ਸੰਦੀਪ ਬਹਿਲ ਕੁੱਕੀ ਬਣੇ ਜਿਮਖਾਨਾ ਕਲੱਬ ਦੇ ਸੈਕਟਰੀ, ਸਿੱਕਾ ਨੂੰ ਹਰਾਇਆ, ਕੁਕਰੇਜਾ ਫਿਰ ਵਾਈਸ ਪ੍ਰੈਜ਼ੀਡੈਂਟ ਬਣੇ
Monday, Mar 11, 2024 - 12:48 PM (IST)
ਜਲੰਧਰ (ਖੁਰਾਣਾ)-ਜਲੰਧਰ ਜਿਮਖਾਨਾ ਕਲੱਬ ਦੀਆਂ ਐਤਵਾਰ ਹੋਈਆਂ ਚੋਣਾਂ ਵਿਚ ਸੰਦੀਪ ਬਹਿਲ ਕੁੱਕੀ ਨੂੰ ਨਵਾਂ ਆਨਰੇਰੀ ਸੈਕਟਰੀ ਚੁਣ ਲਿਆ ਗਿਆ, ਜਦਕਿ ਅਮਿਤ ਕੁਕਰੇਜਾ ਵਾਈਸ ਪ੍ਰੈਜ਼ੀਡੈਂਟ ਚੁਣੇ ਗਏ। ਅਨੂ ਮਾਟਾ ਨੂੰ ਜੁਆਇੰਟ ਸੈਕਟਰੀ ਚੁਣੇ ਗਏ ਹਨ ਅਤੇ ਸੌਰਭ ਖੁੱਲਰ ਨੇ ਖਜ਼ਾਨਚੀ ਅਹੁਦੇ ’ਤੇ ਜਿੱਤ ਪ੍ਰਾਪਤ ਕੀਤੀ ਹੈ। ਇਸ ਤਰ੍ਹਾਂ ਕਲੱਬ ਚੋਣਾਂ ਵਿਚ ਪ੍ਰੋਗਰੈਸਿਵ ਗਰੁੱਪ ਨੇ ਦੋ ਅਹਿਮ ਅਹੁਦਿਆਂ ’ਤੇ ਜਿੱਤ ਪ੍ਰਾਪਤ ਕਰਕੇ ਸਫ਼ਲਤਾ ਹਾਸਲ ਕੀਤੀ ਹੈ, ਜਦਕਿ ਅਚੀਵਰਸ ਗਰੁੱਪ ਨੂੰ ਵੀ ਦੋ ਅਹੁਦੇ ਹਾਸਲ ਹੋਏ ਹਨ। ਇਨ੍ਹਾਂ ਚੋਣਾਂ ਵਿਚ ਸੈਕਟਰੀ ਅਹੁਦੇ ਦੇ ਉਮੀਦਵਾਰ ਕੁੱਕੀ ਬਹਿਲ ਨੇ ਤਰੁਣ ਸਿੱਕਾ ਨੂੰ 280 ਵੋਟਾਂ ਦੇ ਅੰਤਰ ਨਾਲ ਹਰਾਇਆ। ਜੂਨੀਅਰ ਵਾਈਸ ਪ੍ਰੈਜ਼ੀਡੈਂਟ ਅਹੁਦੇ ’ਤੇ ਕਾਬਜ਼ ਅਮਿਤ ਕੁਕਰੇਜਾ ਨੇ ਰਾਜੂ ਵਿਰਕ ਨੂੰ 400 ਵੋਟਾਂ ਦੇ ਅੰਤਰ ਨਾਲ ਹਰਾ ਦਿੱਤਾ। ਅਨੂ ਮਾਟਾ ਨੂੰ ਵੀ ਵੱਡੀ ਜਿੱਤ ਨਸੀਬ ਹੋਈ ਅਤੇ ਉਨ੍ਹਾਂ ਆਪਣੇ ਵਿਰੋਧੀ ਸੁਮਿਤ ਸ਼ਰਮਾ ਨੂੰ 350 ਵੋਟਾਂ ਦੇ ਅੰਤਰ ਨਾਲ ਹਰਾ ਦਿੱਤਾ। ਸੌਰਭ ਖੁੱਲਰ ਨੇ ਮੇਜਰ ਕੋਛੜ ਨੂੰ ਸਿਰਫ਼ 130 ਵੋਟਾਂ ਦੇ ਅੰਤਰ ਨਾਲ ਹਰਾਇਆ।
ਕੁੱਕੀ ਬਹਿਲ : 1890 ਵੋਟਾਂ
ਤਰੁਣ ਸਿੱਕਾ : 1331 ਵੋਟਾਂ
ਅੰਤਰ : 259 ਵੋਟਾਂ
ਅਮਿਤ ਕੁਕਰੇਜਾ : 1815 ਵੋਟਾਂ
ਰਾਜੂ ਵਿਰਕ : 1097 ਵੋਟਾਂ
ਅੰਤਰ : 718 ਵੋਟਾਂ
ਅਨੂ ਮਾਟਾ : 1638 ਵੋਟਾਂ
ਸੁਮਿਤ ਸ਼ਰਮਾ : 1275 ਵੋਟਾਂ
ਅੰਤਰ : 363 ਵੋਟਾਂ
ਸੌਰਭ ਖੁੱਲਰ : 1524 ਵੋਟਾਂ
ਮੇਜਰ ਕੋਛੜ : 1389 ਵੋਟਾਂ
ਅੰਤਰ: 135 ਵੋਟਾਂ
ਅਮਿਤ ਕੁਕਰੇਜਾ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਸਮਰਥਕਾਂ ਨਾਲ।
ਇਹ ਵੀ ਪੜ੍ਹੋ: PM ਨਰਿੰਦਰ ਮੋਦੀ ਦੀ ਦੋਆਬਾ ਵਾਸੀਆਂ ਨੂੰ ਸੌਗਾਤ, ਆਦਮਪੁਰ ਹਵਾਈ ਅੱਡੇ ਦਾ ਕੀਤਾ ਉਦਘਾਟਨ
ਪ੍ਰਸ਼ਾਸਨ ਦੇ ਇੰਤਜ਼ਾਮ ਵਧੀਆ ਰਹੇ ਪਰ ਬੂਥਾਂ ’ਤੇ ਭੀੜ ਲੱਗੀ ਰਹੀ
ਕਲੱਬ ਚੋਣਾਂ ਲਈ ਅਮਰਜੀਤ ਬੈਂਸ ਨੂੰ ਰਿਟਰਨਿੰਗ ਅਫ਼ਸਰ ਅਤੇ ਪੁਨੀਤ ਸ਼ਰਮਾ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਲਾਇਆ ਗਿਆ ਸੀ। ਦੋਵਾਂ ਅਧਿਕਾਰੀਆਂ ਨੇ ਬਿਹਤਰ ਿੲੰਤਜ਼ਾਮ ਕੀਤੇ ਗਏ ਸਨ, ਜਿਸ ਕਾਰਨ ਸਮੁੱਚੀ ਪ੍ਰਕਿਰਿਆ ਸ਼ਾਂਤੀਪੂਰਵਕ ਸਿਰੇ ਚੜ੍ਹ ਗਈ। ਕਿਤੇ ਕੋਈ ਮੰਦਭਾਗੀ ਘਟਨਾ ਨਹੀਂ ਵਾਪਰੀ। ਦੁਪਹਿਰੇ ਪੋਲਿੰਗ ਬੂਥਾਂ ’ਤੇ ਲਾਈਨਾਂ ਲੱਗੀਆਂ ਵੇਖੀਆਂ ਗਈਆਂ, ਜਿਸ ਕਾਰਨ ਵੋਟਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸਵੇਰੇ ਵੋਟਿੰਗ ਦਾ ਕੰਮ ਸ਼ਾਂਤੀਪੂਰਵਕ ਸਿਰੇ ਚੜ੍ਹਿਆ। ਵੋਟਰਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਇੰਤਜ਼ਾਮ ਇੰਨੇ ਸਖ਼ਤ ਸਨ ਕਿ ਵੋਟਰ ਤੋਂ ਇਲਾਵਾ ਕਿਸੇ ਹੋਰ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਸਿਰਫ਼ ਉਮੀਦਵਾਰਾਂ ਅਤੇ ਉਨ੍ਹਾਂ ਦੇ ਪੋਲਿੰਗ ਏਜੰਟਾਂ ਨੂੰ ਹੀ ਕੰਪਲੈਕਸ ਦੇ ਅੰਦਰ ਜਾਣ ਦਿੱਤਾ ਗਿਆ। ਇਸ ਵਾਰ ਕੁੱਲ ਵੋਟਰਾਂ ਦੀ ਗਿਣਤੀ 4095 ਸੀ, ਜਦਕਿ ਕੁੱਲ 2935 ਵੋਟਰਾਂ ਨੇ ਵੋਟਾਂ ਪਾਈਆਂ।
ਅਨੂ ਮਾਟਾ ਜਿੱਤਣ ਤੋਂ ਬਾਅਦ ਖੁਸ਼ੀ ਭਰੇ ਅੰਦਾਜ਼ ਵਿਚ।
ਪ੍ਰੋਗਰੈਸਿਵ ਗਰੁੱਪ ਦੇ ਸਮਰਥਕ ਦੇਰ ਰਾਤ ਤਕ ਮਨਾਉਂਦੇ ਰਹੇ ਜਸ਼ਨ
ਇਸ ਵਾਰ ਜਿਮਖਾਨਾ ਕਲੱਬ ਦੀਆਂ ਚੋਣਾਂ ਵਿਚ ਪ੍ਰੋਗਰੈਸਿਵ ਅਤੇ ਅਚੀਵਰਸ ਵਿਚਕਾਰ ਸਖ਼ਤ ਮੁਕਾਬਲਾ ਰਿਹਾ ਪਰ ਪ੍ਰੋਗਰੈਸਿਵ ਨੇ ਸੈਕਟਰੀ ਦੀ ਪੋਸਟ ਜਿੱਤ ਕੇ ਜਿਮਖਾਨਾ ਕਲੱਬ ’ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ। ਪ੍ਰੋਗਰੈਸਿਵ ਦੀ ਅਨੂ ਮਾਟਾ ਨੂੰ ਵੀ ਭਾਰੀ ਜਿੱਤ ਨਸੀਬ ਹੋਈ। ਪ੍ਰੋਗਰੈਸਿਵ ਗਰੁੱਪ ਦੀ ਜਿੱਤ ਤੋਂ ਬਾਅਦ ਗਰੁੱਪ ਦੇ ਸਮਰਥਕਾਂ ਨੇ ਦੇਰ ਰਾਤ ਤੱਕ ਜਸ਼ਨ ਮਨਾਏ ਅਤੇ ਢੋਲ ਦੀ ਥਾਪ ’ਤੇ ਗਰੁੱਪ ਦੇ ਸਮਰਥਕ ਦੇਰ ਰਾਤ ਤਕ ਨੱਚਦੇ ਰਹੇ। ਪ੍ਰੋਗਰੈਸਿਵ ਗਰੁੱਪ ਦੀ ਕੋਰ ਕਮੇਟੀ ਦੇ ਮੈਂਬਰਾਂ ਪੱਪੂ ਖੋਸਲਾ, ਨਰੇਸ਼ ਤਿਵਾਰੀ, ਕਮਲ ਸ਼ਰਮਾ ਕੋਕੀ, ਵਿੱਕੀ ਪੁਰੀ, ਧੀਰਜ ਸੇਠ, ਰਾਕੇਸ਼ ਨੰਦਾ, ਜਸਵੀਰ ਸਿੰਘ ਬਿੱਟੂ, ਰਿਸ਼ੂ ਝਾਂਜੀ, ਪੱਪੀ ਅਰੋੜਾ, ਸਤੀਸ਼ ਠਾਕੁਰ ਗੋਰਾ, ਅਮਰੀਕ ਸਿੰਘ ਘਈ, ਐਡਵੋਕੇਟ ਦਲਜੀਤ ਸਿੰਘ ਛਾਬੜਾ, ਗੁਰਸ਼ਰਨ ਸਿੰਘ ਆਦਿ ਨੇ ਇਸ ਜਿੱਤ ’ਤੇ ਗਰੁੱਪ ਦੇ ਸਾਰੇ ਸ਼ੁੱਭਚਿੰਤਕਾਂ ਅਤੇ ਸਮਰਥਕਾਂ ਨੂੰ ਵਧਾਈ ਦਿੱਤੀ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਪਿਆ ਦਿਲ ਦਾ ਦੌਰਾ
ਦੋਵਾਂ ਨਵੀਆਂ ਮਹਿਲਾ ਉਮੀਦਵਾਰਾਂ ਦੀ ਜਿੱਤ ਨੇ ਬਦਲ ਦਿੱਤੇ ਸਮੀਕਰਨ
ਇਸ ਵਾਰ ਜਿਮਖਾਨਾ ਕਲੱਬ ਦੀਆਂ ਚੋਣਾਂ ਦੀ ਖਾਸ ਗੱਲ ਇਹ ਸੀ ਕਿ ਅਚੀਵਰਸ ਗਰੁੱਪ ਨੇ ਦੋ ਨਵੀਆਂ ਮਹਿਲਾ ਉਮੀਦਵਾਰਾਂ ਨੂੰ ਐਗਜ਼ੀਕਿਊਟਿਵ ਅਹੁਦੇ ਲਈ ਚੋਣ ਲੜਵਾਈ ਅਤੇ ਦੋਵਾਂ ਨੇ ਹੀ ਜਿੱਤ ਪ੍ਰਾਪਤ ਕਰ ਕੇ ਸਾਰੇ ਸਮੀਕਰਨ ਬਦਲ ਦਿੱਤੇ। ਇਨ੍ਹਾਂ ਉਮੀਦਵਾਰਾਂ ਵਿਚੋਂ ਇਕ ਸ਼ਾਲਿਨੀ ਕਾਲੜਾ ਅਤੇ ਦੂਜੀ ਵਿੰਨੀ ਸ਼ਰਮਾ ਧਵਨ ਸੀ। ਸ਼ਾਲਿਨੀ ਨੇ ਐਗਜ਼ੀਕਿਊਟਿਵ ਵਿਚ 5ਵਾਂ ਅਤੇ ਵਿੰਨੀ ਨੇ 9ਵਾਂ ਸਥਾਨ ਪ੍ਰਾਪਤ ਕੀਤਾ ਅਤੇ ਦੋਵਾਂ ਨੂੰ ਹੀ 1-1 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ। ਕਲੱਬ ਦੀ ਨਵੀਂ ਐਗਜ਼ੀਕਿਊਟਿਵ ਸ਼ਾਲਿਨੀ ਕਾਲੜਾ ਫਗਵਾੜਾ ਗੇਟ ਦੇ ਕਾਰੋਬਾਰੀ ਅਸੀਮ ਕਾਲੜਾ ਦੀ ਧਰਮਪਤਨੀ ਹਨ, ਜਦੋਂ ਕਿ ਵਿੰਨੀ ਸ਼ਰਮਾ ਧਵਨ ਦੇ ਪਿਤਾ ਵਿਨੋਦ ਸ਼ਰਮਾ (ਬਪੋਰੀਆ ਸਪੋਰਟਸ) ਜਿਮਖਾਨਾ ਕਲੱਬ ਵਿਚ ਕਾਫੀ ਐਕਟਿਵ ਰਿਹਾ ਕਰਦੇ ਸਨ। ਦੋਵਾਂ ਦੀ ਜਿੱਤ ਦੇ ਕਾਰਨ ਮੋਨੂੰ ਪੁਰੀ, ਸੁਮਿਤ ਰਲਹਨ, ਐਡਵੋਕੇਟ ਗੁਨਦੀਪ ਸਿੰਘ ਸੋਢੀ ਅਤੇ ਐੱਮ. ਬੀ. ਬਾਲੀ ਵਰਗੇ ਕੱਦਾਵਰ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਐਗਜ਼ੀਕਿਊਟਿਵ ’ਚ ਜਗ੍ਹਾ ਬਣਾਉਣ ’ਚ ਕਾਮਯਾਬ ਹੋਏ ਜਗਜੀਤ ਕੰਬੋਜ
4 ਸਾਲ ਪਹਿਲਾਂ ਜਿਮਖਾਨਾ ਕਲੱਬ ਦੀਆਂ ਚੋਣਾਂ ਵਿਚ ਜਗਜੀਤ ਕੰਬੋਜ ਨੇ ਐਗਜ਼ੀਕਿਊਟਿਵ ਉਮੀਦਵਾਰ ਵਜੋਂ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਉਨ੍ਹਾਂ ਨੂੰ ਗੋਰਾ ਗਰੁੱਪ ਦਾ ਸਮਰਥਨ ਪ੍ਰਾਪਤ ਸੀ। ਅਗਲੇ ਦੋ ਸਾਲਾਂ ਬਾਅਦ ਹੋਈਆਂ ਚੋਣਾਂ ਦੌਰਾਨ ਜਗਜੀਤ ਕੰਬੋਜ ਨੇ ਪ੍ਰੋਗਰੈਸਿਵ ਗਰੁੱਪ ਲਈ ਮਿਹਨਤ ਕੀਤੀ ਅਤੇ ਨਿੱਜੀ ਪ੍ਰਚਾਰ ਘੱਟ ਕੀਤਾ, ਜਿਸ ਕਾਰਨ ਉਹ ਐਗਜ਼ੀਕਿਊਟਿਵ ਵਿਚ ਨਹੀਂ ਆ ਸਕੇ। ਇਸ ਵਾਰ ਫਿਰ ਜਗਜੀਤ ਕੰਬੋਜ ਨੇ ਐਗਜ਼ੀਕਿਊਟਿਵ ਦੀ ਚੋਣ ਲੜੀ ਅਤੇ ਕਲੱਬ ਦੀ ਐਗਜ਼ੀਕਿਊਟਿਵ ਵਿਚ ਆਪਣੀ ਜਗ੍ਹਾ ਬਣਾਈ। ਉਨ੍ਹਾਂ ਨੂੰ ਇਕ ਵਧੀਆ ਪ੍ਰਸ਼ਾਸਕ ਅਤੇ ਰਣਨੀਤੀਕਾਰ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ: ਜਲੰਧਰ ਪੁਲਸ ਵੱਲੋਂ ਵੱਡੇ ਅੰਤਰਰਾਸ਼ਟਰੀ ਡਰੱਗ ਤਸਕਰੀ ਦਾ ਪਰਦਾਫ਼ਾਸ਼, 22 ਕਿਲੋ ਅਫ਼ੀਮ ਸਣੇ 9 ਗ੍ਰਿਫ਼ਤਾਰ
ਅਚੀਵਰਸ ਦੇ ਸਮਰਥਕ ਕਾਫ਼ੀ ਹਮਲਾਵਰ ਪਰ ਪ੍ਰੋਗਰੈਸਿਵ ਦੇ ਸ਼ਾਂਤ ਰਹੇ
ਇਸ ਵਾਰ ਜਿਮਖਾਨਾ ਕਲੱਬ ਦੀਆਂ ਹੋਈਆਂ ਚੋਣਾਂ ਵਿਚ ਹਰ ਤਰ੍ਹਾਂ ਦਾ ਹਰਬਾ ਵਰਤਣ ਤੋਂ ਇਲਾਵਾ ਜ਼ੋਰ-ਜ਼ਬਰਦਸਤੀ ਅਤੇ ਧੱਕੇਸ਼ਾਹੀ ਵੀ ਦੇਖਣ ਨੂੰ ਮਿਲੀ। ਅਚੀਵਰਸ ਦੇ ਕੱਟੜ ਸਮਰਥਕ ਨਿਤਿਨ ਨੇ ਪਹਿਲਾਂ ਕਲੱਬ ਦੀ ਰਾਜਨੀਤੀ ਤੋਂ ਹਟਣ ਦਾ ਐਲਾਨ ਕੀਤਾ ਪਰ ਚੋਣਾਂ ਦਾ ਐਲਾਨ ਹੁੰਦੇ ਹੀ ਉਨ੍ਹਾਂ ਅਚੀਵਰਸ ਦੀ ਕਮਾਨ ਸੰਭਾਲ ਲਈ ਅਤੇ ਪੂਰੀ ਸਰਗਰਮ ਭੂਮਿਕਾ ਨਿਭਾਈ। ਅਚੀਵਰਸ ਦਾ ਸਾਥ ਡਿਪਸ ਗਰੁੱਪ ਦੇ ਤਰਵਿੰਦਰ ਸਿੰਘ ਨੇ ਡਟ ਕੇ ਦਿੱਤਾ। ਇਸ ਤੋਂ ਇਲਾਵਾ ਵ੍ਹੀਲਕੇਅਰ ਦੇ ਗਗਨ ਧਵਨ ਨੇ ਵੀ ਅਚੀਵਰਸ ਗਰੁੱਪ ਲਈ ਕਾਫੀ ਮਿਹਨਤ ਕੀਤੀ। ਪ੍ਰੋਗਰੈਸਿਵ ਗਰੁੱਪ ਦੀ ਸ਼ਿਕਾਇਤ ਰਹੀ ਕਿ ਅਚੀਵਰਸ ਨੇ ਚੋਣਾਂ ਜਿੱਤਣ ਅਤੇ ਕੁੱਕੀ ਬਹਿਲ ਨੂੰ ਹਰਾਉਣ ਲਈ ਹਰ ਹਥਕੰਡਾ ਵਰਤਿਆ। ਹਰ ਤਰ੍ਹਾਂ ਨਾਲ ਉਮੀਦਵਾਰਾਂ ਅਤੇ ਸਮਰਥਕਾਂ ’ਤੇ ਦਬਾਅ ਬਣਾਇਆ। ਚੋਣ ਪ੍ਰਚਾਰ ਖਤਮ ਹੋ ਜਾਣ ਦੇ ਬਾਵਜੂਦ ਸ਼ਾਨਦਾਰ ਪਾਰਟੀ ਆਯੋਜਿਤ ਕੀਤੀ ਅਤੇ ਪੂਰੇ ਜਿਮਖਾਨਾ ਕਲੱਬ ਦੀ ਸੜਕ ਨੂੰ ਸੈਂਕੜੇ ਨਾਜਾਇਜ਼ ਬੋਰਡਾਂ ਨਾਲ ਭਰ ਦਿੱਤਾ। ਪ੍ਰੋਗਰੈਸਿਵ ਗਰੁੱਪ ਲਈ ਇਕ ਬੋਰਡ ਲਾਉਣ ਦੀ ਜਗ੍ਹਾ ਵੀ ਨਹੀਂ ਛੱਡੀ ਗਈ। ਇਸ ਦੇ ਬਾਵਜੂਦ ਅਚੀਵਰਸ ਦੇ ਕਰਤਾ-ਧਰਤਾ ਕੁੱਕੀ ਬਹਿਲ ਨੂੰ ਨਹੀਂ ਹਰਾ ਸਕੇ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8