ਸਮਾਣਾ ''ਚ ਕੱਪੜੇ ਦੇ ਸ਼ੋਅਰੂਮ ''ਚ ਲੱਗੀ ਭਿਆਨਕ ਅੱਗ
Sunday, Mar 17, 2019 - 04:22 PM (IST)
ਸਮਾਣਾ(ਦਰਦ, ਅਸ਼ੋਕ)— ਸਰਾਫਾ ਬਜ਼ਾਰ 'ਚ ਸਥਿਤ ਕੱਪੜੇ ਦੇ ਇਕ ਵੱਡੇ ਸ਼ੋਅਰੂਮ ਵਿਚ ਬੀਤੀ ਰਾਤ ਲੱਗੀ ਭਿਆਨਕ ਅੱਗ ਕਾਰਨ 1 ਕਰੋੜ ਰੁਪਏ ਦੇ ਲਗਭਗ ਨੁਕਸਾਨ ਹੋਣ ਦਾ ਅਨੁਮਾਨ ਹੈ। ਘਟਨਾ ਸਬੰਧੀ ਸੂਚਨਾ ਮਿਲਣ 'ਤੇ ਸ਼ਹਿਰ ਦੇ ਫਾਇਰ ਬ੍ਰਿਗੇਡ ਦਸਤਿਆਂ ਨੇ ਤੁਰੰਤ ਪਹੁੰਚ ਕੇ ਕਰੀਬ 2 ਘੰਟੇ ਦੀ ਜਦੋ-ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਇਸ ਦੌਰਾਨ ਲੱਖਾਂ ਰੁਪਏ ਦਾ ਕੱਪੜਾ, ਸੀਲਿੰਗ ਅਤੇ ਦੁਕਾਨ ਦਾ ਫਰਨੀਚਰ ਸੜ ਕੇ ਸੁਆਹ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਾਫਾ ਬਜ਼ਾਰ ਸਥਿਤ ਬਿਊਟੀ ਸਾੜੀ ਇੰਪੋਰੀਅਮ ਨਾਮਕ ਉੱਤਰੀ ਭਾਰਤ ਦੇ ਕੱਪੜੇ ਦੇ ਇਸ ਵੱਡੇ ਸ਼ੋਅਰੂਮ ਵਿਚ ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਕਰੀਬ 1 ਵਜੇ ਅੱਗ ਲੱਗਣ ਦੀ ਜਾਣਕਾਰੀ ਸ਼ੋਅਰੂਮ ਨਾਲ ਜੁੜੇ ਪਾਰਸ ਜਿਊਲਰਜ਼ ਨਾਮਕ ਸ਼ੋਅਰੂਮ ਦੀ ਉੱਪਰਲੀ ਮੰਜਿਲ 'ਤੇ ਰਹਿੰਦੇ 1 ਕਾਰੀਗਰ ਨੇ ਧੂੰਆਂ ਨਿਕਲਦਾ ਵੇਖ ਕੇ ਤੁਰੰਤ ਸ਼ੋਅਰੂਮ ਮਾਲਕਾਂ ਨੂੰ ਸੂਚਿਤ ਕੀਤਾ। ਇੰਸਪੈਕਟਰ ਪਰਮਜੀਤ ਕੁਮਾਰ ਨੇ ਪੁਲਸ ਫੋਰਸ ਨਾਲ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਨਾਲ ਲਗਦੇ ਜਿਊਲਰ ਅਤੇ ਕੱਪੜੇ ਦੇ ਹੋਰ ਸ਼ੋਅਰੂਮਾਂ ਵਿਚ ਅੱਗ ਫੈਲਣ ਤੋਂ ਬਚਾ ਲਿਆ।
ਸ਼ੋਅਰੂਮ ਮਾਲਕ ਰਾਜਿੰਦਰ ਗੁਪਤਾ ਦੇ ਵਿਦੇਸ਼ ਗਏ ਹੋਣ ਕਾਰਨ ਘਟਨਾ ਸਥਾਨ 'ਤੇ ਉਨ੍ਹਾਂ ਦੇ ਬੇਟੇ ਅਤੇ ਭਤੀਜੇ ਵਰੁਣ ਗੁਪਤਾ ਤੇ ਤਰੁਣ ਗੁਪਤਾ ਪੁੱਜੇ। ਉਨ੍ਹਾਂ ਦੱਸਿਆ ਕਿ ਅੱਗ ਸ਼ੋਅਰੂਮ ਦੀ ਉੱਪਰਲੀ ਮੰਜਿਲ ਤੋਂ ਲੱਗੀ ਹੋਣ ਕਾਰਨ ਗਰਾਊਂਡ ਫਲੌਰ ਦਾ ਕੁਝ ਮਾਲ ਲੋਕਾਂ ਦੀ ਮਦਦ ਨਾਲ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂਕਿ ਫਸਟ ਫਲੌਰ ਦਾ ਪੂਰਾ ਮਾਲ ਸੜ ਗਿਆ। ਦੁਕਾਨ ਦੀ ਸੀਲਿੰਗ ਅਤੇ ਫਰਨੀਚਰ ਪੂਰੀ ਤਰ੍ਹਾਂ ਨਸ਼ਟ ਹੋ ਗਿਆ। ਉਨ੍ਹਾਂ ਕੁੱਲ ਨੁਕਸਾਨ ਦਾ ਅਨੁਮਾਨ ਕਰੀਬ 1 ਕਰੋੜ ਰੁਪਏ ਦੱਸਿਆ। ਅੱਗ ਲੱਗਣ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ।