ਅਕਾਲੀ-ਭਾਜਪਾ ਗਠਜੋੜ ਨੂੰ ਤਾਂ ਲੰਗਾਹ ਹੀ ਲੈ ਡੁੱਬੇਗਾ : ਥੂਹੀ, ਗੁਰੀ
Wednesday, Oct 04, 2017 - 11:44 AM (IST)
ਪਟਿਆਲਾ (ਪਰਮੀਤ)- ਗੁਰਦਾਸਪੁਰ ਚੋਣ ਵਿਚ ਇਸ ਵਾਰ ਫਿਰ ਤੋਂ ਕਾਂਗਰਸ ਪਾਰਟੀ ਦੀ ਲਾ-ਮਿਸਾਲ ਜਿੱਤ ਤੈਅ ਹੈ। ਅਕਾਲੀ ਦਲ ਤੇ ਭਾਜਪਾ ਗਠਜੋੜ ਨੂੰ ਤਾਂ ਸੁੱਚਾ ਸਿੰਘ ਲੰਗਾਹ ਹੀ ਲੈ ਡੁੱਬੇਗਾ। ਇਹ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਗੁਰਕੀਰਤ ਸਿੰਘ ਥੂਹੀ ਤੇ ਸਾਬਕਾ ਕੌਂਸਲਰ ਗੁਰਜੀਤ ਸਿੰਘ ਗੁਰੀ ਨੇ ਕੀਤਾ। ਉਕਤ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ 6 ਮਹੀਨਿਆਂ ਦੇ ਕਾਰਜਕਾਲ ਦੌਰਾਨ ਹੀ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਆਪਣੇ ਪ੍ਰਮੁੱਖ ਵਾਅਦੇ ਪੂਰੇ ਕਰ ਦਿੱਤੇ ਹਨ।
ਪੰਜਾਬ ਦੇਸ਼ ਦਾ ਇਕਲੌਤਾ ਰਾਜ ਹੈ, ਜਿੱਥੇ ਕਿਸਾਨਾਂ ਦੇ 2 ਲੱਖ ਰੁਪਏ ਤੱਕ ਦੇ ਕਰਜ਼ੇ ਮੁਆਫ ਕੀਤੇ ਗਏ ਹਨ, ਜਦਕਿ ਇਸ ਤੋਂ ਇਲਾਵਾ ਸਰਕਾਰ ਨੇ ਹਰ ਵਰਗ ਦੀ ਬਿਹਤਰੀ ਵਾਸਤੇ ਕਦਮ ਚੁੱਕੇ ਹਨ। ਉਦਯੋਗਾਂ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇ ਵਾਅਦੇ ਨੂੰ ਵੀ ਜਲਦ ਹੀ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।
ਦੋਵਾਂ ਨੇਤਾਵਾਂ ਨੇ ਕਿਹਾ ਕਿ ਗੁਰਦਾਸਪੁਰ ਹਲਕੇ ਵਿਚ ਕਾਂਗਰਸੀ ਪਾਰਟੀ ਦੀ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ। ਪਾਰਟੀ ਦੇ ਉਮੀਦਵਾਰ ਤੇ ਸੂਬਾ ਪ੍ਰਧਾਨ ਸੁਨੀਲ ਜਾਖੜ 2 ਲੱਖ ਵੋਟਾਂ ਦੇ ਫਰਕ ਨਾਲ ਇਹ ਚੋਣ ਜਿੱਤ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦਾ ਇਹ ਕਹਿਣਾ ਹੈ ਕਿ ਅਨੇਕਾਂ ਪਿੰਡਾਂ ਵਿਚ ਤਾਂ ਅਕਾਲੀ-ਭਾਜਪਾ ਗਠਜੋੜ ਦਾ ਬੂਥ ਵੀ ਨਹੀਂ ਲੱਗਣਾ।
ਇਸ ਮੌਕੇ ਲਾਭ ਸਿੰਘ ਭਟੇੜੀ, ਭੁਪਿੰਦਰ ਸਿੰਘ, ਮਦਨਜੀਤ ਡਕਾਲਾ ਤੇ ਗੁਰਕਿਰਪਾਲ ਸਿੰਘ ਆਦਿ ਆਗੂ ਹਾਜ਼ਰ ਸਨ। ਇਸ ਦੌਰਾਨ ਇਨ੍ਹਾਂ ਨੇਤਾਵਾਂ ਵੱਲੋਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨਾਲ ਵੀ ਚੋਣ ਰਣਨੀਤੀ ਨੂੰ ਲੈ ਕੇ ਮੁਲਾਕਾਤ ਕੀਤੀ ਗਈ। ਗੁਰਦਾਸਪੁਰ ਦੇ ਹਰ ਵੋਟਰ ਤੱਕ ਪਹੁੰਚ ਕਰ ਕੇ ਵੋਟਾਂ ਕਾਂਗਰਸ ਨੂੰ ਪੁਆਉਣ ਦੀ ਵਿਉਂਤਬੰਦੀ ਵੀ ਕੀਤੀ।
