿਰਾਂ ਨਾਲ ਪੂਰੇ ਪੰਜਾਬ ਅੰਦਰ ਗੱਲਬਾਤ ਚੱਲ ਰਹੀ ਹੈ ਜਲਦ ਪੰਜਾਬ 'ਚ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰਨ ਵਾਲੇ ਆਗੂਆਂ ਨਾਲ ਮਿਲ ਕੇ ਤੀਜੇ ਬਦਲ ਨੂੰ ਸਥਾਪਤ ਕੀਤਾ ਜਾਵੇਗਾ।

ਉਨ੍ਹਾਂ 23 ਫਰਵਰੀ ਨੂੰ ਸੰਗਰੂਰ ਅਨਾਜ ਮੰਡੀ ਵਿਚ ਰੱਖੀ ਰੈਲੀ ਸਬੰਧੀ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਰੈਲੀ ਦਾ ਇਕੱਠ ਸਾਰੇ ਰਿਕਾਰਡ ਤੋੜ ਕੇ ਰੱਖ ਦੇਵੇਗਾ ਅਤੇ ਬਾਦਲਾਂ ਨੂੰ ਲੋਕ ਦੱਸ ਦੇਣਗੇ ਕਿ ਉਹ ਕਿਸ ਨਾਲ ਖੜ੍ਹੇ ਹਨ। ਸ਼੍ਰੀ ਢੀਂਡਸਾ ਨੇ ਸਪੱਸ਼ਟ ਕਰਦੇ ਹੋਏ ਦੱਸਿਆ ਕਿ ਸੰਗਰੂਰ ਦੀ ਰੈਲੀ ਸਿਰਫ ਜ਼ਿਲਾ ਪੱਧਰ ਦੇ ਆਗੂਆਂ ਅਤੇ ਵਰਕਰਾਂ ਦੀ ਰੈਲੀ ਹੋਵੇਗੀ ਅਤੇ ਯੂਥ ਵਿੰਗ ਇਸ ਰੈਲੀ 'ਚ ਵੱਡੀ ਗਿਣਤੀ 'ਚ ਸ਼ਮੂਲੀਅਤ ਕਰੇਗਾ। ਇਸ ਸਮੇਂ ਰਜਿੰਦਰ ਸਿੰਘ ਕਾਂਝਲਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਥੇਦਾਰ ਪ੍ਰਿਤਪਾਲ ਸਿੰਘ ਹਾਂਡਾ, ਸਤਗੁਰ ਸਿੰਘ ਨਮੋਲ ਸਾਬਕਾ ਚੇਅਰਮੈਨ ਜ਼ਿਲਾ ਪ੍ਰੀਸ਼ਦ ਆਦਿ ਹਾਜ਼ਰ ਸਨ।


cherry

Content Editor

Related News