ਸੁਖਬੀਰ ਬਾਦਲ ਨੇ ਸੱਜਣ ਕੁਮਾਰ ਲਈ ਮੰਗੀ ਫਾਂਸੀ (ਵੀਡੀਓ)
Monday, Dec 17, 2018 - 07:10 PM (IST)
ਜਲੰਧਰ : 1984 ਮਾਮਲੇ 'ਤੇ ਸੱਜਣ ਕੁਮਾਰ 'ਤੇ ਆਏ ਅਦਾਲਤ ਦੇ ਫੈਸਲੇ ਨੂੰ ਸੁਖਬੀਰ ਸਿੰਘ ਬਾਦਲ ਨੇ ਇਤਿਹਾਸਕ ਫੈਸਲਾ ਕਰਾਰ ਦਿੱਤਾ ਹੈ। ਇਸ ਦੇ ਨਾਲ ਸੁਖਬੀਰ ਨੇ ਸੱਜਣ ਕੁਮਾਰ ਲਈ ਫਾਂਸੀ ਦੀ ਮੰਗ ਕੀਤੀ ਹੈ। 'ਜਗ ਬਾਣੀ' ਨਾਲ ਫੋਨ 'ਤੇ ਗੱਲਬਾਤ ਕਰਦੇ ਹੋਏ ਸੁਖਬੀਰ ਨੇ ਕਿਹਾ ਕਿ ਕਾਂਗਰਸ ਲਗਾਤਾਰ ਸੱਜਣ ਕੁਮਾਰ ਨੂੰ ਬਚਾਉਂਦੀ ਆ ਰਹੀ ਸੀ ਅਤੇ ਇਸ ਦਾ ਜ਼ਿਕਰ ਅਦਾਲਤ ਦੇ ਫੈਸਲਾ ਵਿਚ ਵੀ ਹੈ। ਸੁਖਬੀਰ ਨੇ ਕਿਹਾ ਕਿ ਪਿਛਲੇ 34 ਸਾਲ ਤੋਂ ਸਿੱਖ ਸੰਗਤ ਅਤੇ ਅਕਾਲੀ ਦਲ ਇਨਸਾਫ ਲਈ ਲੜਾਈ ਲੜਦਾ ਆ ਰਿਹਾ ਹੈ ਜਿਸ ਦਾ ਫਲ ਅੱਜ ਮਿਲਿਆ ਹੈ।
ਸੁਖਬੀਰ ਨੇ ਕਿਹਾ ਕਿ ਹਰ ਵਾਰ ਕਾਂਗਰਸ ਸਰਕਾਰ ਅਤੇ ਗਾਂਧੀ ਪਰਿਵਾਰ ਦੋਸ਼ੀਆਂ ਦਾ ਬਚਾਅ ਕਰਦਾ ਰਿਹਾ ਹੈ। ਸੁਖਬੀਰ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਅਕਾਲੀ ਦਲ ਵਲੋਂ ਬੰਦ ਹੋਏ ਕੇਸ ਮੁੜ ਖੋਲ੍ਹਣ ਦੀ ਅਪੀਲ ਕੀਤੀ ਗਈ ਸੀ। ਜਿਸ ਤੋਂ ਬਾਅਦ ਕੇਂਦਰ ਵਲੋਂ ਖਾਸ ਜਾਂਚ ਟੀਮ (ਐੱਸ. ਆਈ. ਟੀ.) ਦਾ ਗਠਨ ਕੀਤਾ ਗਿਆ ਜਿਸ ਨੇ ਤਿੰਨ ਸਾਲ ਜਾਂਚ ਤੋਂ ਬਾਅਦ ਬੰਦ ਕੀਤੇ ਕੇਸ ਮੁੜ ਖੁੱਲ੍ਹਵਾਏ ਅਤੇ ਤਿੰਨ ਸਾਲ ਵਿਚ ਹੀ ਦੋਸ਼ੀਆਂ ਨੂੰ ਸਜ਼ਾ ਮਿਲਣੀ ਸ਼ੁਰੂ ਹੋ ਗਈ। ਸੁਖਬੀਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸਿੱਖ ਦੰਗਿਆਂ ਦੇ ਹੋਰ ਵੀ ਦੋਸ਼ੀ ਸੀਖਾਂ ਦੇ ਪਿੱਛੇ ਹੋਣਗੇ।
