ਸੈਮ ਪਿਤਰੋਦਾ ਦੇ ਬਿਆਨ ''ਤੇ ਅਕਾਲੀ ਦਲ ਨੇ ਘੇਰੀ ਕਾਂਗਰਸ

05/10/2019 2:26:17 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਦੇ 1984 ਦੇ ਕਤਲੇਆਮ ਬਾਰੇ ਦਿੱਤੇ ਬਿਆਨ 'ਹੁਣ ਕੀ ਹੈ 84 ਦਾ, ਜੋ ਹੋਇਆ ਸੋ ਹੋਇਆ'  ਨੂੰ ਬੇਹੱਦ ਮੰਦਭਾਗਾ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਕਰਾਰ ਦਿੱਤਾ ਹੈ। ਰਾਹੁਲ ਗਾਂਧੀ ਨੇ ਸੈਮ ਪਿਤਰੋਦਾ ਨੂੰ ਪੰਜਾਬ ਭੇਜ ਕੇ ਸਿੱਖਾਂ ਦੇ ਅੱਲੇ ਜ਼ਖਮਾਂ 'ਤੇ ਨਮਕ ਛਿੜਕਣ ਦਾ ਕੰਮ ਕੀਤਾ ਹੈ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਵਿਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਮੁੱਚੇ ਪੰਜਾਬੀ ਅਤੇ ਸਿੱਖ ਭਾਈਚਾਰਾ ਕਾਂਗਰਸ ਦੇ ਇਸ ਹੰਕਾਰ ਭਰੇ ਬਿਆਨ ਦਾ 19 ਮਈ ਨੂੰ ਮੂੰਹ ਤੋੜ ਜਵਾਬ ਦੇਵੇਗਾ। ਡਾ. ਚੀਮਾ ਨੇ ਕਿਹਾ ਕਿ ਕਾਂਗਰਸ ਦੇ ਰਾਹੁਲ ਗਾਂਧੀ ਦੇ ਨੇੜੇ ਹੋ ਕੇ ਵਿਚਰਨ ਵਾਲੇ ਆਗੂਆਂ ਦੇ ਅਜਿਹੇ ਬਿਆਨ ਇਸ ਗੱਲ ਦਾ ਪ੍ਰਗਟਾਵਾ ਕਰਦੇ ਹਨ ਕਿ ਕਾਂਗਰਸ 1984 ਕਤਲੇਆਮ ਵਿਚ ਨਿਭਾਏ ਗਏ ਆਪਣੇ ਰੋਲ 'ਤੇ ਅੱਜ ਵੀ ਮਾਣ ਕਰ ਰਹੀ ਹੈ ਅਤੇ ਹਜ਼ਾਰਾਂ ਮਾਸੂਮ ਲੋਕਾਂ ਦਾ ਕਤਲੇਆਮ ਕਰਨ ਵਾਲੇ ਹਤਿਆਰਿਆਂ ਖਿਲਾਫ ਇਕ ਲਫਜ਼ ਵੀ ਨਹੀਂ ਸੁਣਨਾ ਚਾਹੁੰਦੀ। 
ਡਾ. ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਇਕ ਟੀ.ਵੀ ਇੰਟਰਵਿਊੁ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਇਹ ਖੁਲਾਸਾ ਤਾਂ ਕੀਤਾ ਹੈ ਕਿ ਕਾਂਗਰਸ ਦੇ ਕੁਝ ਉਚ ਕੋਟੀ ਦੇ ਲੀਡਰ 1984 ਦੇ ਕਤਲੇਆਮ ਲਈ ਦੋਸ਼ੀ ਹਨ ਪਰ ਉਹ ਗਾਂਧੀ ਪਰਿਵਾਰ ਅਤੇ ਕਾਂਗਰਸ ਪਾਰਟੀ ਜਿਨ੍ਹਾਂ ਦੇ ਹੁਕਮਾਂ 'ਤੇ ਸਾਰਾ ਦੁਖਾਂਤ ਵਾਪਰਿਆ ਨੂੰ ਅੱਜ ਵੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਪੰਜਾਬ ਅਤੇ ਦੇਸ਼ ਦੇ ਲੋਕ ਕਾਂਗਰਸ ਦੀਆਂ ਘਟੀਆ ਨਸੀਹਤਾਂ ਨੂੰ ਸੁਣ ਕੇ ਮਨੁੱਖਤਾ ਨਾਲ ਕੀਤੇ ਇਸ ਅਪਰਾਧ ਨੂੰ ਕਦੇ ਵੀ ਨਹੀਂ ਭੁੱਲਣਗੇ ਅਤੇ ਇਨਸਾਫ ਮਿਲਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ।


Gurminder Singh

Content Editor

Related News