ਸੰਗਤਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਲਈ ਕੀਤੀ ਅਰਦਾਸ
Sunday, Aug 22, 2021 - 06:01 PM (IST)
ਡੇਰਾ ਬਾਬਾ ਨਾਨਕ (ਵਤਨ) : ਅੱਜ ਭਾਰਤ ਪਾਕਿ ਕੌਮਾਂਤਰੀ ਸਰਹੱਦ ’ਤੇ ਬਣੇ ਆਰਜੀ ਕਰਤਾਰਪੁਰ ਦਰਸ਼ਨ ਸਥੱਲ ’ਤੇ ਕਰਤਾਰਪੁਰ ਕੋਰੀਡੋਰ ਕਾਰਪੋਰੇਸ਼ਨ ਵਲੋਂ ਕੋਰੋਨਾ ਬਿਮਾਰੀ ਕਾਰਨ ਸਰਕਾਰ ਵਲੋਂ ਬੰਦ ਕੀਤੇ ਗਏ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੀ ਮੰਗ ਨੂੰ ਲੈ ਕੇ ਮੁੱਖ ਸੇਵਾਦਾਰ ਜਥੇ. ਰਘਬੀਰ ਸਿੰਘ ਅਗਵਾਈ ਹੇਠ ਸੰਗਤਾਂ ਵਲੋਂ ਅਰਦਾਸ ਕੀਤੀ ਗਈ। ਕਰਤਾਰਪੁਰ ਕੌਰੀਡੋਰ ਖੋਲ੍ਹਣ ਦੀ ਅਰਦਾਸ ਤੋਂ ਬਾਅਦ ਸਰਹੱਦ ’ਤੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਸੇਵਾਦਾਰ ਜਥੇ. ਰਘਬੀਰ ਸਿੰਘ ਨੇ ਕਿਹਾ ਕਿ ਕੋਰੋਨਾ ਕਾਰਨ ਬੰਦ ਕੀਤੇ ਗਏ ਸਾਰੇ ਧਾਰਮਿਕ ਸਥਾਨ ਖੋਲ੍ਹ ਦਿੱਤੇ ਗਏ ਹਨ, ਇਥੋਂ ਤੱਕ ਛੋਟੇ ਬੱਚਿਆਂ ਦੇ ਪ੍ਰਾਇਮਰੀ ਸਕੂਲ ਵੀ ਖੁੱਲ੍ਹ ਚੁੱਕੇ ਹਨ ਪਰ ਬਾਬੇ ਨਾਨਕ ਦਾ ਦਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਅਜੇ ਤੱਕ ਬੰਦ ਹੈ ਅਤੇ ਸੰਗਤਾਂ ਆਪਣੇ ਗੁਰਧਾਮ ਦੇ ਦਰਸ਼ਨ ਕਰਨ ਨੂੰ ਤਰਸ ਰਹੀਆਂ ਹਨ।
ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰਦਿਆਂ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁਲਵਾਏ ਤਾਂ ਜੋ ਸੰਗਤਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰ ਸਕਣ। ਜਥੇ. ਰਘਬੀਰ ਸਿੰਘ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰਦਿਆਂ ਕਰਤਾਰਪੁਰ ਕੌਰੀਡੋਰ ਦਾ ਨਿਰਮਾਣ ਕਰਵਾਇਆ ਸੀ, ਉਸੇ ਤਰ੍ਹਾਂ ਹੁਣ ਬੰਦ ਪਏ ਕੋਰੀਡੋਰ ਖੁਲ੍ਹਵਾਇਆ ਜਾਵੇ। ਇਸ ਮੌਕੇ ਡਾ. ਬਲਬੀਰ ਸਿੰਘ ਢੀਂਗਰਾ ਜਨਰਲ ਸਕੱਤਰ, ਜਨਕ ਰਾਜ ਸਿੰਘ, ਮੀਤ ਪ੍ਰਧਾਨ, ਕਰਤਾਰ ਸਿੰਘ ਸਾਬਕਾ ਡੀ. ਐੱਸ. ਪੀ, ਸੁਲੱਖਣ ਸਿੰਘ ਸੰਗਤਪੁਰਾ, ਰਜਿੰਦਰ ਸਿੰਘ ਪੰਡੋਰੀ ਵੜੈਂਚ, ਸੁਖਜਿੰਦਰ ਸਿੰਘ ਲਾਲੀ ਅਲਾਵਲਪੁਰ, ਗੁਰਮੇਜ ਸਿੰਘ ਉਬੋਕੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।