ਸੁਲਤਾਨਪੁਰ ਲੋਧੀ ਦੀ ਗੁਰਲੀਨ ਤੇ ਮੁਸਕਾਨ ਯੂਕ੍ਰੇਨ 'ਚ ਫਸੀਆਂ, ਮਾਪੇ ਕਰ ਰਹੇ ਸਲਾਮਤੀ ਲਈ ਦੁਆਵਾਂ

Saturday, Feb 26, 2022 - 06:52 PM (IST)

ਸੁਲਤਾਨਪੁਰ ਲੋਧੀ (ਸੋਢੀ)- ਜ਼ਿਲ੍ਹਾ ਕਪੂਰਥਲਾ ਦੀ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਹੈਬਤਪੁਰ ਦੀ ਯੂਕ੍ਰੇਨ ’ਚ ਡਾਕਟਰੀ ਦੀ ਪੜ੍ਹਾਈ ਕਰਨ ਗਈ ਗੁਰਲੀਨ ਕੌਰ (ਪੁੱਤਰੀ ਸੁਖਵਿੰਦਰ ਸਿੰਘ ਪੁੱਤਰ ਸਾਧੂ ਸਿੰਘ) ਦੀ ਸਲਾਮਤੀ ਅਤੇ ਘਰ ਵਾਪਸੀ ਲਈ ਉਨ੍ਹਾਂ ਦੇ ਮਾਪਿਆਂ ਵੱਲੋਂ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਸੁਮੀ ਸਟੇਟ ਯੂਨੀਵਰਸਿਟੀ ਵਿਚ ਜੰਗ ਦੌਰਾਨ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਹੈਬਤਪੁਰ ਦੀ ਗੁਰਲੀਨ ਕੌਰ ਨਾਲ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਪੰਡੋਰੀ ਦੀ ਵਿਦਿਆਰਥਣ ਮੁਸਕਾਨ ਥਿੰਦ ਵੀ ਹੈ, ਜੋ ਯੂਨੀਵਰਸਿਟੀ ਦੇ ਵਿਦਿਆਰਥਣਾਂ ਹੋਸਟਲ ਦੇ ਬੰਕਰ ’ਚ ਲੁਕਣ ਨੂੰ ਮਜਬੂਰ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ : ਰੂਪਨਗਰ ਦੇ ਪਿੰਡ ਕਟਲੀ ਦੀ ਕੁੜੀ ਯੂਕ੍ਰੇਨ ’ਚ ਫਸੀ, ਮਾਪਿਆਂ ਨੇ ਕੇਂਦਰ ਸਰਕਾਰ ਕੋਲ ਲਾਈ ਮਦਦ ਦੀ ਗੁਹਾਰ

PunjabKesari

ਜਾਣਕਾਰੀ ਦਿੰਦੇ ਹੋਏ ਮਾਸਟਰ ਸੁਖਵਿੰਦਰ ਸਿੰਘ ਹੈਬਤਪੁਰ ਤੇ ਉਨ੍ਹਾਂ ਦੀ ਪਤਨੀ ਰਮਨਦੀਪ ਕੌਰ ਨੇ ਦੱਸਿਆ ਕਿ ਯੂਕ੍ਰੇਨ ਦੀ ਸਰਕਾਰ ਨੇ ਉਨ੍ਹਾਂ ਨੂੰ ਹੋਸਟਲ ਦੇ ਰੂਮ ਅੰਦਰ ਹੀ ਰਹਿਣ ਲਈ ਕਿਹਾ ਹੈ। ਹੋਰ ਜਾਣਕਾਰੀ ਅਨੁਸਾਰ ਹੈਬਤਪੁਰ ਦੀ ਗੁਰਲੀਨ ਕੌਰ ਅਤੇ ਪੰਡੋਰੀ ਦੀ ਮੁਸਕਾਨ ਥਿੰਦ ਦੀ 26 ਫਰਵਰੀ ਨੂੰ ਫਲਾਈਟ ਸੀ ਪਰ ਐਨ ਮੌਕੇ ’ਤੇ ਵਿਗੜੇ ਹਾਲਾਤ ਕਾਰਨ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਉਨ੍ਹਾਂ ਨੂੰ ਭਾਰਤੀ ਦੂਤਾਵਾਸ ਵੱਲੋਂ ਜਲਦੀ ਹੀ ਭਾਰਤ ਭੇਜਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਮਾਪੇ ਆਪਣੀਆਂ ਵਿਦੇਸ਼ ਪੜ੍ਹਾਈ ਕਰਨ ਗਈਆਂ ਧੀਆਂ ਦੀ ਸੁਰੱਖਿਆ ਨੂੰ ਲੈ ਕੇ ਕਾਫ਼ੀ ਚਿੰਤਤ ਹਨ। ਉਨ੍ਹਾਂ ਕਿਹਾ ਕਿ ਬੇਟੀਆਂ ਨਾਲ ਫ਼ੋਨ ਕਰਕੇ ਉਨ੍ਹਾਂ ਦੀ ਸਾਰ ਲੈ ਰਹੇ ਹਨ । ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਭਾਰਤੀ ਬੱਚਿਆਂ ਦੀ ਵਾਪਸੀ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ।

ਇਹ ਵੀ ਪੜ੍ਹੋ : MBBS ਕਰਨ ਲਈ ਯੂਕ੍ਰੇਨ ਗਈਆਂ ਕਪੂਰਥਲਾ ਜ਼ਿਲ੍ਹੇ ਦੀਆਂ 4 ਕੁੜੀਆਂ ਫਸੀਆਂ

ਪਿੰਡ ਹੈਬਤਪੁਰ ਦੇ ਵਸਨੀਕ ਹੈੱਡਮਾਸਟਰ ਸੁਖਵਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਰਮਨਦੀਪ ਕੌਰ ਨੇ ਹੋਰ ਦੱਸਿਆ ਕਿ ਉਨ੍ਹਾਂ ਦੀ ਕੁੜੀ ਗੁਰਲੀਨ ਕੌਰ ਯੂਕਰੇਨ ਦੀ ਸੁਮੀ ਯੂਨੀਵਰਸਿਟੀ ਵਿਚ ਐੱਮ. ਬੀ. ਬੀ. ਐੱਸ. ਚੌਥੇ ਸਾਲ ਦੀ ਵਿਦਿਆਰਥਣ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪਿੰਡ ਪੰਡੋਰੀ ਦੀ ਮੁਸਕਾਨ ਥਿੰਦ ਪੁੱਤਰੀ ਦਲਵਿੰਦਰ ਸਿੰਘ ਵੀ ਐੱਮ. ਬੀ. ਬੀ. ਐੱਸ. ਦੀ ਵਿਦਿਆਰਥਣ ਹੈ। ਉਨ੍ਹਾਂ ਦੀ ਬੇਟੀ ਨਾਲ ਗੱਲਬਾਤ ਕੀਤੀ ਗਈ ਹੈ, ਜੋ ਸੁਰੱਖਿਅਤ ਹੈ ਪਰ ਉੱਥੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ।

ਪਿੰਡ ਹੈਬਤਪੁਰ ਦੇ ਸਰਪੰਚ ਜਸਵਿੰਦਰ ਸਿੰਘ ਨੰਡਾ ਅਤੇ ਸਾਬਕਾ ਸਰਪੰਚ ਪਰਮਜੀਤ ਸਿੰਘ ਵਿੰਪਲ, ਨੰਬਰਦਾਰ ਸੁਰਿੰਦਰਪਾਲ ਸਿੰਘ ਹੈਬਤਪੁਰ ਨੇ ਯੂਕ੍ਰੇਨ ’ਚ ਘਿਰੇ ਸਮੂਹ ਵਿਦਿਆਰਥੀਆਂ ਅਤੇ ਹੋਰ ਪੰਜਾਬੀਆਂ ਦੀ ਵਾਪਸੀ ਲਈ ਤੁਰੰਤ ਯੋਗ ਉਪਰਾਲਾ ਕਰਨ ਦੀ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ। ਯੂਕ੍ਰੇਨ ’ਚ ਫਸੀ ਬੇਟੀ ਗੁਰਲੀਨ ਕੌਰ ਅਤੇ ਹੋਰ ਬੱਚੀਆਂ ਲਈ ਹੈਬਤਪੁਰ ਦੀਆਂ ਸਮੂਹ ਸੰਗਤਾਂ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਅਤੇ ਸਲਾਮਤੀ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਬੱਚੀਆਂ ਦੇ ਰਿਸ਼ਤੇਦਾਰ ਵੀ ਯੂਕ੍ਰੇਨ ਵਿਚ ਫਸੇ ਪੰਜਾਬ ਵਾਸੀਆਂ ਦੀ ਤੰਦਰੁਸਤੀ ਲਈ ਅਰਦਾਸਾਂ ਕਰ ਰਹੇ ਹਨ।

ਇਹ ਵੀ ਪੜ੍ਹੋ : ਯੂਕ੍ਰੇਨ 'ਚ ਫਸੇ ਜ਼ਿਲ੍ਹਾ ਕਪੂਰਥਲਾ ਵਾਸੀਆਂ ਲਈ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ ਜਾਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News