ਜਲੰਧਰ : ਹਥਿਆਰਾਂ ਨਾਲ ਲੈਸ ਗੁੰਡਿਆਂ ਅੱਗੇ ਦੌੜਦੇ ਹੋਏ ਮਾਰੀ ਟਰੇਨ ਮੂਹਰੇ ਛਾਲ
Sunday, Mar 04, 2018 - 07:26 AM (IST)

ਜਲੰਧਰ, (ਮਹੇਸ਼)- ਭਾਰਤ ਨਗਰ (ਚੁਗਿੱਟੀ) 'ਚ ਹੋਲੀ ਵਾਲੇ ਦਿਨ ਸ਼ੁੱਕਰਵਾਰ ਨੂੰ ਦਿਨ-ਦਿਹਾੜੇ ਖੂਨ ਦੀ ਹੋਲੀ ਖੇਡੀ ਗਈ। ਬਬਲੂ ਨਾਮਕ ਪ੍ਰਵਾਸੀ ਮਜ਼ਦੂਰ ਨੇ ਹਥਿਆਰਾਂ ਨਾਲ ਲੈਸ ਗੁੰਡਿਆਂ ਦੇ ਅੱਗੇ ਦੌੜਦੇ ਹੋਏ ਟਰੇਨ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ। ਬਬਲੂ ਦੀ ਮੌਤ ਨੂੰ ਉਸ ਦੇ ਪਰਿਵਾਰਕ ਮੈਂਬਰ ਹੱਤਿਆ ਦੱਸ ਰਹੇ ਹਨ, ਜਦਕਿ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਇਸ ਸਬੰਧ ਵਿਚ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੀ ਆਈ. ਪੀ. ਸੀ. ਦੀ ਧਾਰਾ 306 ਤੋਂ ਇਲਾਵਾ 452, 323, 148, 149 ਤਹਿਤ ਮੁਕੱਦਮਾ ਨੰਬਰ 36 ਦਰਜ ਕੀਤਾ ਹੈ। ਇਸਦੀ ਪੁਸ਼ਟੀ ਐੱਸ. ਐੱਚ. ਓ. ਰਾਮਾ ਮੰਡੀ ਰਾਜੇਸ਼ ਠਾਕੁਰ ਅਤੇ ਜਾਂਚ ਅਧਿਕਾਰੀ ਹਰਦੇਵ ਸਿੰਘ ਨੇ ਕੀਤੀ ਹੈ।
ਪੁਲਸ ਨੇ ਇਸ ਮਾਮਲੇ ਵਿਚ ਕੁਲਦੀਪ ਕੁਮਾਰ ਪੁੱਤਰ ਨੱਥੂ ਰਾਮ ਨਿਵਾਸੀ ਯੂ. ਪੀ. ਨੂੰ ਗ੍ਰਿਫਤਾਰ ਕਰ ਲਿਆ ਹੈ। ਲੋਕਾਂ ਵਿਚ ਚਰਚਾ ਹੈ ਕਿ ਪੁਲਸ ਨੇ ਤਿੰਨ ਹੋਰ ਮੁਲਜ਼ਮ ਵੀ ਫੜ ਲਏ ਪਰ ਸਿਰਫ ਇਕ ਦੇ ਕਾਬੂ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਫਰਾਰ ਦੋਸ਼ੀਆਂ ਵਿਚ ਰਾਮ ਸ਼ਰਨ ਅਤੇ ਰੋਹਿਤ ਸਮੇਤ 5 ਮੁਲਜ਼ਮ ਸ਼ਾਮਲ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਦੇਰ ਰਾਤ ਤੱਕ ਵੀ ਪੁਲਸ ਦੀ ਸ਼ੱਕੀ ਸਥਾਨਾਂ 'ਤੇ ਰੇਡ ਜਾਰੀ ਸੀ।
ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਸਨ ਗੁੰਡੇ
ਮਨਮੋਹਨ ਸਿੰਘ ਰਾਜੂ ਕੌਂਸਲਰ ਦੇ ਦਫਤਰ ਨਜ਼ਦੀਕ ਇਕ ਵਿਹੜੇ ਵਿਚ ਬਣੇ ਹੋਏ ਕੁਆਰਟਰਾਂ ਵਿਚ ਮੇਰਠ (ਯੂ. ਪੀ.) ਨਿਵਾਸੀ ਮਿਹਨਤ-ਮਜ਼ਦੂਰੀ ਕਰਨ ਵਾਲੇ ਕਈ ਲੋਕ ਰਹਿੰਦੇ ਹਨ। ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਅੱਧਾ ਦਰਜਨ ਗੁੰਡੇ ਉਕਤ ਵਿਹੜੇ ਵਿਚ ਦਾਖਲ ਹੋਏ ਅਤੇ ਆਉਂਦੇ ਹੀ ਬਬਲੂ ਅਤੇ ਉਸ ਦੀ ਪਤਨੀ ਭੂਰੀ ਦੇਵੀ ਨੂੰ ਘਟੀਸਣਾ ਸ਼ੁਰੂ ਕਰ ਦਿੱਤਾ। ਬਬਲੂ 'ਤੇ ਜਦ ਗੁੰਡੇ ਵਾਰ ਕਰ ਰਹੇ ਸਨ ਤਾਂ ਉਸ ਦੇ ਬਚਾਅ ਲਈ 2 ਲੋਕ ਵੀ ਆ ਗਏ। ਗੁੰਡਿਆਂ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ।
ਇਸ ਦੌਰਾਨ ਬਬਲੂ ਉਥੋਂ ਭੱਜ ਗਿਆ ਅਤੇ ਗੁੰਡੇ ਵੀ ਉਸ ਦੇ ਪਿੱਛੇ ਭੱਜਣ ਲੱਗੇ। ਇਸ ਦੌਰਾਨ ਉਸ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਤਣਾਅਪੂਰਨ ਬਣੀ ਹੈ ਸਥਿਤੀ
ਭਾਰਤ ਨਗਰ ਵਿਚ ਹੋਏ ਗੁੰਡਾਗਰਦੀ ਦੇ ਨਾਚ ਕਾਰਨ ਹਾਲੇ ਵੀ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਇਥੇ ਰਹਿੰਦੇ ਲੋਕ ਕਾਫੀ ਸਹਿਮੇ ਹੋਏ ਹਨ ਅਤੇ ਮ੍ਰਿਤਕ ਬਬਲੂ ਦੇ ਪਰਿਵਾਰ ਵਿਚ ਵੀ ਥਾਣਾ ਮੰਡੀ ਦੀ ਪੁਲਸ ਪ੍ਰਤੀ ਕਾਫੀ ਗੁੱਸਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਸ ਨੂੰ ਸ਼ਿਕਾਇਤ ਦਿੱਤੇ ਜਾਣ ਤੋਂ ਬਾਅਦ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਗਈ ਹੈ। ਪੁਲਸ ਮੌਕੇ 'ਤੇ ਹੀ ਨਹੀਂ ਪਹੁੰਚੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪੁਲਸ ਗੁੰਡਾ ਅਨਸਰਾਂ ਨੂੰ ਆ ਕੇ ਕਾਬੂ ਕਰ ਲੈਂਦੀ ਤਾਂ ਬਬਲੂ ਦੀ ਜਾਨ ਬਚ ਸਕਦੀ ਸੀ।
ਪ੍ਰਦਰਸ਼ਨ ਤੋਂ ਬਾਅਦ ਪੁਲਸ ਨੇ ਕੀਤੀ ਕਾਰਵਾਈ
ਥਾਣਾ ਰਾਮਾ ਮੰਡੀ ਦੀ ਪੁਲਸ ਵਲੋਂ ਮੁਕੱਦਮਾ ਨੰਬਰ 36 ਦਰਜ ਕੀਤੇ ਜਾਣ ਤੋਂ ਪਹਿਲਾਂ ਸਿਟੀ ਰੇਲਵੇ ਪੁਲਸ ਨੇ ਬਬਲੂ ਦੀ ਮੌਤ ਨੂੰ ਇਕ ਰੇਲ ਹਾਦਸਾ ਮੰਨਦੇ ਹੋਏ 174 ਦੀ ਕਾਰਵਾਈ ਕੀਤੀ ਸੀ ਅਤੇ ਇਸ ਤੋਂ ਬਾਅਦ ਉਸ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵੀ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਰੇਲਵੇ ਪੁਲਸ ਦੀ ਕਾਰਵਾਈ ਨੂੰ ਸਹੀ ਨਾ ਠਹਿਰਾਉਂਦੇ ਹੋਏ ਬਬਲੂ ਦੇ ਪਰਿਵਾਰ ਅਤੇ ਸਮਰਥਕਾਂ ਨੇ ਇਨਸਾਫ ਲਈ ਆਵਾਜ਼ ਚੁੱਕੀ ਅਤੇ ਸਬੰਧਤ ਪੁਲਸ ਸਟੇਸ਼ਨ ਰਾਮਾ ਮੰਡੀ ਖਿਲਾਫ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਪੁਲਸ ਨੂੰ ਮੌਕੇ 'ਤੇ ਆ ਕੇ ਕੇਸ ਦਰਜ ਕਰਨ ਲਈ ਮਜਬੂਰ ਹੋਣਾ ਪਿਆ, ਨਹੀਂ ਤਾਂ ਰੇਲਵੇ ਪੁਲਸ ਨੇ ਸਿਰਫ 174 ਦੀ ਕਾਰਵਾਈ ਵਿਚ ਹੀ ਪੂਰੇ ਮਾਮਲੇ ਨੂੰ ਰਫਾ-ਦਫਾ ਕਰ ਦੇਣਾ ਸੀ।
360 ਰੁਪਏ ਨੂੰ ਲੈ ਕੇ ਕਰ ਦਿੱਤਾ ਹਮਲਾ
ਮ੍ਰਿਤਕ ਬਬਲੂ ਦੇ ਭਰਾ ਨੇ ਦੱਸਿਆ ਕਿ ਬਬਲੂ ਨੇ ਗੁੰਡੇ ਲੈ ਕੇ ਆਏ ਰਾਮ ਸ਼ਰਨ ਦੇ 360 ਰੁਪਏ ਦੇਣੇ ਸਨ, ਜੋ ਕਿ ਉਸ ਦੇ ਚਾਚੇ ਨੇ ਰਾਮ ਸ਼ਰਨ ਨੂੰ ਉਥੇ ਆਉਂਦੇ ਦੇ ਵੀ ਦਿੱਤੇ ਪਰ ਇਸਦੇ ਬਾਵਜੂਦ ਵੀ ਉਸ ਨੇ ਆਪਣੇ ਗੁੰਡਿਆਂ ਸਮੇਤ ਬਬਲੂ 'ਤੇ ਹਥਿਆਰਾਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਬਬਲੂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਨਸ਼ੇ ਵਿਚ ਧੁੱਤ ਹਮਲਾਵਰਾਂ ਨੇ ਮਾਤਰ 360 ਰੁਪਏ ਲਈ ਬਬਲੂ ਦੀ ਜਾਨ ਲੈ ਲਈ। ਉਨ੍ਹਾਂ 'ਤੇ ਹੱਤਿਆ ਦਾ ਕੇਸ ਦਰਜ ਹੋਣਾ ਚਾਹੀਦਾ ਹੈ।