ਧਨੌਲਾ ਅੰਡਰਬ੍ਰਿਜ ਦਾ ਸਿਹਰਾ ਲੈਣ ਲਈ ਲੱਗੀ ਦੌੜ
Wednesday, Feb 07, 2018 - 06:08 AM (IST)
ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਧਨੌਲਾ ਅੰਡਰਬ੍ਰਿਜ ਦਾ ਉਦਘਾਟਨ ਬੁੱਧਵਾਰ ਨੂੰ ਹੋ ਰਿਹਾ ਹੈ ਪਰ ਇਸ ਕੰਮ ਦਾ ਸਿਹਰਾ ਲੈਣ ਲਈ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਅਤੇ ਪੰਜਾਬ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਰਾਜਿੰਦਰ ਗੁਪਤਾ ਦੇ ਸਮਰਥਕਾਂ ਵਿਚ ਦੌੜ ਲੱਗ ਗਈ ਹੈ। ਇਥੋਂ ਤੱਕ ਕਿ ਦੋਵਾਂ ਦੇ ਸਮਰਥਕਾਂ ਨੇ ਸ਼ਹਿਰ ਵਿਚ ਆਪੋ-ਆਪਣੇ ਫਲੈਕਸ ਬੋਰਡ ਵੀ ਲਵਾ ਦਿੱਤੇ ਹਨ।
ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਸਮਰਥਕਾਂ ਵੱਲੋਂ ਲਵਾਏ ਗਏ ਬੋਰਡਾਂ 'ਚ ਅੰਡਰਬ੍ਰਿਜ ਚਾਲੂ ਕਰਵਾਉਣ ਦਾ ਸਿਹਰਾ ਜਿਥੇ ਕੇਵਲ ਸਿੰਘ ਢਿੱਲੋਂ ਨੂੰ ਦਿੱਤਾ ਗਿਆ ਹੈ, ਉਥੇ ਰਾਜਿੰਦਰ ਗੁਪਤਾ ਦੇ ਸਮਰਥਕਾਂ ਵੱਲੋਂ ਲਵਾਏ ਫਲੈਕਸ ਬੋਰਡਾਂ 'ਚ ਅੰਡਰਬ੍ਰਿਜ ਚਾਲੂ ਕਰਵਾਉਣ ਦਾ ਸਾਰਾ ਸਿਹਰਾ ਰਾਜਿੰਦਰ ਗੁਪਤਾ ਨੂੰ ਦਿੱਤਾ ਗਿਆ ਹੈ।
''ਧਨੌਲਾ ਅੰਡਰਬ੍ਰਿਜ ਦਾ ਕੰਮ ਕਾਫੀ ਸਾਲਾਂ ਤੋਂ ਅੱਧ-ਵਿਚਕਾਰ ਹੀ ਲਟਕਿਆ ਹੋਇਆ ਸੀ। ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਹਿ ਕੇ ਧਨੌਲਾ ਅੰਡਰਬ੍ਰਿਜ ਨੂੰ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਦੇ ਯਤਨਾਂ ਸਦਕਾ ਹੀ ਅੱਜ ਧਨੌਲਾ ਅੰਡਰ ਬ੍ਰਿਜ ਦਾ ਉਦਘਾਟਨ ਹੋ ਰਿਹਾ ਹੈ।
—ਡਿੰਪਲ ਉੱਪਲੀ, ਪ੍ਰਧਾਨ, ਯੂਥ ਕਾਂਗਰਸ
''ਅਕਾਲੀ ਤਾਂ ਸਿਰਫ ਨੀਂਹ ਪੱਥਰ ਹੀ ਰੱਖਣਾ ਜਾਣਦੇ ਹਨ। ਜਦੋਂ ਕਿ ਕਾਂਗਰਸ ਕੰਮ ਪੂਰਾ ਕਰ ਕੇ ਵਿਖਾਉਂਦੀ ਹੈ। ਸ਼ਹਿਰ ਵਿਚ ਜੋ ਵੀ ਵਿਕਾਸ ਕਾਰਜ ਕਰਵਾਏ ਹਨ, ਉਸ ਦਾ ਸਿਹਰਾ ਕੇਵਲ ਸਿੰਘ ਨੂੰ ਜਾਂਦਾ ਹੈ। ਕੱਲ ਜੋ ਧਨੌਲਾ ਅੰਡਰਬ੍ਰਿਜ ਦਾ ਉਦਘਾਟਨ ਹੋ ਰਿਹਾ ਹੈ, ਉਸ ਲਈ ਕੇਵਲ ਸਿੰਘ ਢਿੱਲੋਂ ਵਧਾਈ ਦੇ ਪਾਤਰ ਹਨ, ਜਿਨ੍ਹਾਂ ਸਦਕਾ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਤੋਂ ਰਾਹਤ ਮਿਲੇਗੀ। -ਵਰੁਣ ਬੱਤਾ, ਆਗੂ ਯੂਥ ਕਾਂਗਰਸ
''ਟ੍ਰਾਈਡੈਂਟ ਗਰੁੱਪ ਦੇ ਐੱਮ. ਡੀ. ਅਤੇ ਜ਼ਿਲਾ ਯੋਜਨਾ ਬੋਰਡ ਦੇ ਉਪ ਚੇਅਰਮੈਨ ਪਦਮਸ਼੍ਰੀ ਰਾਜਿੰਦਰ ਗੁਪਤਾ ਨੇ ਹੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਇਹ ਪ੍ਰਾਜੈਕਟ ਪਾਸ ਕਰਵਾਇਆ ਸੀ ਅਤੇ ਟ੍ਰਾਈਡੈਂਟ ਗਰੁੱਪ ਨੇ ਕਰੀਬ 2 ਕਰੋੜ ਰੁਪਏ ਆਪਣੇ ਕੋਲੋਂ ਇਸ ਧਨੌਲਾ ਅੰਡਰਬ੍ਰਿਜ ਨੂੰ ਬਣਾਉਣ ਲਈ ਭਰੇ ਸਨ। ਫਿਰ ਹੀ ਇਹ ਪ੍ਰਾਜੈਕਟ ਪਾਸ ਹੋਇਆ। ਇਸ ਪ੍ਰਾਜੈਕਟ ਨੂੰ ਪੂਰਾ ਕਰਵਾਉਣ ਦਾ ਸਿਹਰਾ ਰਾਜਿੰਦਰ ਗੁਪਤਾ ਨੂੰ ਜਾਂਦਾ ਹੈ।
—ਐਡਵੋਕੇਟ ਰਾਜੀਵ ਲੂਬੀ, ਜ਼ਿਲਾ ਪ੍ਰਧਾਨ ਹਿੰਦੂ ਵਿੰਗ
''ਸ਼ਹਿਰ ਵਾਸੀਆਂ ਨੇ ਰਾਜਿੰਦਰ ਗੁਪਤਾ ਤੋਂ ਧਨੌਲਾ ਅੰਡਰਬ੍ਰਿਜ ਬਣਾਉਣ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਗੁਪਤਾ ਨੇ ਸ਼ਹਿਰ ਵਾਸੀਆਂ ਦੀ ਮੰਗ 'ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰ ਸਰਕਾਰ ਨਾਲ ਸੰਪਰਕ ਕਰ ਕੇ ਇਸ ਪ੍ਰਾਜੈਕਟ ਨੂੰ ਪਾਸ ਕਰਵਾਇਆ ਸੀ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖ ਕੇ ਗਏ ਸਨ। ਅਕਾਲੀ ਸਰਕਾਰ ਸਮੇਂ ਹੀ ਪੁਲ ਬਣਾਉਣ ਲਈ ਰੇਲਵੇ ਵਿਭਾਗ ਦੇ ਠੇਕੇਦਾਰ ਨੇ ਕੰਮ ਸ਼ੁਰੂ ਕਰ ਦਿੱਤਾ ਸੀ।
—ਰਾਜੀਵ ਵਰਮਾ ਰਿੰਪੀ, ਪ੍ਰਧਾਨ ਜ਼ਿਲਾ ਭੱਠਾ ਐਸੋਸੀਏਸ਼ਨ
