ਸਮਰਾਲਾ ਦੇ ਪਿੰਡ ''ਚ ਵਾਪਰੀ ਵੱਡੀ ਵਾਰਦਾਤ, UP ਤੋਂ ਆਏ ਮੁੰਡੇ ਨੇ ਮੰਗੇਤਰ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ
Friday, Apr 22, 2022 - 04:06 PM (IST)
ਸਮਰਾਲਾ (ਵਿਪਨ, ਸੰਜੇ ਗਰਗ) : ਸਮਰਾਲਾ ਦੇ ਪਿੰਡ ਕੋਟਲਾ ਵਿਖੇ ਇੱਕ ਨੌਜਵਾਨ ਵੱਲੋਂ ਪਹਿਲਾਂ ਆਪਣੀ ਮੰਗੇਤਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਦੋਵੇਂ ਮ੍ਰਿਤਕ ਮੂਲ ਰੂਪ ਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸੀ। ਜਾਣਕਾਰੀ ਮੁਤਾਬਕ ਮੰਗੇਤਰ ਨੂੰ ਗੋਲੀ ਮਾਰਨ ਲਈ ਨੌਜਵਾਨ ਉੱਤਰ ਪ੍ਰਦੇਸ਼ ਤੋਂ ਸਮਰਾਲਾ ਦੇ ਪਿੰਡ ਕੋਟਲਾ ਆਇਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਵੱਧਣ ਲੱਗੇ 'ਕੋਰੋਨਾ' ਦੇ ਕੇਸ, ਸਰਕਾਰ ਨੇ ਜਾਰੀ ਕੀਤਾ ਇਹ ਸਖ਼ਤ ਹੁਕਮ
ਫਿਲਹਾਲ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਕੁੜੀ ਦੇ ਪਿਤਾ ਓਮ ਸਿੰਘ ਅਤੇ ਮਾਤਾ ਕੁਸਮ ਲਤਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਇੱਟਾਂ ਦੇ ਭੱਠੇ 'ਤੇ ਕੰਮ ਕਰਦਾ ਸੀ। ਉਨ੍ਹਾਂ ਨੇ ਆਪਣੀ ਧੀ ਮਨੀਸ਼ਾ ਦੀ ਮੰਗਣੀ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਰਹਿੰਦੇ ਸੰਨੀ ਕੁਮਾਰ ਨਾਲ ਕੀਤੀ ਸੀ। ਅੱਜ ਅਚਾਨਕ ਸੰਨੀ ਕੁਮਾਰ ਭੱਠੇ ਉੱਪਰ ਕੁਆਰਟਰ 'ਚ ਆਇਆ ਤਾਂ ਕੁੜੀ ਦਾ ਪਿਤਾ ਕੋਲਡ ਡਰਿੰਕ ਲੈਣ ਚਲਾ ਗਿਆ।
ਬਾਅਦ 'ਚ ਸੰਨੀ ਨੇ ਕੁੜੀ ਦੀ ਮਾਤਾ ਕੁਸਮ ਨੂੰ ਕਿਹਾ ਕਿ ਉਸ ਨੇ ਆਪਣੀ ਮੰਗੇਤਰ ਨਾਲ ਕੋਈ ਗੱਲ ਕਰਨੀ ਹੈ। ਕੁੜੀ ਦੀ ਮਾਤਾ ਕੁਆਰਟਰ 'ਚੋਂ ਬਾਹਰ ਨਿਕਲ ਆਈ ਤਾਂ ਇਸ ਮਗਰੋਂ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਸੰਨੀ ਨੇ ਮਨੀਸ਼ਾ ਦੇ ਸਿਰ 'ਚ ਗੋਲੀ ਮਾਰੀ ਅਤੇ ਇਸ ਮਗਰੋਂ ਭੱਜ ਗਿਆ। ਜਦੋਂ ਭੱਠੇ ਉੱਪਰ ਰਹਿੰਦੇ ਹੋਰ ਲੋਕ ਉਸ ਦਾ ਪਿੱਛਾ ਕਰਨ ਲੱਗੇ ਤਾਂ ਸੰਨੀ ਭੱਜਦਾ ਹੋਇਆ ਫਾਇਰਿੰਗ ਕਰਨ ਲੱਗਿਆ ਅਤੇ ਥੋੜ੍ਹੀ ਦੂਰੀ 'ਤੇ ਜਾ ਕੇ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ।
ਮੌਕੇ 'ਤੇ ਪੁੱਜੇ ਡੀ. ਐੱਸ. ਪੀ. ਹਰਵਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਕੁੜੀ ਦੇ ਪਿਤਾ ਓਮ ਸਿੰਘ ਦੇ ਬਿਆਨ ਦਰਜ ਕਰ ਲਏ ਹਨ। ਦੋਵੇਂ ਲਾਸ਼ਾਂ ਕਬਜ਼ੇ 'ਚ ਲੈ ਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਡੀ. ਐੱਸ. ਪੀ. ਨੇ ਦੱਸਿਆ ਕਿ ਸੰਨੀ ਵਾਰਦਾਤ ਨੂੰ ਅੰਜਾਮ ਦੇਣ ਲਈ ਦੇਸੀ ਕੱਟਾ ਉੱਤਰ ਪ੍ਰਦੇਸ਼ ਤੋਂ ਲਿਆਇਆ ਸੀ। ਉਸਦੀ ਜੇਬ ਚੋਂ ਦੋ ਜ਼ਿੰਦਾ ਕਾਰਤੂਸ ਵੀ ਮਿਲੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ