ਰੂਪਨਗਰ : ਆਹਮੋ-ਸਾਹਮਣੇ ਹੋਏ ਪਿੰਡ ਵਾਸੀ ਤੇ ਪੁਲਸ ਮੁਲਾਜ਼ਮ, ਮਾਹੌਲ ਤਣਾਅਪੂਰਨ (ਵੀਡੀਓ)
Tuesday, Sep 03, 2019 - 10:10 AM (IST)
ਰੂਪਨਗਰ (ਸੱਜਣ ਸੈਣੀ) : ਰੂਪਨਗਰ ਦੇ ਪਿੰਡ ਬਵਨਾੜਾ ਵਿਚ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਪੁਲਸ ਮੁਲਾਜ਼ਮ ਆਹਮੋ-ਸਾਹਮਣੇ ਹੋ ਗਏ।
ਦੱਸ ਦੇਈਏ ਕਿ ਕਰੀਬ 2 ਮਹੀਨੇ ਪਹਿਲਾਂ ਪਿੰਡ ਬਵਨਾੜਾ ਵਿਚ ਗੁਰਪ੍ਰੀਤ ਨਾਂਅ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ। ਗੁਰਪ੍ਰੀਤ ਦੇ ਪਰਿਵਾਰ ਨੇ ਸ਼ੱਕ ਪਿੰਡ ਦੇ ਹੀ ਵਿਅਕਤੀ ਪਰਮਿੰਦਰ ’ਤੇ ਜ਼ਾਹਿਰ ਕੀਤਾ ਸੀ। ਢਿੱਲੀ ਕਾਰਗੁਜ਼ਾਰੀ ਦੇ ਚਲਦਿਆਂ ਪਹਿਲਾਂ ਪੁਲਸ ਨੇ ਆਰੋਪੀ ਨੂੰ ਗਿ੍ਰਫਤਾਰ ਨਹੀਂ ਕੀਤਾ ਅਤੇ ਨਾ ਹੀ ਕੋਈ ਜਾਂਚ ਕੀਤੀ, ਜਿਸ ਦੇ ਚਲਦਿਆਂ ਪਰਮਿੰਦਰ ਫਰਾਰ ਹੋ ਗਿਆ। ਸੋਮਵਾਰ ਨੂੰ ਕਰੀਬ 10 ਵਜੇ ਜਦੋਂ ਪਰਮਿੰਦਰ ਦੀ ਪਤਨੀ ਤੇ ਉਸ ਦਾ ਬੇਟਾ ਬੰਦ ਪਏ ਘਰ ਵਿਚੋਂ ਸਾਮਾਨ ਚੁੱਕਣ ਆਏ ਤਾਂ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਪੁਲਸ ਨੂੰ ਸੱਦਿਆ। ਮੌਕੇ ’ਤੇ ਪਹੁੰਚੀ ਪੁਲਸ ਪਰਮਿੰਦਰ ਦੀ ਪਤਨੀ ਅਤੇ ਉਸ ਦੇ ਬੇਟੇ ਨੂੰ ਪਿੰਡ ਵਾਸੀਆਂ ਦੀ ਗਿ੍ਰਫਤ ਵਿਚੋਂ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਪਿੰਡ ਵਾਸੀਆਂ ਅੱਗੇ ਪੁਲਸ ਦੀ ਨਹੀਂ ਚੱਲੀ, ਜਿਸ ਤੋਂ ਬਾਅਦ ਪਿੰਡ ਵਾਸੀ ਅਤੇ ਪੁਲਸ ਅਧਿਕਾਰੀ ਆਹਮੋ-ਸਾਹਮਣੇ ਹੋ ਗਏ। ਪੁਲਸ ਵੱਲੋਂ ਲਗਾਤਾਰ ਪਿੰਡ ਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪਿੰਡ ਵਾਸੀ ਗੱਲ ਮੰਨਣ ਨੂੰ ਤਿਆਰ ਨਹੀਂ ਹੋਏ, ਜਿਸ ਕਾਰਨ ਸਥਿਤੀ ਬਹੁਤ ਤਣਾਪੂਰਨ ਬਣ ਗਈ।