ਹਾਈਵੇ ’ਤੇ ਲੁਟੇਰਾ ਗਿਰੋਹ ਸਰਗਰਮ, ਪੁਲਸ ਮੁਲਾਜ਼ਮ ਦੇ ਰਿਸ਼ਤੇਦਾਰ ਸਮੇਤ ਪ੍ਰਵਾਸੀ ਨੂੰ ਬਣਾਇਆ ਨਿਸ਼ਾਨਾ

Tuesday, Nov 26, 2024 - 07:08 AM (IST)

ਜਲੰਧਰ (ਵਰੁਣ) : ਜਲੰਧਰ ਹਾਈਵੇ ’ਤੇ ਖੁਦ ਨੂੰ ਪੁਲਸ ਮੁਲਾਜ਼ਮ ਦੱਸ ਕੇ ਲੋਕਾਂ ਦੇ ਵਾਹਨ ਰੋਕ ਉਨ੍ਹਾਂ ਨੂੰ ਆਪਣੀ ਸਵਿਫਟ ਡਿਜ਼ਾਇਰ ਗੱਡੀ ਵਿਚ ਜ਼ਬਰਦਸਤੀ ਬਿਠਾ ਕੇ ਲੁੱਟਣ ਤੋਂ ਬਾਅਦ ਕੁਝ ਦੂਰੀ ’ਤੇ ਸੁੱਟਣ ਵਾਲਾ ਲੁਟੇਰਾ ਗਿਰੋਹ ਸਰਗਰਮ ਹੈ। ਇਨ੍ਹਾਂ ਲੁਟੇਰਿਆਂ ਦੇ ਗਿਰੋਹ ਨੇ 2 ਦਿਨਾਂ ਵਿਚ ਪੁਲਸ ਮੁਲਾਜ਼ਮ ਦੇ ਰਿਸ਼ਤੇਦਾਰ ਸਮੇਤ ਲੇਬਰ ਦਾ ਕੰਮ ਕਰਨ ਵਾਲੇ ਪ੍ਰਵਾਸੀ ਤੱਕ ਨੂੰ ਲੁੱਟ ਲਿਆ। ਜਿਸ ਮੋਬਾਈਲ ਵਿਚ ਗੂਗਲ ਪੇਅ ਜਾਂ ਪੇਟੀਅਮ ਹੁੰਦਾ ਹੈ, ਲੁਟੇਰੇ ਉਸਦਾ ਪਾਸਵਰਡ ਵੀ ਲੈ ਰਹੇ ਹਨ। ਥਾਣਾ ਨੰਬਰ 8 ਵਿਚ ਇਸ ਸਬੰਧੀ ਸ਼ਿਕਾਇਤਾਂ ਦੇ ਦਿੱਤੀਆਂ ਗਈਆਂ ਹਨ।

ਪਹਿਲੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਰਵੀ ਕੁਮਾਰ ਨਿਵਾਸੀ ਬੁਲੰਦਪੁਰ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਸਾਥੀ ਨਾਲ ਮੋਟਰਸਾਈਕਲ ’ਤੇ ਕੈਂਟ ਵਿਚ ਇਕ ਵਿਆਹ ਵਿਚ ਕੰਮ ਕਰ ਕੇ ਘਰ ਮੁੜ ਰਿਹਾ ਸੀ। ਟਰਾਂਸਪੋਰਟ ਚੌਕ ਵਿਚ ਪਹੁੰਚੇ ਤਾਂ ਉਨ੍ਹਾਂ ਪਿਸ਼ਾਬ ਕਰਨ ਲਈ ਮੋਟਰਸਾਈਕਲ ਰੋਕ ਲਿਆ। ਇਸੇ ਦੌਰਾਨ ਇਕ ਸਵਿਫਟ ਡਿਜ਼ਾਇਰ ਉਨ੍ਹਾਂ ਕੋਲ ਆ ਕੇ ਰੁਕੀ, ਜਿਸ ਵਿਚੋਂ ਕੁਝ ਨੌਜਵਾਨ ਬਾਹਰ ਨਿਕਲੇ ਅਤੇ ਖੁਦ ਨੂੰ ਪੁਲਸ ਕਰਮਚਾਰੀ ਦੱਸ ਕੇ ਰਸਤੇ ਵਿਚ ਮੋਟਰਸਾਈਕਲ ਖੜ੍ਹਾ ਕਰਨ ’ਤੇ 10 ਹਜ਼ਾਰ ਦਾ ਚਲਾਨ ਕੱਟਣ ਬਾਰੇ ਕਹਿਣ ਲੱਗੇ।

ਇਹ ਵੀ ਪੜ੍ਹੋ : Airtel ਕਸਟਮਰ ਕੇਅਰ ਦੇ ਨਾਂ 'ਤੇ ਵੱਡਾ ਗੋਲਮਾਲ, ਸ਼ਖਸ ਦੇ ਅਕਾਊਂਟ 'ਚੋਂ ਅਚਾਨਕ ਗ਼ਾਇਬ ਹੋ ਗਏ 3 ਲੱਖ

ਰਵੀ ਨੇ ਇੰਨੇ ਪੈਸੇ ਨਾ ਹੋਣ ਦੀ ਗੱਲ ਕਹੀ ਤਾਂ ਉਕਤ ਨਕਲੀ ਪੁਲਸ ਕਰਮਚਾਰੀਆਂ ਨੇ ਕਾਰ ਵਿਚ ਮਹਿਲਾ ਇੰਸਪੈਕਟਰ ਦੇ ਬੈਠੇ ਹੋਣ ਬਾਰੇ ਦੱਸਿਆ ਅਤੇ ਕਿਹਾ ਕਿ ਉਹ ਬਹੁਤ ਸਖ਼ਤ ਅਫਸਰ ਹੈ। ਜੇਕਰ ਡੀਲ ਨਾ ਕੀਤੀ ਤਾਂ ਉਹ ਜੇਲ੍ਹ ਵਿਚ ਸੁੱਟ ਦੇਵੇਗੀ। ਉਸ ਨੇ ਵਿਰੋਧ ਕੀਤਾ ਤਾਂ 2 ਨੌਜਵਾਨਾਂ ਨੇ ਰਵੀ ਨੂੰ ਜ਼ਬਰਦਸਤੀ ਗੱਡੀ ਵਿਚ ਸੁੱਟਣ ਦੀ ਕੋਸ਼ਿਸ਼ ਕੀਤੀ। ਉਸਦੇ ਸਾਥੀ ਨੇ ਬਚਾਉਣਾ ਚਾਹਿਆ ਤਾਂ ਉਕਤ ਨੌਜਵਾਨਾਂ ਨੇ ਉਸ ਨੂੰ ਧਮਕੀ ਦੇ ਕੇ ਭਜਾ ਦਿੱਤਾ, ਜਦੋਂਕਿ ਉਸ ਨੂੰ ਜ਼ਬਰਦਸਤੀ ਗੱਡੀ ਵਿਚ ਬਿਠਾ ਕੇ ਸੁੱਚੀ ਪਿੰਡ ਵਾਲੀ ਸਾਈਡ ਲੈ ਗਏ, ਜਿਨ੍ਹਾਂ ਨੇ ਸੁੰਨਸਾਨ ਜਗ੍ਹਾ ਦੇਖ ਕੇ ਤਲਾਸ਼ੀ ਲਈ ਪਰ ਕੋਈ ਪੈਸਾ ਨਾ ਮਿਲਣ ’ਤੇ ਮੋਬਾਈਲ ਅਤੇ ਡਰਾਈਵਿੰਗ ਲਾਇਸੈਂਸ ਲੈ ਲਿਆ।

ਮੋਬਾਈਲ ਵਿਚ ਗੂਗਲ ਪੇਅ ਦਾ ਪਾਸਵਰਡ ਮੰਗਣ ’ਤੇ ਵੀ ਰਵੀ ਨੇ ਮਨ੍ਹਾ ਕੀਤਾ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ, ਜਿਸ ਕਾਰਨ ਰਵੀ ਨੂੰ ਪਾਸਵਰਡ ਦੇਣਾ ਪਿਆ। ਮੁਲਜ਼ਮ ਉਸ ਨੂੰ ਉਥੇ ਹੀ ਸੁੱਟ ਕੇ ਫ਼ਰਾਰ ਹੋ ਗਏ। ਇਸ ਗਿਰੋਹ ਵਿਚ ਇਕ ਔਰਤ ਵੀ ਸ਼ਾਮਲ ਹੈ। ਇਸੇ ਲੁਟੇਰਾ ਗਿਰੋਹ ਨੇ ਵਿਆਹ ਸਮਾਰੋਹ ਤੋਂ ਮੁੜ ਰਹੇ ਪੁਲਸ ਕਰਮਚਾਰੀ ਦੇ ਰਿਸ਼ਤੇਦਾਰਾਂ ਦੀ ਗੱਡੀ ਨੂੰ ਟੱਕਰ ਮਾਰ ਕੇ ਰੋਕ ਲਿਆ ਅਤੇ ਜ਼ਬਰਦਸਤੀ ਗੱਡੀ ਵਿਚ ਸੁੱਟ ਕੇ ਸਬਜ਼ੀ ਮੰਡੀ ਮਕਸੂਦਾਂ ਨੇੜੇ ਲਿਜਾ ਕੇ ਪੈਸੇ ਲੁੱਟ ਕੇ ਫ਼ਰਾਰ ਹੋ ਗਏ। ਦੋਵੇਂ ਸ਼ਿਕਾਇਤਾਂ ਥਾਣਾ ਨੰਬਰ 8 ਦੀ ਪੁਲਸ ਨੂੰ ਦੇ ਦਿੱਤੀਆਂ ਗਈਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Sandeep Kumar

Content Editor

Related News