ਜਲੰਧਰ: ਸ੍ਰੀ ਗੁਰੂ ਰਵਿਦਾਸ ਧਾਮ ਦੇ ਬਾਹਰ ਟਰਾਲੀ ਵਾਲੇ ਦੀ ਬਹਾਦਰੀ ਨਾਲ ਟਲੀ ਵਾਰਦਾਤ, ਬਦਮਾਸ਼ ਕੀਤੇ ਕਾਬੂ
Wednesday, Nov 25, 2020 - 11:32 AM (IST)
ਜਲੰਧਰ (ਸੋਨੂੰ)— ਜਲੰਧਰ ਦੇ ਬੂਟਾ ਮੰਡੀ ਇਲਾਕੇ 'ਚ ਸਥਿਤ ਸ੍ਰੀ ਗੁਰੂ ਰਵਿਦਾਸ ਧਾਮ ਨੇੜਿਓਂ ਹੈਰਾਨ ਕਰਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਥੇ ਇਕ ਟਰੈਕਟਰ-ਟਰਾਲੀ ਚਾਲਕ ਨੇ ਸਮਝਦਾਰੀ ਵਿਖਾਉਂਦੇ ਹੋਏ ਕੁੜੀ ਤੋਂ ਮੋਬਾਇਲ ਖੋਹ ਕੇ ਭੱਜ ਰਹੇ ਲੁਟੇਰਿਆਂ ਨੂੰ ਘੇਰ ਲਿਆ ਅਤੇ ਫਿਰ ਲੋਕਾਂ ਹਵਾਲੇ ਕਰ ਦਿੱਤਾ। ਇਸ ਦੌਰਾਨ ਲੋਕਾਂ ਨੇ ਬਾਈਕ ਸਵਾਰਾਂ ਦੀ ਖੂਬ ਕੁੱਟਮਾਰ ਕੀਤੀ। ਦਰਅਸਲ ਬੂਟਾ ਮੰਡੀ ਮੇਨ ਰੋਡ 'ਤੇ ਇਕ ਕੁੜੀ ਪੈਦਲ ਜਾ ਰਹੀ ਸੀ ਕਿ ਇਸੇ ਦੌਰਾਨ ਤਿੰਨ ਬਾਈਕ ਸਵਾਰ ਲੜਕੀ ਤੋਂ ਸਨੈਚਿੰਗ ਕਰਕੇ ਭੱਜੇ ਸਨ।
ਪਿਤਾ ਨੂੰ ਮਿਲਣ ਗਈ ਸੀ ਕੁੜੀ
ਪੀੜਤ ਲੜਕੀ ਅਨੂ ਨੇ ਦੱਸਿਆ ਕਿ ਉਹ ਆਪਣੇ ਪਿਤਾ ਨੂੰ ਮਿਲਣ ਲਈ ਜਲੰਧਰ ਸ਼ਹਿਰ ਆਈ ਸੀ ਅਤੇ ਉਹ ਆਪਣੇ ਪਿਤਾ ਨੂੰ ਮਿਲਣ ਲਈ ਕੰਮ ਕਰਨ ਵਾਲੀ ਜਗ੍ਹਾ 'ਤੇ ਜਾ ਰਹੀ ਸੀ ਕਿ ਪਿੱਛੋਂ ਤੋਂ ਆਏ ਬਾਈਕ ਸਵਾਰ 3 ਨੌਜਵਾਨਾਂ ਨੇ ਉਸ ਦਾ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੀ ਬਾਹ ਫੜ ਕੇ ਕੁਝ ਮੀਟਰ ਤੱਕ ਉਸ ਨੂੰ ਘੜੀਸਦੇ ਲੈ ਗਏ। ਇਸ ਦੌਰਾਨ ਪਿੱਛੇ ਤੋਂ ਆ ਰਹੇ ਟਰੈਕਟਰ ਚਾਲਕ ਨੇ ਉਸ ਨੂੰ ਟਰਾਲੀ ਹੇਠਾਂ ਆਉਣ ਤੋਂ ਬਚਾਇਆ ਅਤੇ ਤਿੰਨੋਂ ਚੋਰਾਂ ਨੂੰ ਜਾਂਦੇ ਸਮੇਂ ਸਾਈਡ ਮਾਰ ਕੇ ਰੋਕ ਲਿਆ।
ਇਸ ਤੋਂ ਬਾਅਦ ਉਨ੍ਹਾਂ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਨੇੜੇ ਹੋਰ ਵੀ ਕਈ ਲੋਕ ਇਕੱਠੇ ਹੋ ਗਏ। ਅਨੂ ਨੇ ਦੱਸਿਆ ਕਿ ਘੜੀਸਦੇ ਸਮੇਂ ਉਸ ਨੂੰ ਸੱਟਾਂ ਵੀ ਲੱਗੀਆਂ ਹਨ। ਉਸ ਨੇ ਦੱਸਿਆ ਕਿ ਇਸ ਵਾਰਦਾਤ ਸਬੰਧੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।
ਥਾਣਾ ਭਾਰਗਵ ਕੈਂਪ ਦੇ ਐੱਸ. ਐੱਚ. ਓ. ਭਗਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਉਕਤ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਨਾਲ ਸਨੈਚਿੰਗ ਦੀ ਵਾਰਦਾਤ ਹੋਈ ਹੈ। ਪੁਲਸ ਨੇ ਮੌਕੇ 'ਤੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਲੜਕੀ ਨਾਲ ਸਨੈਚਿੰਗ ਕੀਤੀ ਸੀ। ਤਿੰਨੋਂ ਮੁਲਜ਼ਮ ਸੰਜੀਵ ਕੁਮਾਰ, ਰਾਜਨ, ਹਰਦੀਪ ਸ਼ਰਮਾ ਖ਼ਿਲਾਫ਼ 379 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਹਰਦੀਪ ਸ਼ਰਮਾ 12ਵੀਂ ਦੇ ਬਾਅਦ ਆਈਲੈੱਟਸ ਕਰ ਰਿਹਾ ਸੀ ਅਤੇ ਰਵਿਦਾਸ ਨਗਰ 'ਚ ਰਹਿੰਦਾ ਸੀ।