ਨਾਜਾਇਜ਼ ਮਾਈਨਿੰਗ ਰੋਕਣਾ ਪੁਲਸ ਦਾ ਨਹੀਂ, ਮਾਈਨਿੰਗ ਅਧਿਕਾਰੀ ਦਾ ਕੰਮ: ਐੈੱਸ.ਐੈੱਸ.ਪੀ.

08/25/2019 5:26:44 PM

ਰੂਪਨਗਰ (ਸੱਜਣ ਸੈਣੀ) - ਪੰਜਾਬ 'ਚ ਆਏ ਹੜ੍ਹਾਂ ਦਾ ਸਭ ਤੋਂ ਵੱਡਾ ਕਾਰਨ ਨਾਜਾਇਜ਼ ਮਾਈਨਿੰਗ ਹੈ, ਜੋ ਮਿਲੀ ਭੁਗਤ ਨਾਲ ਸ਼ਰੇਆਮ ਹੋ ਰਹੀ ਹੈ। ਅਜਿਹਾ ਮਾਮਲਾ ਰੋਪੜ ਜ਼ਿਲੇ 'ਚ ਪੈਂਦੇ ਪਿੰਡ ਜਿੰਦਾਪੁਰ ਦਾ ਸਾਹਮਣੇ ਆਇਆ ਹੈ, ਜਿੱਥੇ 3 ਟਿੱਪਰ, ਜੇ.ਸੀ.ਬੀ. ਸਣੇ ਇਨੋਵਾ ਗੱਡੀ ਲੈ ਕੇ ਰੇਤ ਚੁੱਕਣ ਪਹੁੰਚੇ ਨਗਰ ਪੰਚਾਇਤ ਚਮਕੌਰ ਸਾਹਿਬ ਦੇ ਕਾਂਗਰਸੀ ਪ੍ਰਧਾਨ ਸ਼ਮਸ਼ੇਰ ਸਿੰਘ ਭੰਗੂ ਨੂੰ ਘੇਰ ਲਿਆ। ਲੋਕਾਂ ਦੀ ਭੀੜ 'ਚ ਘਿਰੇ ਭੰਗੂ ਨੇ ਸਪਸ਼ਟੀਕਰਨ ਦਿੰਦੇ ਹੋਏ ਲੋਕਾਂ ਨੂੰ ਕਿਹਾ ਕਿ ਉਹ ਪ੍ਰਸ਼ਾਸਨ ਦੇ ਕਹਿਣ 'ਤੇ ਰੇਤ ਲੈਣ ਆਏ ਹਨ। ਲੋਕਾਂ ਨੇ ਜਦੋਂ ਉਨ੍ਹਾਂ ਦੀ ਗੱਲ 'ਤੇ ਵਿਸ਼ਵਾਸ ਨਾ ਕੀਤਾ ਤਾਂ ਪ੍ਰਧਾਨ ਨੇ ਪ੍ਰਸ਼ਾਸਨ ਤੋਂ ਮਦਦ ਮੰਗੀ, ਜਿਸ ਤੋਂ ਬਾਅਦ ਡੀ.ਸੀ. ਰੂਪਨਗਰ ਸਮਿੰਤ ਜਰਾਗਲ ਅਤੇ ਐੱਸ.ਐੱਸ.ਪੀ. ਰੂਪਨਗਰ ਸਵਪਨ ਸ਼ਰਮਾ ਮੌਕੇ 'ਤੇ ਉਥੇ ਪਹੁੰਚ ਗਏ, ਜੋ ਲੋਕਾਂ ਨੂੰ ਸਮਝਾਉਣ ਲੱਗੇ । ਪਿੰਡ ਦੇ ਸਰਪੰਚ ਨੇ ਡੀ.ਸੀ. ਨੂੰ ਦੱਸਿਆ ਕਿ ਇੱਥੇ 12 ਮਹੀਨੇ 30 ਦਿਨ ਨਾਜਾਇਜ਼ ਮਾਈਨਿੰਗ ਹੁੰਦੀ ਹੈ, ਜਿਸ ਕਰਕੇ ਦਰਿਆ ਦੇ ਬੰਨ ਕੰਮਜ਼ੋਰ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ। 

ਸਰਪੰਚ ਦੀ ਗੱਲ ਸੁਣਨ ਤੋਂ ਬਾਅਦ ਕੋਲ ਖੜ੍ਹੇ ਐੈੱਸ.ਐੈੱਸ.ਪੀ. ਰੂਪਨਗਰ ਨੇ ਕਿਹਾ ਕਿ ਮਾਈਨਿੰਗ ਰੋਕਣਾ ਪੁਲਸ ਦਾ ਕੰਮ ਨਹੀਂ, ਇਸ ਲਈ ਸਰਕਾਰ ਵਲੋਂ ਮਾਈਨਿੰਗ ਅਫਸਰ ਲਾਇਆ ਹੈ, ਇਹ ਉਸ ਦੀ ਡਿਊਟੀ ਹੈ। ਮਾਈਨਿੰਗ ਅਧਿਕਾਰੀਆਂ ਨੂੰ ਇਸ ਕੰਮ ਦੇ ਬਦਲੇ ਸਰਕਾਰ ਵਲੋਂ ਤਨਖਾਹ ਦਿੱਤੀ ਜਾਂਦੀ ਹੈ ਅਤੇ ਗੱਡੀ ਵੀ ਦਿੱਤੀ ਗਈ ਹੈ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸਰਪੰਚ ਨੇ ਦੱਸਿਆ ਕਿ ਇਥੇ ਸ਼ਰੇਆਮ ਪਾਣੀ 'ਚੋਂ ਕਿਸ਼ਤੀ ਅਤੇ ਮੋਟਰਾਂ ਦੀ ਮਦਦ ਨਾਲ ਮਾਈਨਿੰਗ ਹੋ ਰਹੀ ਹੈ, ਜਿਸ ਦੀ ਸ਼ਿਕਾਇਤ ਕਰਨ ਦੇ ਕੋਈ ਕਾਰਵਾਈ ਨਹੀਂ ਕਰਦਾ। ਉਨ੍ਹਾਂ ਨੇ ਕਿਹਾ ਕਿ ਜੇਕਰ ਪੁਲਸ ਦਾ ਕੰਮ ਮਾਈਨਿੰਗ ਰੋਕਣਾ ਨਹੀਂ ਤਾਂ ਫਿਰ ਮੁੱਖ ਮੰਤਰੀ ਦੱਸਣ ਕਿ ਇਹ ਕੰਮ ਕਿਸ ਦਾ ਹੈ।


rajwinder kaur

Content Editor

Related News