ਇੰਡੀਅਨ ਓਵਰਸੀਜ਼ ਕਾਂਗਰਸ ਦੇ ਚੇਅਰਮੈਨ ਸੈਮ ਪਿਤਰੋਦਾ ਨੇ ਦਿੱਤਾ ਵਿਵਾਦਤ ਬਿਆਨ
Wednesday, May 08, 2019 - 01:43 PM (IST)

ਚੰਡੀਗੜ੍ਹ (ਭੁੱਲਰ) : ਪੁਲਵਾਮਾ ਹਮਲੇ ਤੋਂ ਬਾਅਦ ਵਿਵਾਦਤ ਬਿਆਨ ਦੇਣ ਕਾਰਨ ਚਰਚਾ 'ਚ ਆਏ ਇੰਡੀਅਨ ਓਵਰਸੀਜ਼ ਕਾਂਗਰਸ ਦੇ ਚੇਅਰਮੈਨ ਸੈਮ ਪਿਤਰੋਦਾ ਨੇ ਇਕ ਵਾਰ ਫਿਰ ਵਿਵਾਦਤ ਬਿਆਨ ਦਿੱਤਾ ਹੈ। ਇਥੇ ਪੰਜਾਬ ਕਾਂਗਰਸ ਭਵਨ 'ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਵਿਵਾਦਤ ਬਿਆਨ ਦਿੰਦਿਆਂ ਕਿਹਾ ਕਿ ਮੰਦਰ ਨੌਕਰੀ ਨਹੀਂ ਦੇ ਸਕਦੇ। ਦੇਸ਼ ਦਾ ਵਿਕਾਸ ਮੰਦਰਾਂ ਨਾਲ ਨਹੀਂ ਸਗੋਂ ਵਿਗਿਆਨ ਅਤੇ ਤਕਨਾਲੋਜੀ ਦੇ ਵਿਕਾਸ ਨਾਲ ਹੋ ਸਕਦਾ ਹੈ। ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਇਸ ਸਮੇਂ ਦੇਸ਼ ਲਈ ਵੱਡਾ ਚੈਲੰਜ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦਾ ਲੋਕਤੰਤਰ ਹੀ ਹਾਈਜੈਕ ਕਰ ਲਿਆ ਹੈ, ਜੋ ਕਿ ਬੇਲੋੜੇ ਮੁੱਦੇ ਚੋਣਾਂ ਸਮੇਂ ਉਛਾਲ ਰਹੀ ਹੈ। ਰਾਹੁਲ ਗਾਂਧੀ ਦੀ ਸਿਟੀਜ਼ਨਸ਼ਿਪ ਦਾ ਮੁੱਦਾ ਪਹਿਲਾਂ ਕਦੇ ਯਾਦ ਨਹੀਂ ਆਇਆ ਅਤੇ ਹੁਣ ਇਸ ਨੂੰ ਚੋਣਾਂ 'ਚ ਬਿਨਾਂ ਵਜ੍ਹਾ ਤੂਲ ਦਿੱਤਾ ਜਾ ਰਿਹਾ ਹੈ।
ਪਿਤਰੋਦਾ ਨੇ ਕਿਹਾ ਕਿ ਹੁਣ ਤੱਕ ਦੇਸ਼ 'ਚ ਵੱਖ-ਵੱਖ ਪੜਾਵਾਂ 'ਚ ਹੋਈਆਂ ਚੋਣਾਂ 'ਚ ਸਾਫ਼ ਸੰਕੇਤ ਮਿਲ ਰਿਹਾ ਹੈ ਕਿ ਮੋਦੀ ਸਰਕਾਰ ਦੀ ਵਾਪਸੀ ਨਹੀਂ ਹੋਵੇਗੀ। ਲੋਕਾਂ ਨੇ ਮਹਿਸੂਸ ਕੀਤਾ ਹੈ ਕਿ ਜੁਮਲੇਬਾਜ਼ੀਆਂ ਨਾਲ ਮੋਦੀ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਅਤੇ ਵਾਅਦੇ ਪੂਰੇ ਨਹੀਂ ਹੋਏ। 100 ਮਿਲੀਅਨ ਨੌਕਰੀਆਂ ਦੇਣ, 100 ਸਮਾਰਟ ਸਿਟੀਜ਼ ਬਣਾਉਣ ਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਾਅਦੇ ਖੋਖਲੇ ਸਾਬਿਤ ਹੋਏ ਹਨ। ਜੀ. ਐੱਸ. ਟੀ. ਨੇ ਛੋਟੇ ਕਾਰੋਬਾਰ ਨੂੰ ਤਬਾਹ ਕਰ ਦਿੱਤਾ ਹੈ। ਬੀ. ਐੱਸ. ਐੱਨ. ਐੱਲ. ਵਰਗੇ ਪਬਲਿਕ ਸੈਕਟਰ ਦੇ ਅਦਾਰੇ ਸੰਕਟ 'ਚ ਹਨ। ਉਨ੍ਹਾਂ ਕਿਹਾ ਕਿ ਦੇਸ਼ਵਾਸੀ ਇਸ ਸਮੇਂ ਮੋਦੀ ਸਰਕਾਰ ਨੂੰ ਚਲਦਾ ਕਰਨ ਲਈ ਕਾਹਲੇ ਹਨ। ਪਿਤਰੋਦਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵੱਖ-ਵੱਖ ਮੁੱਦਿਆਂ 'ਤੇ ਸਿੱਧੀ ਬਹਿਸ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਇਕ ਗੁਜਰਾਤੀ ਹੋਣ ਦੇ ਨਾਤੇ ਉਨ੍ਹਾਂ ਨੂੰ ਗੁਜਰਾਤੀ 'ਚ ਹੀ ਚੰਗੀ ਤਰ੍ਹਾਂ ਸਮਝਾ ਦੇਣਗੇ।