ਨਾਭਾ ਦੀ ਸੰਦੀਪ ਕੌਰ ਵੋਕੇਸ਼ਨਲ ਸਟਰੀਮ 'ਚ ਪੰਜਾਬ ਭਰ 'ਚੋਂ ਅੱਵਲ
Tuesday, May 08, 2018 - 12:43 AM (IST)
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਕੀਤੀ 12ਵੀਂ ਫਾਈਨਲ ਲਿਸਟ
ਪਟਿਆਲਾ(ਪ੍ਰਤਿਭਾ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ 12ਵੀਂ ਦੀ ਫਾਈਨਲ ਮੈਰਿਟ ਲਿਸਟ ਦੀ ਵੋਕੇਸ਼ਨਲ ਸਟਰੀਮ ਵਿਚ ਸਰਕਾਰੀ ਸੈਕੰਡਰੀ ਸਕੂਲ ਨਾਭਾ ਦੀ ਸੰਦੀਪ ਕੌਰ ਨੇ ਸੂਬੇ ਭਰ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਕ ਵਾਰ ਫਿਰ ਤੋਂ ਲੜਕੀਆਂ ਨੇ ਮੈਰਿਟ ਵਿਚ ਆਪਣਾ ਝੰਡਾ ਲਹਿਰਾ ਦਿੱਤਾ ਹੈ। ਪਟਿਆਲਾ ਦੇ 39 ਬੱਚਿਆਂ ਨੇ ਮੈਰਿਟ ਲਿਸਟ ਵਿਚ ਆਪਣੀ ਥਾਂ ਬਣਾਈ ਹੈ। ਇਸ ਵਿਚ 34 ਨਾਂ ਲੜਕੀਆਂ ਦੇ ਹਨ। 5 ਲੜਕੇ ਹਨ, ਜੋ ਕਿ ਮੈਰਿਟ ਵਿਚ ਆਏ ਹਨ। 6 ਸਰਕਾਰੀ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀ ਮੈਰਿਟ ਵਿਚ ਰਹੇ ਹਨ। ਮੈਰਿਟ ਵਿਚ ਆਉਣ 'ਤੇ ਇਨ੍ਹਾਂ ਸਮੁੱਚੇ ਬੱਚਿਆਂ ਨੇ ਪਹਿਲਾਂ ਹੀ ਖੁਸ਼ੀ ਮਨਾ ਲਈ ਹੈ ਕਿਉਂਕਿ ਜ਼ਿਲੇ ਦੀ ਮੈਰਿਟ ਲਿਸਟ ਵਿਚ ਇਨ੍ਹਾਂ ਦਾ ਨਾਂ ਸ਼ਾਮਲ ਰਿਹਾ ਹੈ। ਹੁਣ ਪੰਜਾਬ ਦੀ ਫਾਈਨਲ ਮੈਰਿਟ ਲਿਸਟ ਵਿਚ ਨਾਂ ਕਨਫਰਮ ਹੋਣ ਤੋਂ ਬਾਅਦ ਵਿਦਿਆਰਥੀਆਂ ਵਿਚ ਕਾਫੀ ਖੁਸ਼ੀ ਦਾ ਮਾਹੌਲ ਹੈ। ਸਕੂਲ ਦੇ ਵਿਦਿਆਰਥੀ ਟਾਪ-10 ਵਿਚ ਰਹੇ ਹਨ। ਪਲੇਵੇਜ਼ ਸਕੂਲ ਦੇ ਬੱਚਿਆਂ ਜਿਸ ਵਿਚ ਸੁਨਿਧੀ ਚੋਪੜਾ, ਪ੍ਰਦੀਪ ਕੌਰ, ਹਰਮਨਦੀਪ ਸਿੰਘ, ਅਭਿਸ਼ੇਕ ਕੁਮਾਰ, ਚਨੀਸ਼ਾ ਅਤੇ ਰਜਨੀ ਵਰਮਾ ਨੇ ਇਕ ਵਾਰ ਫਿਰ ਤੋਂ ਸਕੂਲ ਪਹੁੰਚ ਕੇ ਢੋਲ ਦੀ ਥਾਪ 'ਤੇ ਖੁਸ਼ੀ ਮਨਾਈ। ਵੋਕੇਸ਼ਨਲ ਟਾਪਰ ਸੰਦੀਪ ਕੌਰ ਨੇ ਵੀ ਸੂਬੇ ਵਿਚ ਪਹਿਲਾ ਅਤੇ ਮੈਰਿਟ ਲਿਸਟ ਵਿਚ 17ਵੇਂ ਸਥਾਨ 'ਤੇ ਰਹਿਣ ਦੀ ਖੁਸ਼ੀ ਪ੍ਰਗਟਾਈ ਹੈ। ਸਰਕਾਰੀ ਸਕੂਲ ਦੀ ਸੰਦੀਪ ਨੇ ਕਿਹਾ ਕਿ ਉਸ ਨੂੰ ਮਾਪਿਆਂ ਤੋਂ ਹਮੇਸ਼ਾ ਉਤਸ਼ਾਹ ਮਿਲਿਆ ਹੈ। ਇਸੇ ਕਾਰਨ ਉਹ ਲਿਸਟ ਵਿਚ ਸ਼ਾਮਲ ਹੋਈ ਹੈ। ਅੱਗੇ ਵੀ ਉਹ ਉੱਚ ਸਿੱਖਿਆ ਵਿਚ ਅੱਵਲ ਰਹਿਣਾ ਚਾਹੁੰਦੀ ਹੈ। ਉਹ ਸਿਵਲ ਸਰਵਿਸਿਜ਼ ਵਿਚ ਜਾਣਾ ਚਾਹੁੰਦੀ ਹੈ ਤਾਂ ਕਿ ਲੋਕਾਂ ਦੀ ਸੇਵਾ ਕਰ ਸਕੇ ਅਤੇ ਆਪਣੇ ਮਾਪਿਆਂ ਦਾ ਨਾਂ ਉੱਚਾ ਕਰੇ।
