ਬਲੈਰੋ ਸਵਾਰ 3 ਨੌਜਵਾਨਾਂ ਨੇ ਪਹਿਲਾਂ ਪੈਟਰੋਲ ਪੰਪ ਤੋਂ ਪਵਾਇਆ ਤੇਲ, ਫਿਰ ਕੀਤੀ ਲੁੱਟ-ਖੋਹ
Tuesday, Feb 13, 2018 - 01:52 PM (IST)

ਸਰਹਿੰਦ (ਬਖਸ਼ੀ) — ਜੀ. ਟੀ. ਰੋਡ ਥਾਣਾ ਸਰਹਿੰਦ ਦੇ ਲਗਭਗ ਇਕ ਸੌ ਮੀਟਰ ਦੀ ਦੂਰੀ 'ਤੇ ਲੱਗੇ ਨੰਦਾ ਫਿਲਿੰਗ ਸਟੇਸ਼ਨ 'ਤੇ ਬੀਤੀ ਸਵੇਰ ਕਰੀਬ 5 ਵਜੇ ਸੀ. ਸੀ.ਟੀ. ਵੀ. ਕੈਮਰੇ 'ਚ ਦਿਖਾਈ ਦਿੰਦੇ 3 ਨੌਜਵਾਨਾਂ ਵਲੋਂ ਗੱਡੀ 'ਚ ਤੇਲ ਪਵਾਉਣ ਉਪਰੰਤ 10 ਹਜ਼ਾਰ ਦੀ ਲੁੱਟ-ਖੋਹ ਕੀਤੀ ਗਈ। ਨੰਦਾ ਫਿਲਿੰਗ ਸਟੇਸ਼ਨ ਤੋਂ ਮਿਲੀ ਸੀ. ਸੀ. ਟੀ. ਵੀ. ਦੀ ਫੁਟੇਜ ਅਨੁਸਾਰ ਇਕ ਬਲੈਰੋ ਗੱਡੀ ਜਿਸ ਦੀਆਂ ਨੰਬਰ ਪਲੇਟਾਂ 'ਤੇ ਕਾਗਜ਼ ਲੱਗਾ ਹੋਇਆ ਸੀ, 'ਚ ਆਏ ਤਿੰਨ ਨੌਜਵਾਨ ਵਿਅਕਤੀਆਂ ਵਲੋਂ ਪਹਿਲਾਂ ਪੈਸੇ ਦਿਖਾਉਂਦੇ ਹੋਏ ਕਰਮਚਾਰੀ ਨੂੰ ਤੇਲ ਪਾਉਣ ਲਈ ਕਿਹਾ ਗਿਆ।
ਜਦੋਂ ਪੰਪ 'ਤੇ ਲੱਗੇ ਕਰਮਚਾਰੀ ਨੇ ਤੇਲ ਪਾ ਦਿੱਤਾ ਤਾਂ ਇਕ ਵਿਅਕਤੀ ਨੇ ਕੋਈ ਹਥਿਆਰ ਕਰਮਚਾਰੀ ਦੀ ਗਰਦਨ ਨਾਲ ਲਾਇਆ ਤੇ ਦੂਜਾ ਗੱਡੀ ਚਲਾ ਕੇ ਲਿਆਉਣ ਵਾਲਾ ਨੌਜਵਾਨ ਵਿਅਕਤੀ ਲੁੱੱਟ-ਖੋਹ ਕਰਦਾ ਦਿਖਾਈ ਦੇ ਰਿਹਾ ਹੈ, ਜਦੋਂ ਕਿ ਤੀਜਾ ਵਿਅਕਤੀ ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਬੈਠਾ ਦਿਖਾਈ ਦੇ ਰਿਹਾ ਹੈ। ਇਹ ਲੋਕ ਲੁੱਟ-ਖੋਹ ਕਰਨ ਉਪਰੰਤ ਗੱਡੀ ਰਾਹੀਂ ਫਰਾਰ ਹੋ ਗਏ। ਜਦੋਂ ਇਸ ਸੰਬੰਧੀ ਏ. ਐੱਸ. ਪੀ. ਡਾ. ਰਵਜੋਤ ਗਰੇਵਾਲ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਕਾਰਨ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।