ਕੈਬਨਿਟ ਮੰਤਰੀ ਸਿੱਧੂ ਨੇ ਸੱਜਣ ਸਿੰਘ ਦਾ ਮਰਨ ਵਰਤ ਖੁਲ੍ਹਵਾਇਆ

Tuesday, May 07, 2019 - 03:02 PM (IST)

ਕੈਬਨਿਟ ਮੰਤਰੀ ਸਿੱਧੂ ਨੇ ਸੱਜਣ ਸਿੰਘ ਦਾ ਮਰਨ ਵਰਤ ਖੁਲ੍ਹਵਾਇਆ

ਮੋਹਾਲੀ (ਨਿਆਮੀਆਂ) : ਮਿਊਂਸੀਪਲ ਭਵਨ ਸੈਕਟਰ-68 ਮੋਹਾਲੀ ਵਿਖੇ ਪੰਜਾਬ ਅਤੇ ਯੂ. ਟੀ. ਦੇ ਵੱਖ-ਵੱਖ ਅਦਾਰਿਆਂ ਦੇ ਹਜ਼ਾਰਾਂ ਮੁਲਾਜ਼ਮ-ਮਜ਼ਦੂਰਾਂ ਦੇ ਵਿਸ਼ਾਲ ਇਕੱਠ 'ਚ ਸਾਥੀ ਸੱਜਣ ਸਿੰਘ ਨੂੰ ਹਸਪਤਾਲ ਤੋਂ ਲਿਆ ਕੇ ਸਭ ਦੇ ਰੂ-ਬਰੂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਾਥੀ ਸੱਜਣ ਸਿੰਘ ਪਹਿਲੀ ਮਈ ਤੋਂ ਮੰਗਾਂ ਦੀ ਪੂਰਤੀ ਲਈ ਮਰਨ ਵਰਤ 'ਤੇ ਬੈਠੇ ਸਨ। 3 ਮਈ ਨੂੰ ਯੂ. ਟੀ. ਪੁਲਸ ਨੇ ਮਰਨ ਵਰਤ ਵਾਲੇ ਕੈਂਪ ਨੂੰ ਪੁੱਟ ਕੇ ਲਾਠੀਚਾਰਜ ਕਰ ਕੇ ਸੱਜਣ ਸਿੰਘ ਨੂੰ ਜ਼ਬਰਦਸਤੀ ਮਰਨ ਵਰਤ ਤੋਂ ਚੁੱਕ ਕੇ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਸੀ, ਜਿੱਥੇ ਉਨ੍ਹਾਂ ਨੂੰ ਜ਼ਬਰਦਸਤੀ ਖੁਰਾਕ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਸਾਫ ਇਨਕਾਰ ਕਰ ਕੇ ਮਰਨ ਵਰਤ 'ਤੇ ਡਟੇ ਰਹੇ। ਇਸ ਦੇ ਰੋਸ ਵਿਚ ਪੂਰੇ ਪੰਜਾਬ ਵਿਚ ਭੁੱਖ ਹੜਤਾਲਾਂ, ਰੈਲੀਆਂ ਮੁਜ਼ਾਹਰੇ, ਝੰਡਾ ਮਾਰਚ ਅਤੇ ਜਾਮ ਆਦਿ ਵਰਗੇ ਐਕਸ਼ਨ ਵੱਡੇ ਪੱਧਰ 'ਤੇ ਚਲਦੇ ਰਹੇ। ਪੰਜਾਬ ਸਰਕਾਰ ਨੇ ਸਥਿਤੀ ਨੂੰ ਭਾਂਪਦਿਆਂ ਪੰਜਾਬ, ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਐਕਸ਼ਨ ਕਮੇਟੀ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੇ ਆਗੂਆਂ ਨੇ ਚਾਰ ਵਾਰ ਮੀਟਿੰਗਾਂ ਕੀਤੀਆਂ ਤੇ ਆਖਿਰਕਾਰ ਸਰਕਾਰ ਵਲੋਂ ਇਹ ਭਰੋਸਾ ਲਿਖਤੀ ਤੌਰ 'ਤੇ ਦਿੱਤਾ ਗਿਆ ਕਿ ਚੋਣ ਜ਼ਾਬਤੇ ਦੌਰਾਨ ਮੰਗਾਂ ਸਬੰਧੀ ਕੋਈ ਫੈਸਲਾ ਲੈ ਕੇ ਲਾਗੂ ਕਰਨਾ ਅਸੰਭਵ ਹੈ ਪਰ 27 ਮਈ ਨੂੰ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਤੈਅ ਕਰ ਕੇ ਮੰਗਾਂ ਦਾ ਅਸਲ ਵਿਚ ਨਿਪਟਾਰਾ ਕੀਤਾ ਜਾਵੇਗਾ। ਇਸੇ ਸਮੇਂ ਸਰਕਾਰ ਵਲੋਂ ਚੋਣ ਕਮਿਸ਼ਨ ਕੋਲੋਂ ਮੰਗਾਂ ਸਬੰਧੀ ਕੋਈ ਫੈਸਲਾ ਲੈਣ ਦੀ ਪ੍ਰਵਾਨਗੀ ਵੀ ਮੰਗੀ ਗਈ ਹੈ, ਜੇਕਰ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ 27 ਮਈ ਤੋਂ ਪਹਿਲਾਂ ਵੀ ਕੁੱਝ ਮੰਗਾਂ ਮੰਨ ਕੇ ਲਾਗੂ ਕੀਤੀਆਂ ਜਾ ਸਕਦੀਆਂ ਹਨ।

ਇਸ ਮੌਕੇ ਕਿਰਤ ਅਤੇ ਰੋਜ਼ਗਾਰ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜੂਸ ਪਿਆ ਕੇ ਸੱਜਣ ਸਿੰਘ ਦਾ ਮਰਨ ਵਰਤ ਖੁਲ੍ਹਵਾਇਆ ਅਤੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਲਾਜ਼ਮਾਂ-ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਵਾਜਿਬ ਹਨ। ਇਨ੍ਹਾਂ ਦਾ ਪੰਜਾਬ ਸਰਕਾਰ ਵਲੋਂ ਨਿਆਂਪੂਰਨ ਢੰਗ ਨਾਲ 27 ਮਈ ਦੀ ਮੀਟਿੰਗ ਵਿਚ ਮੁਨਾਸਿਬ ਨਿਪਟਾਰਾ ਕਰ ਦਿੱਤਾ ਜਾਵੇਗਾ।


author

Anuradha

Content Editor

Related News