ਕੇਂਦਰ ਦੀ ਤਰ੍ਹਾਂ ਕੈਪਟਨ ਸਰਕਾਰ ਵੀ ਕਿਸਾਨੀ ਸੰਘਰਸ਼ ਨੂੰ ਦਬਾਉਣ ਦੀ ਤਾਕ ’ਚ: ਰੁਲਦੂ ਸਿੰਘ ਮਾਨਸਾ

03/20/2021 7:31:48 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਕੁਲਦੀਪ ਰਿਣੀ, ਖ਼ੁਰਾਣਾ): ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਧਰਨਿਆਂ ’ਤੇ ਡਟੇ ਕਿਸਾਨਾਂ ਦੀ ਹਮਾਇਤ ਵਜੋਂ ਸਥਾਨਕ ਅਨਾਜ ਮੰਡੀ ਵਿਖੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਵੱਡਾ ਇਕੱਠ ਕੀਤਾ ਗਿਆ, ਜਿਸ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਕੀਤਾ।ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਫੇਲ੍ਹ ਕਰਨਾ ਚਾਹੁੰਦੀ ਹੈ, ਪਰ ਕਿਸਾਨ ਕਿਸੇ ਜਬਰ ਅੱਗੇ ਝੁਕਣ ਵਾਲੇ ਨਹੀਂ, ਸਗੋਂ ਕਿਸਾਨ ਹੋਰ ਜ਼ਿਆਦਾ ਵੱਡੀ ਗਿਣਤੀ ’ਚ ਇੱਕਜੁੱਟ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸਾਰੇ ਅਦਾਰਿਆਂ ਨੂੰ ਨਿੱਜੀ ਕਾਰਪੋਰੇਟਾਂ ਦੇ ਹਵਾਲੇ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਸਰਕਾਰ ਦੀ ਦੋਗਲੀ ਨੀਤੀ ਦੀ ਝਲਕ ਹੈ। ਉਨ੍ਹਾਂ ਕਿਹਾ ਕਿ ਐਨਾ ਹੀ ਨਹੀਂ, ਸਰਕਾਰ ਹੁਣ ਖੇਤੀ ਨੂੰ ਵੀ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਨ ਜਾ ਰਹੀ ਹੈ ਤੇ ਐਫ.ਸੀ.ਆਈ. ਮੁਲਾਜ਼ਮਾਂ, ਪੱਲੇਦਾਰਾਂ, ਆੜ੍ਹਤੀਆਂ, ਸ਼ੈਲਰਾਂ ਦੇ ਰੁਜ਼ਗਾਰ ਖੋਹਣ ਦੀ ਤਿਆਰੀ ’ਚ ਹੈ, ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਮਾਨਸਾ: ਮੋਟਰ ਸਾਇਕਲ ਨਾਲ ਅਵਾਰਾ ਪਸ਼ੂ ਟਕਰਾਉਣ ਕਾਰਨ ਜਹਾਨੋਂ ਤੁਰ ਗਿਆ ਮਾਪਿਆਂ ਦਾ ਗੱਭਰੂ ਪੁੱਤ

PunjabKesari

ਉਨ੍ਹਾਂ ਕਿਹਾ ਕਿ ਇਹ ਕਾਲੇ ਕਾਨੂੰਨ ਹਰ ਵਰਗ ਲਈ ਘਾਤਕ ਹਨ, ਜਿਨ੍ਹਾਂ ਨੂੰ ਸਿਰਫ਼ ਰੱਦ ਹੀ ਕੀਤਾ ਜਾਣਾ ਚਾਹੀਦਾ ਹੈ। ਰੁਲਦੂ ਸਿੰਘ ਨੇ ਕਿਹਾ ਕਿ ਸਰਕਾਰ ਨੇ ਤੇਲ ਤੇ ਰਸੋਈ ਗੈਸ ਕੀਮਤਾਂ ਵਧਾਈਆਂ ਹਨ, ਜਿਸਦਾ ਅਸਰ ਆਮ ਜਨਤਾ ’ਤੇ ਪਿਆ ਹੈ, ਪਰ ਸਰਕਾਰ ਵਾਅਦੇ ਵਫ਼ਾ ਕਰਨ ਦੀ ਜਗ੍ਹਾ ਲੋਕਾਂ ਨੂੰ ਹੋਰ ਮੁਸੀਬਤਾਂ ਦੇ ਤੋਹਫ਼ੇ ਦੇ ਰਹੀ ਹੈ। ਉਨ੍ਹਾਂ ਸੂਬਾ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਦੀ ਤਰ੍ਹਾਂ ਕੈਪਟਨ ਸਰਕਾਰ ਵੀ ਕਿਸਾਨੀ ਅੰਦੋਲਨ ਤੋਂ ਡਰ ਗਈ ਹੈ ਤੇ ਅੰਦੋਲਨ ਖ਼ਤਮ ਕਰਨ ਲਈ ਕੋਰੋਨਾ ਦੀ ਦਹਿਸ਼ਤ ਫੈਲਾਈ ਜਾ ਰਹੀ ਹੈ। ਮਾਨਸਾ ਨੇ ਕਿਹਾ ਕਿ ਕਿਸਾਨ ਕਿਸੇ ਤਰ੍ਹਾਂ ਨਾਲ ਨਹੀਂ ਦਬਣਗੇ ਤੇ ਆਪਣਾ ਸੰਘਰਸ਼ ਜਾਰੀ ਰੱਖਣਗੇ।

ਇਹ ਵੀ ਪੜ੍ਹੋ:  ਬਠਿੰਡਾ ’ਚ ਕੋਰੋਨਾ ਦਾ ਕਹਿਰ, ਕਾਲਜ ਦੇ 4 ਵਿਦਿਆਰਥੀ ਅਤੇ 10 ਸਟਾਫ਼ ਮੈਂਬਰਾਂ ਸਣੇ 73 ਕੋਰੋਨਾ ਪਾਜ਼ੇਟਿਵ

PunjabKesari

ਇਸ ਮੌਕੇ ਆੜ੍ਹਤੀਆ ਵਰਗ ਵੱਲੋਂ ਵੀ ਕਿਸਾਨਾਂ ਦਾ ਸਮਰਥਨ ਕੀਤਾ ਗਿਆ। ਕੱਚਾ ਆੜ੍ਹਤੀਆ ਐਸੋਸ਼ੀਏਸ਼ਨ ਦੇ ਪ੍ਰਧਾਨ ਤੇਜਿੰਦਰ ਬਾਂਸਲ ਬੱਬੂ ਨੇ ਕਿਹਾ ਕਿ ਆੜ੍ਹਤੀਆਂ ਤੇ ਕਿਸਾਨਾਂ ਦਾ ਨੂੰਹ-ਮਾਸ ਦਾ ਰਿਸ਼ਤਾ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਅਲੱਗ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਵੱਲੋਂ ਹਰ ਹਾਲ ਵਿਚ ਕਿਸਾਨਾਂ ਦਾ ਸਾਥ ਦਿੱਤਾ ਜਾਵੇਗਾ।ਇਸ ਮੌਕੇ ਪ੍ਰੇਮ ਸਿੰਘ, ਸੰਯੁਕਤ ਕਿਸਾਨ ਮੋਰਚੇ ਵੱਲੋਂ ਜਸਵੀਰ ਕੌਰ, ਸੂਬਾ ਪ੍ਰੈਸ ਸਕੱਤਰ ਬਲਕਰਨ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਜਰਨੈਲ ਸਿੰਘ, ਜਨਰਲ ਸਕੱਤਰ ਕੁਲਵੰਤ ਸਿੰਘ, ਬਲਜਿੰਦਰ ਕੌਰ, ਸੁਖਵਿੰਦਰ ਕੌਰ ਆਦਿ ਤੋਂ ਇਲਾਵਾ ਆੜ੍ਹਤੀਆ ਵਰਗ ਹਾਜ਼ਰ ਸੀ।

ਇਹ ਵੀ ਪੜ੍ਹੋ:  ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਪੈਟਰੋਲ ਪੰਪਾਂ 'ਤੇ ਸਖ਼ਤੀ, ਮਾਸਕ ਪਾਏ ਬਿਨਾਂ ਨਹੀਂ ਮਿਲੇਗਾ ਤੇਲ

 


Shyna

Content Editor

Related News