ਹਮਲਾਵਰ ਖ਼ਿਲਾਫ਼ ਪੁਲਸ ਨੇ ਕਾਰਵਾਈ ਨਾ ਕੀਤੀ ਤਾਂ ਅਕਾਲੀ ਦਲ ਲਾਏਗਾ ਧਰਨਾ : ਮਜੀਠੀਆ
Friday, Feb 05, 2021 - 02:19 PM (IST)
ਅੰਮ੍ਰਿਤਸਰ (ਛੀਨਾ) : ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਕਿ ਜੇਕਰ ਤਰਨਤਾਰਨ ਪੁਲਸ ਨੇ ਭਿੱਖੀਵਿੰਡ ’ਚ ਅਕਾਲੀ ਦਲ ਦੇ ਆਗੂ ਅਮਰਜੀਤ ਸਿੰਘ ਢਿੱਲੋਂ ਦੀ ਰਿਹਾਇਸ਼ ’ਤੇ ਹਮਲਾ ਕਰਨ ਵਾਲੇ ਕਾਂਗਰਸੀ ਉਮੀਦਵਾਰਾਂ ਖਿਲਾਫ ਕਾਰਵਾਈ ਨਾ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਇਨਸਾਫ ਲਈ ਐੱਸ. ਡੀ. ਐੱਮ. ਦੇ ਦਫਤਰ ਮੂਹਰੇ ਧਰਨਾ ਲਾਵੇਗਾ। ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਕਾਂਗਰਸ ਦੇ ਨਗਰ ਪੰਚਾਇਤ ਦੇ ਉਮੀਦਵਾਰ ਸਿਤਾਰਾ ਸਿੰਘ ਦਿਲਾਰੀ, ਜਗਜੀਤ ਸਿੰਘ ਜੱਗਾ ਅਤੇ ਯਾਦਵਿੰਦਰ ਸਿੰਘ ਨੇ ਅਕਾਲੀ ਦਲ ਦੇ ਆਗੂ ਅਮਰਜੀਤ ਸਿੰਘ ਢਿੱਲੋਂ ਦੀ ਰਿਹਾਇਸ਼ ’ਤੇ ਉਸ ਵੇਲੇ ਹਮਲਾ ਕਰ ਦਿੱਤਾ, ਜਦੋਂ ਅਕਾਲੀ ਦਲ ਦੇ ਉਮੀਦਵਾਰ 2 ਫਰਵਰੀ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਸਤੇ ਇਕੱਤਰ ਹੋਏ ਸਨ। ਉਨ੍ਹਾਂ ਕਿਹਾ ਕਿ ਇੰਨੀ ਧੱਕੇਸ਼ਾਹੀ ਕੀਤੀ ਗਈ ਕਿ ਕਾਂਗਰਸੀਆਂ ਨੇ ਐੱਸ. ਐੱਚ. ਓ. ਦੀ ਗੱਡੀ ਅੱਗੇ ਖਡ਼੍ਹ ਕੇ ਆਪਣੀਆਂ ਰਾਈਫਲਾਂ ਲੋਡ ਕੀਤੀਆਂ ਅਤੇ ਪੁਲਸ ਫੋਰਸ ਲੋਕਤੰਤਰ ਦੇ ਇਸ ਕਤਲ ਦਾ ਮੂਕਦਰਸ਼ਕ ਬਣ ਕੇ ਤਮਾਸ਼ਾ ਵੇਖਦੀ ਰਹੀ।
ਇਹ ਵੀ ਪੜ੍ਹੋ : ਸੰਸਦ 'ਚ ਆਜ਼ਾਦ ਨੇ ਘੇਰੀ ਸਰਕਾਰ, ਕਿਸਾਨ ਅੰਦੋਲਨਾਂ ਦਾ ਇਤਿਹਾਸ ਦੱਸਦਿਆਂ ਮੋਦੀ ਨੂੰ ਸੁਣਾਈਆਂ ਖਰੀਆਂ-ਖਰੀਆਂ
ਉਨ੍ਹਾਂ ਕਿਹਾ ਕਿ ਚੋਣਾਂ ’ਚ ਅਮਨ-ਕਾਨੂੰਨ ਦੀ ਸਥਿਤੀ ਯਕੀਨੀ ਬਣਾਉਣਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜ਼ਿੰਮੇਵਾਰੀ ਹੈ। ਮਜੀਠੀਆ ਅਤੇ ਵਲਟੋਹਾ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਵੀ ਤਰਨਤਾਰਨ ਪੁਲਸ ਨੇ 15 ਅਕਾਲੀ ਆਗੂਆਂ ਖਿਲਾਫ ਹੀ ਕੇਸ ਦਰਜ ਕੀਤਾ। ਐੱਸ. ਐੱਸ. ਪੀ. ਧਰੁਮਨ ਐੱਚ. ਨਿੰਬਾਲੇ ਨੂੰ ਜਾਂ ਤਾਂ ਘਟਨਾ ਦੀ ਜਾਣਕਾਰੀ ਨਹੀਂ ਮਿਲੀ ਜਾਂ ਉਹ ਹਮਲਾਵਰਾਂ ਨਾਲ ਰਲੇ ਹੋਏ ਸਨ। ਇਹ ਸਪੱਸ਼ਟ ਹੈ ਕਿ ਖੇਮਕਰਨ ਦੇ ਵਿਧਾਇਕ ਸੁਖਪਾਲ ਭੁੱਲਰ ਅਤੇ ਤਰਨਤਾਰਨ ਪੁਲਸ ਇਲਾਕੇ ’ਚ ਸ਼ਾਂਤੀ ਭੰਗ ਕਰਨ ਲਈ ਆਪਸ ਵਿਚ ਰਲੇ ਹੋਏ ਹਨ। ਜੇਕਰ ਇਹੀ ਹਾਲਾਤ ਬਣੇ ਰਹੇ ਤਾਂ ਅਸੀਂ ਐੱਸ. ਐੱਸ. ਪੀ. ਦੇ ਖ਼ਿਲਾਫ਼ ਹਾਈਕੋਰਟ ਕੋਲ ਪਹੁੰਚ ਕਰਨ ਲਈ ਮਜਬੂਰ ਹੋਵਾਂਗੇ। ਉਨ੍ਹਾਂ ਨੇ ਸੂਬਾ ਚੋਣ ਕਮਿਸ਼ਨ ਨੂੰ ਵੀ ਆਖਿਆ ਕਿ ਉਹ ਲੋਡ਼ੀਂਦੀ ਕਾਰਵਾਈ ਕਰੇ।
ਇਹ ਵੀ ਪੜ੍ਹੋ : ਜੈਜ਼ੀ ਬੀ ਨੇ ਅਕਸ਼ੈ ਕੁਮਾਰ ’ਤੇ ਵਿਨਿ੍ਹਆ ਨਿਸ਼ਾਨਾ, ਕਿਹਾ ‘ਨਕਲੀ ਕਿੰਗ’
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ