ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਪੰਜਾਬ ’ਚ ਮਜਬੂਤ ਖੇਤਰੀ ਪਾਰਟੀ ਵਜੋਂ ਤੀਜੀ ਧਿਰ ਬਣ ਕੇ ਉਭਰੇਗਾ : ਢੀਂਡਸਾ
Thursday, Nov 25, 2021 - 02:11 PM (IST)
ਚੰਡੀਗੜ੍ਹ (ਅਸ਼ਵਨੀ) : ਕਿਸਾਨ ਸੰਘਰਸ਼ ਦੀ ਜਿੱਤ ਦੇ ਤੁਰੰਤ ਬਾਅਦ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜ਼ਮੀਨੀ ਪੱਧਰ ’ਤੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਅਧੀਨ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ’ਚ ਪਾਰਟੀ ਦੇ ਪ੍ਰਮੁੱਖ ਆਗੂਆਂ ਅਤੇ ਸਮੂਹ ਜ਼ਿਲਾ ਪ੍ਰਧਾਨਾਂ ਦੀਆਂ ਵੱਖ-ਵੱਖ ਦੋ ਦਿਨ ਮੀਟਿੰਗਾਂ ਕੀਤੀਆਂ ਗਈਆਂ, ਜਿਨ੍ਹਾਂ ’ਚ ਸੂਬੇ ਨੂੰ ਬਦਹਾਲੀ ਵੱਲ ਧੱਕਣ ਵਾਲੀਆਂ ਰਵਾਇਤੀ ਪਾਰਟੀਆਂ ਵਿਰੁੱਧ ਡਟ ਕੇ ਮੁਕਾਬਲਾ ਕਰਨ ਲਈ ਰਣਨੀਤੀ ਤਿਆਰ ਕੀਤੀ ਗਈ ਅਤੇ ਸਮੂਹ ਆਗੂਆਂ ਨੂੰ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਮੁੱਚੇ ਅਹੁਦੇਦਾਰਾਂ ਨੇ ਇਕ ਸੁਰ ਹੋ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਗਠਜੋੜ ਕਰਨ ਲਈ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੂੰ ਪੂਰਨ ਅਧਿਕਾਰ ਸੌਂਪੇ। ਇਸ ਦੌਰਾਨ ਮੀਡੀਆ ਨੂੰ ਜਾਰੀ ਬਿਆਨ ’ਚ ਢੀਂਡਸਾ ਨੇ ਕਿਹਾ ਕਿ ਬਾਦਲ ਦਲ ਅਤੇ ਕਾਂਗਰਸ ਦੀਆਂ ਲੋਕ-ਮਾਰੂ ਨੀਤੀਆਂ ਤੋਂ ਅੱਜ ਸਾਰਾ ਪੰਜਾਬ ਬੇਹੱਦ ਦੁਖੀ ਹੈ। ਬਾਦਲ ਦਲ ’ਤੇ ਨਿਸ਼ਾਨਾ ਸਾਧਦਿਆਂ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਬਦਹਾਲੀ ’ਚ ਸੁਖਬੀਰ ਸਿੰਘ ਬਾਦਲ ਦਾ ਹਾਲ ਉਸੇ ਲੱਕੜਹਾਰੇ ਵਰਗਾ ਹੈ ,ਜੋ ਜਿਸ ਟਾਹਣੀ ’ਤੇ ਬੈਠਾ ਹੈ ਉਸੇ ਨੂੰ ਵੱਢ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਬੇੜੀ ’ਚ ਵੱਟੇ ਪਾਉਣ ਵਾਲਾ ਕੋਈ ਹੋਰ ਨਹੀ ਬਲਕਿ ਕਾਰਪੋਰੇਟ ਸੁਖਬੀਰ ਸਿੰਘ ਬਾਦਲ ਖੁਦ ਹੈ ਅਤੇ ਅਜਿਹੇ ਸਿਧਾਂਤਹੀਣ, ਹੰਕਾਰੇ ਹੋਏ ਮਨੁੱਖ ਦੀ ਅਗਵਾਈ ਵਿੱਚ ਬਾਦਲ ਦਲ ਨੂੰ ਪੰਜਾਬ ਦੇ ਲੋਕ ਕਦੇ ਮੂੰਹ ਨਹੀ ਲਗਾਉਣਗੇ।
ਇਹ ਵੀ ਪੜ੍ਹੋ : ਕਿਸਾਨਾਂ ਦਾ ਸੰਘਰਸ਼ ਮੁਲਕ ਵਿਚ ਜਮਹੂਰੀਅਤ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਨਿਰਣਾਇਕ ਮੋੜ : ਮੁੱਖ ਮੰਤਰੀ ਚੰਨੀ
ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਘੇਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ’ਚ ਕੁਰਸੀ ਲਈ ਆਪਸੀ ਖਿੱਚੋਤਾਣ ਚੱਲ ਰਹੀ ਹੈ। ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਲੋਕਾਂ ਨੂੰ ਆਸ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਗੋਲੀ ਕਾਂਡ ਅਤੇ ਮਾਫੀਆ ਰਾਜ ਵਰਗੇ ਅਹਿਮ ਮਸਲੇ ਹੱਲ ਹੋਣਗੇ ਪਰ ਅਫਸੋਸ ਮੁੱਖ ਮੰਤਰੀ ਚੰਨੀ ਵੀ ਪੰਜਾਬ-ਪੱਖੀ ਫੈਸਲੇ ਲੈਣ ’ਚ ਅਸਮਰਥ ਨਜ਼ਰ ਆ ਰਹੇ ਹਨ। ਢੀਂਡਸਾ ਨੇ ਕਿਹਾ ਕਿ ਸੂਬੇ ਦੀ ਮੌਜੂਦਾ ਸਥਿਤੀ ਮੁਤਾਬਕ ਪੰਜਾਬ ਨੂੰ ਇਕ ਮਜਬੂਤ ਖੇਤਰੀ ਪਾਰਟੀ ਵਜੋਂ ਇਕ ਤੀਜੇ ਬਦਲ ਦੀ ਲੋੜ ਹੈ ਅਤੇ ਅਜਿਹੇ ’ਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪ੍ਰਤੀਨਿਧਤਾ ਕਰਦਾ ਹੋਇਆ ਇਕ ਮਜਬੂਤ ਤੀਜੀ ਧਿਰ ਬਣਕੇ ਉਭਰੇਗਾ।
ਇਹ ਵੀ ਪੜ੍ਹੋ : ਡੇਰਾ ਮੁਖੀ ਤੋਂ ਬਾਅਦ ਸਿਟ ਡੇਰਾ ਸਿਰਸਾ ਦੀ ਚੇਅਰਪਰਸਨ ਤੇ ਵਾਈਸ ਚੇਅਰਪਰਸਨ ਤੋਂ ਵੀ ਕਰੇਗੀ ਪੁੱਛਗਿੱਛ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ