ਸਵੱਛਤਾਂ ਸਰਵੇਖਣ ''ਚ ਤੀਸਰੇ ਸਥਾਨ ''ਤੇ ਰਹਿਣ ਵਾਲੇ ਰੂਪਨਗਰ ਦਾ ਨਰਕ ਤੋਂ ਭੈੜਾ ਹਾਲ
Friday, Feb 21, 2020 - 12:58 PM (IST)
ਰੂਪਨਗਰ (ਸੱਜਣ ਸੈਣੀ, ਵਿਜੇ ਸ਼ਰਮਾ) - ਸਵੱਛਤਾਂ ਸਰਵੇਖਣ 2019 'ਚ ਪੰਜਾਬ 'ਚੋਂ ਤੀਸਰਾ ਸਥਾਨ 'ਤੇ ਰਹਿਣ ਵਾਲੇ ਰੂਪਨਗਰ ਨਗਰ ਕੌਸਲ ਦੇ ਵਾਰਡ ਨੰਬਰ-1 ਬੜੀ ਹਵੇਲੀ 'ਚ ਸੀਵਰੇਜ਼ ਦੇ ਗੰਦੇ ਪਾਣੀ ਦਾ ਕੋਈ ਪ੍ਰਬੰਧ ਨਹੀਂ। ਇਸੇ ਕਾਰਨ ਇਥੋਂ ਦੇ ਵਸਨੀਕ ਨਰਕ ਭਰੀ ਜਿੰਦਗੀ ਜਿਊਣ ਲਈ ਮਜ਼ਬੂਰ ਹੋ ਰਹੇ ਹਨ, ਜੋ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ 'ਚ ਆਪਣੀਆਂ ਮੁਸ਼ਕਲਾਂ ਦਾ ਹਿਸਾਬ-ਕਿਤਾਬ ਕਰਨਗੇ। ਰੂਪਨਗਰ ਸ਼ਹਿਰ ਦੇ ਵਾਰਡ ਨੰ. 1 'ਚ ਸੀਵਰੇਜ ਦਾ ਗੰਦਾ ਪਾਣੀ ਮੇਨ ਹੋਲਾਂ ਰਾਹੀਂ ਸੜਕਾਂ 'ਤੇ ਘੁੰਮਦਾ ਰਹਿੰਦਾ ਹੈ, ਜਿਸ ਕਾਰਣ ਲੋਕਾਂ ਦਾ ਆਉਣਾ-ਜਾਣਾ ਮੁਸ਼ਕਲ ਹੋ ਗਿਆ ਹੈ। ਨੀਵੇਂ ਘਰਾਂ 'ਚ ਗੰਦਾ ਪਾਣੀ ਵੜ ਜਾਣ ਕਾਰਨ ਚਾਰੇ ਪਾਸੇ ਬਦਬੂ ਫੈਲੀ ਹੋਈ ਹੈ, ਜਿਸ ਨਾਲ ਲੋਕਾਂ ਨੂੰ ਚਮੜੀ ਦੇ ਰੋਗ ਲੱਗੇ ਹੋਏ ਹਨ। ਇਥੇ ਰਹਿਣ ਵਾਲੇ ਸਕੂਲੀ ਬੱਚਿਆਂ ਦੀ ਹਾਲਤ ਵੀ ਖਰਾਬ ਦੱਸੀ ਜਾ ਰਹੀ ਹੈ।
ਵਾਰਡ ਦੇ ਲੋਕਾਂ ਨੇ ਇਸ ਖੇਤਰ ਦੇ ਨਗਰ ਕੌਂਸਲ ਨੂੰ ਕਈ ਵਾਰ ਬੇਨਤੀਆਂ ਕੀਤੀਆਂ ਕਿ ਉਹ ਇਸ ਸਮੱਸਿਆਂ ਦਾ ਹੱਲ ਕਰੇ ਪਰ ਉਨ੍ਹਾਂ ਦੀ ਸੁਣਵਾਈ ਕਰਨ ਵਾਲਾ ਕੋਈ ਨਹੀਂ। ਸੜਕਾਂ 'ਤੇ ਘੁੰਮ ਰਿਹਾ ਸੀਵਰੇਜ ਦਾ ਗੰਦਾ ਪਾਣੀ ਹੁਣ ਪੀਣ ਵਾਲੇ ਪਾਣੀ 'ਚ ਵੀ ਮਿਕਸ ਹੋ ਰਿਹਾ ਹੈ, ਜਿਸ ਕਾਰਨ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਪੈਦਾ ਹੋਣ ਦਾ ਖਦਸ਼ਾ ਹੈ। ਇਸੇ ਸਮੱਸਿਆਂ ਦੇ ਵਿਰੋਧ 'ਚ ਵਾਰਡ ਦੇ ਲੋਕਾਂ ਨੇ ਨਗਰ ਕੌਂਸਲ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ, ਜਿਸ 'ਚ ਉਨ੍ਹਾਂ ਨੇ ਨਗਰ ਕੌਂਸਲ ਨੂੰ ਜ਼ਿੰਮੇਵਾਰ ਦੱਸਿਆ।
ਖੇਤਰ 'ਚ ਲੋਕਾਂ ਨੂੰ ਮੁਸ਼ਕਿਲ ਜ਼ਰੂਰ ਪਰ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਜ਼ਿੰਮੇਵਾਰ : ਮਾਕੜ
ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮਾਕੜ ਨੇ ਮੰਨਿਆ ਕਿ ਇਸ ਖੇਤਰ 'ਚ ਲੋਕਾਂ ਨੂੰ ਮੁਸ਼ਕਲ ਜ਼ਰੂਰ ਹੈ ਪਰ ਇਸ ਲਈ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਜ਼ਿੰਮੇਵਾਰ ਹੈ। ਜਿਸਨੇ ਸਹੀ ਢੰਗ ਨਾਲ ਸੀਵਰੇਜ ਲਾਈਨਾਂ ਨਹੀਂ ਪਾਈਆਂ ਅਤੇ ਸੀਵਰੇਜ ਕਈ ਥਾਵਾਂ 'ਤੇ ਬੈਕ ਮਾਰ ਰਿਹਾ ਹੈ। ਇਸ ਕੰਮ ਨੂੰ ਠੀਕ ਕਰਨ ਲਈ 75 ਲੱਖ ਰੁ. ਦਾ ਐਸਟੀਮੇਟ ਬਣਾ ਕੇ ਸਰਕਾਰ ਨੂੰ ਭੇਜ ਦਿੱਤਾ ਹੈ ਅਤੇ ਫੰਡ ਮਿਲਣ 'ਤੇ ਕਾਰਵਾਈ ਕੀਤੀ ਜਾ ਸਕਦੀ ਹੈ।
ਮੁਲਾਜ਼ਮਾਂ ਦੀ ਗਲਤੀ ਪਾਈ ਗਈ ਤਾਂ ਹੋਵੇਗੀ ਕਾਰਵਾਈ : ਈ.ਓ.
ਇਸੇ ਤਰ੍ਹਾਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਭਜਨ ਚੰਦ ਨੇ ਮੰਨਿਆ ਕਿ ਸਥਾਨਕ ਲੋਕਾਂ ਦੀ ਇਹ ਸਮੱਸਿਆ ਬਿਲਕੁੱਲ ਸਹੀ ਹੈ। ਇਸ ਦੇ ਆਰਜ਼ੀ ਹੱਲ ਲਈ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ, ਜੇਕਰ ਕਿਸੇ ਮੁਲਾਜ਼ਮ ਦੀ ਅਣਗਹਿਲੀ ਪਾਈ ਗਈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।