ਸਾਹਨੇਵਾਲ ’ਚ ਰੇਤ ਮਾਫ਼ੀਆ ਨੂੰ ਨਹੀਂ ਕਿਸੇ ਦਾ ਵੀ ਖ਼ੌਫ਼, ਰਾਤ ਦੇ ਹਨੇਰੇ ’ਚ ਚੱਲਦੀਆਂ ਨੇ ਗ਼ੈਰ-ਕਾਨੂੰਨੀ ਖੱਡਾਂ

Monday, Feb 20, 2023 - 03:56 AM (IST)

ਸਾਹਨੇਵਾਲ ’ਚ ਰੇਤ ਮਾਫ਼ੀਆ ਨੂੰ ਨਹੀਂ ਕਿਸੇ ਦਾ ਵੀ ਖ਼ੌਫ਼, ਰਾਤ ਦੇ ਹਨੇਰੇ ’ਚ ਚੱਲਦੀਆਂ ਨੇ ਗ਼ੈਰ-ਕਾਨੂੰਨੀ ਖੱਡਾਂ

ਸਾਹਨੇਵਾਲ (ਜਗਰੂਪ) : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੁਝ ਦਿਨ ਪਹਿਲਾਂ ਰੇਤ ਦੀਆਂ ਸਰਕਾਰੀ ਖੱਡਾਂ ਦਾ ਉਦਘਾਟਨ ਕਰਦੇ ਹੋਏ ਐਲਾਨ ਕੀਤਾ ਸੀ ਕਿ ਹੁਣ ਆਮ ਲੋਕਾਂ ਨੂੰ ਸਾਢੇ 5 ਰੁਪਏ ਦੀ ਕੀਮਤ ’ਤੇ ਸਸਤੀ ਰੇਤ ਮੁਹੱਈਆ ਕਰਵਾਈ ਜਾਵੇਗੀ, ਜਿਸ ਨਾਲ ਰੇਤ ਮਾਫ਼ੀਆ ਦਾ ਖਾਤਮਾ ਹੋਵੇਗਾ। ਇਸ ਦੇ ਨਾਲ ਹੀ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਹ ਵੀ ਐਲਾਨ ਕੀਤਾ ਹੋਇਆ ਹੈ ਕਿ ਜਿਸ ਵੀ ਥਾਣੇ ਦੀ ਹੱਦ ਅੰਦਰ ਗ਼ੈਰ-ਕਾਨੂੰਨੀ ਮਾਈਨਿੰਗ ਹੋਵੇਗੀ, ਉਸ ਲਈ ਸਬੰਧਿਤ ਥਾਣੇ ਦਾ ਇੰਚਾਰਜ ਜ਼ਿੰਮੇਵਾਰ ਹੋਵੇਗਾ ਪਰ ਜੇਕਰ ਵਿਧਾਨ ਸਭਾ ਹਲਕਾ ਸਾਹਨੇਵਾਲ ’ਚ ਜ਼ਮੀਨੀ ਹਕੀਕਤ ਦੇਖੀ ਜਾਵੇ ਤਾਂ ਮੁੱਖ ਮੰਤਰੀ ਦੀ ਕਹਿਣੀ ਅਤੇ ਕਥਨੀ ਦਾ ਫਰਕ ਸਾਫ ਦੇਖਣ ਨੂੰ ਮਿਲਦਾ ਹੈ ਕਿਉਂਕਿ ਥਾਣਾ ਮੇਹਰਬਾਨ ਅਧੀਨ ਆਉਂਦੇ ਪਿੰਡ ਧਨਾਨਸੂ ਅਤੇ ਭੂਖੜੀ ਸਮੇਤ ਆਸ-ਪਾਸ ਦੇ ਕਈ ਪਿੰਡਾਂ ’ਚ ਸ਼ਰੇਆਮ ਨਾਜਾਇਜ਼ ਮਾਈਨਿੰਗ ਕੀਤੀ ਜਾਂਦੀ ਹੈ। ਸਿਰਫ ਇੰਨਾ ਹੀ ਨਹੀਂ, ਇਹ ਨਾਜਾਇਜ਼ ਮਾਈਨਿੰਗ ਥਾਣਾ ਜਮਾਲਪੁਰ ਅਤੇ ਥਾਣਾ ਕੂੰਮਕਲਾਂ ਦੇ ਇਲਾਕਿਆਂ ’ਚੋਂ ਪਾਸ ਕੀਤੀ ਜਾਂਦੀ ਹੈ। ਤਿੰਨ ਥਾਣਿਆਂ ਦੀ ਪੁਲਸ ਰੇਤ ਮਾਫ਼ੀਆ ਅੱਗੇ ਪੂਰੀ ਤਰ੍ਹਾਂ ਲਾਚਾਰ ਅਤੇ ਬੇਵੱਸ ਤਾਂ ਵਿਖਾਈ ਦਿੰਦੀ ਹੀ ਹੈ। ਇਸ ਦੇ ਨਾਲ ਹੀ ਮਾਈਨਿੰਗ ਵਿਭਾਗ ਵੱਲੋਂ ਮਾਈਨਿੰਗ ਮਾਫ਼ੀਆ ਖਿਲਾਫ਼ ਕਾਰਵਾਈ ਦੇ ਨਾਂ ’ਤੇ ਸਿਰਫ ਅਸਮਰੱਥਾ ਹੀ ਜਤਾਈ ਜਾ ਰਹੀ ਹੈ, ਜਿਸ ਕਾਰਨ ਸਰਕਾਰ ਅਤੇ ਪ੍ਰਸ਼ਾਸਨ ਨੂੰ ਖੁੱਲ੍ਹਾ ਚੈਲੰਜ ਕਰਕੇ ਗੈਰ-ਕਾਨੂੰਨੀ ਮਾਈਨਿੰਗ ਧੜੱਲੇ ਨਾਲ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਮਾਰਕ ਜ਼ੁਕਰਬਰਗ ਵੀ ਐਲਨ ਮਸਕ ਦੀ ਰਾਹ 'ਤੇ! ਹੁਣ ਫੇਸਬੁੱਕ ਬਲਿਊ ਟਿੱਕ ਲਈ ਟਵਿੱਟਰ ਤੋਂ ਦੇਣੇ ਪੈਣਗੇ ਜ਼ਿਆਦਾ ਰੁਪਏ

ਪੁਲਸ ਅਤੇ ਮਾਈਨਿੰਗ ਵਿਭਾਗ ਕਿਉਂ ਲਾਚਾਰ  ? : 

ਸੂਤਰਾਂ ਦੀ ਮੰਨੀਏ ਤਾਂ ਧਨਾਨਸੂ ਦੇ ਨਵੋਦਿਆ ਸਕੂਲ ਦੇ ਸਾਹਮਣੇ ਅਤੇ ਭੂਖੜੀ ਕਲਾਂ ਦੇ ਇਲਾਕੇ ’ਚ ਚੱਲਣ ਵਾਲੀਆਂ ਗੈਰ-ਕਾਨੂੰਨੀ ਰੇਤ ਦੀਆਂ ਖੱਡਾਂ ਰਾਤ ਦੇ ਹਨੇਰੇ ’ਚ ਟਾਈਮ ਬਦਲ-ਬਦਲ ਕੇ ਚੱਲਦੀਆਂ ਹਨ। ਜਿਸ ਬਾਰੇ ਸਿਰਫ ਪੁਲਸ ਹੀ ਨਹੀਂ ਮਾਈਨਿੰਗ ਵਿਭਾਗ ਨੂੰ ਵੀ ਪੂਰੀ ਜਾਣਕਾਰੀ ਹੈ। ਜਾਣਕਾਰੀ ਹੋਣ ਦੇ ਬਾਅਦ ਵੀ ਕਾਰਵਾਈ ਨਾ ਹੋਣਾ ਪੁਲਸ ਅਤੇ ਮਾਈਨਿੰਗ ਵਿਭਾਗ ਦੀ ਕਾਰਜਕੁਸ਼ਲਤਾ ਉਪੱਰ ਕਈ ਤਰ੍ਹਾ ਦੇ ਸਵਾਲ ਖੜ੍ਹੇ ਕਰਦਾ ਹੈ। ਜੇਕਰ ਸੂਤਰਾਂ ਦੀ ਮੰਨੀ ਜਾਵੇ ਤਾਂ ਥਾਣਾ ਮੇਹਰਬਾਨ, ਜਮਾਲਪੁਰ ਅਤੇ ਕੂੰਮਕਲਾਂ ਦੀ ਪੁਲਸ ਸ਼ੱਕੀ ਕਾਰਨਾਂ ਦੇ ਚੱਲਦੇ ਆਪਣੀ ਹੱਦਬੰਦੀ ਨਾ ਹੋਣ ਦਾ ਬਹਾਨਾ ਤਾਂ ਬਣਾ ਦਿੰਦੀ ਹੈ। ਖੱਡ ਭਾਵੇਂ ਕਿਸੇ ਵੀ ਥਾਣੇ ਦੀ ਹਦੂਦ ਅੰਦਰ ਚੱਲਦੀ ਹੋਵੇ ਪਰ ਇਸ ਦੀ ਨਿਕਾਸੀ ਤਾਂ ਤਿੰਨਾਂ ਥਾਣਿਆਂ ਦੇ ਵੱਖ-ਵੱਖ ਇਲਾਕਿਆਂ ’ਚ ਹੁੰਦੀ ਹੈ।

ਕੁਝ ਕੁ ਨੇੜੇ ਹੀ ਬਣਾਏ ਡੰਪ  

ਇਸ ਮਾਮਲੇ ’ਚ ਜੇਕਰ ਸੂਤਰਾਂ ਦੀ ਮੰਨੀ ਜਾਵੇ ਤਾਂ ਰਾਤ ਦੇ ਹਨੇਰੇ ’ਚ ਰੇਤ ਦੀ ਨਾਜਾਇਜ਼ ਮਾਈਨਿੰਗ ਨਾਲ ਜੁੜੇ ਹੋਏ ਕੁਝ ਲੋਕਾਂ ਵੱਲੋਂ ਆਸ-ਪਾਸ ਹੀ ਰੇਤ ਦੇ ਡੰਪ ਬਣਾਏ ਹੋਏ ਹਨ। ਰਾਤ ਨੂੰ ਰੇਤ ਡੰਪ ਕਰਕੇ ਦਿਨ ਦੇ ਉਜਾਲੇ ’ਚ ਟ੍ਰੈਕਟਰ-ਟਰਾਲੀਆਂ ਅਤੇ ਟਿੱਪਰਾਂ ਦੇ ਨਾਲ ਮਨਮਰਜ਼ੀ ਦੇ ਰੇਟਾਂ ’ਤੇ ਵੇਚੀ ਜਾਂਦੀ ਹੈ।

ਨਾਜਾਇਜ਼ ਮਾਈਨਿੰਗ ਰੋਕਣ ਲਈ ਕਰ ਰਹੇ ਹਾਂ ਯਤਨ : ਮਾਈਨਿੰਗ ਐਕਸੀਅਨ

ਰੇਤੇ ਦੀ ਗੈਰ-ਕਾਨੂੰਨੀ ਮਾਈਨਿੰਗ ਦੇ ਸਬੰਧ ’ਚ ਜਦੋਂ ਵਿਭਾਗ ਦੇ ਐਕਸੀਅਨ ਸੰਦੀਪ ਸਿੰਘ ਮਾਂਗਟ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਧਨਾਨਸੂ ਅਤੇ ਭੂਖੜੀ ਵਿਖੇ ਰਾਤ ਦੇ ਹਨੇਰੇ ’ਚ ਹੋਣ ਵਾਲੀ ਮਾਈਨਿੰਗ ਬਾਰੇ ਪਤਾ ਹੋਣ ਦੀ ਗੱਲ ਤਾਂ ਮੰਨੀ ਪਰ ਕੁਝ ਤਕਨੀਕੀ ਕਾਰਨਾਂ ਅਤੇ ਸਟਾਫ ਦੀ ਘਾਟ ਕਾਰਨ ਕਾਰਵਾਈ ਕਰਨ ਤੋਂ ਅਸਮਰੱਥਾ ਜਤਾਉਂਦੇ ਹੋਏ ਨਾਲ ਹੀ ਕਿ ਡੀ. ਸੀ. ਦਫਤਰ ਤੋਂ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਉਹ ਗੈਰਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਪੂਰੇ ਯਤਨ ਕਰ ਰਹੇ ਹਨ।\

PunjabKesari

ਲੋਕਾਂ ਦੇ ਸਾਥ ਨਾਲ ਹੀ ਰੁਕ ਸਕੇਗੀ ਗੈਰ-ਕਾਨੂੰਨੀ ਮਾਈਨਿੰਗ : AFCP-4-4

ਜਦੋਂ ਇਸ ਸਬੰਧ ’ਚ ਏ.ਡੀ.ਸੀ.ਪੀ.-4 ਤੁਸ਼ਾਰ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਸਥਾਨਕ ਲੋਕਾਂ ਦਾ ਸਾਥ ਬਹੁਤ ਜ਼ਰੂਰੀ ਹੈ। ਇਸ ਲਈ ਲੋਕ ਬਿਨਾਂ ਕਿਸੇ ਡਰ-ਭੈਅ ਦੇ ਉਨ੍ਹਾਂ ਦੇ ਨੰਬਰ ’ਤੇ ਪੁਲਸ ਨੂੰ ਸੂਚਿਤ ਕਰਨ। ਸੂਚਨਾ ਦੇਣ ਵਾਲੇ ਦਾ ਨਾਂ, ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਪੁਲਸ ਵੱਲੋਂ ਆਪਣੇ ਤੌਰ ’ਤੇ ਵੀ ਨਾਕਾਬੰਦੀ ਅਤੇ ਚੈਕਿੰਗ ਕੀਤੀ ਜਾਵੇਗੀ। 


author

Manoj

Content Editor

Related News