ਬੱਸਾਂ ਵਾਲੇ ਸੜਕ ਵਿਚਕਾਰ ਉਤਾਰਦੇ ਹਨ ਸਵਾਰੀਆਂ

Saturday, Mar 24, 2018 - 08:26 AM (IST)

ਬੱਸਾਂ ਵਾਲੇ ਸੜਕ ਵਿਚਕਾਰ ਉਤਾਰਦੇ ਹਨ ਸਵਾਰੀਆਂ

ਫ਼ਰੀਦਕੋਟ (ਹਾਲੀ) - ਫ਼ਰੀਦਕੋਟ ਸ਼ਹਿਰ ਵਿਚਲੇ ਟ੍ਰੈਫ਼ਿਕ ਨੂੰ ਕੰਟਰੋਲ ਕਰਨ ਲਈ ਭਾਵੇਂ ਪੁਲਸ ਨੇ 2 ਟ੍ਰੈਫ਼ਿਕ ਇੰਚਾਰਜ ਲਾਏ ਹੋਏ ਹਨ, ਪਰ ਇਸ ਦੇ ਬਾਵਜੂਦ ਬੱਸਾਂ ਵਾਲੇ ਇਨ੍ਹਾਂ ਦੀ ਪ੍ਰਵਾਹ ਕੀਤੇ ਬਿਨਾਂ ਸੜਕ ਵਿਚਕਾਰ ਸਵਾਰੀਆਂ ਉਤਾਰਦੇ ਹਨ, ਜਿਸ ਕਾਰਨ ਲੰਬਾ ਜਾਮ ਤਾਂ ਲੱਗਦਾ ਹੀ ਹੈ, ਹਾਦਸਿਆਂ ਦਾ ਵੀ ਕਾਰਨ ਬਣ ਰਹੇ ਹਨ। ਪਿਛਲੇ ਹਫ਼ਤੇ ਸ਼ਹਿਰ ਵਿਚ ਸੜਕ ਦਰਮਿਆਨ ਬੱਸਾਂ ਰੋਕ ਕੇ ਸਵਾਰੀਆਂ ਉਤਾਰਨ ਦਾ ਮਾਮਲਾ ਉਠਾਇਆ ਗਿਆ ਸੀ ਕਿ ਕਿਸ ਤਰ੍ਹਾਂ ਜਾਮ ਲੱਗ ਰਿਹਾ ਹੈ ਅਤੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ 'ਤੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਬੱਸਾਂ ਵਾਲਿਆਂ ਦੀ ਮਨਮਾਨੀ ਉਸੇ ਤਰੀਕੇ ਜਾਰੀ ਹੈ। ਹੁਣ ਨਵਾਂ ਮਾਮਲਾ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾ ਹੈ, ਜਿਥੇ ਹਰ ਰੋਜ਼ ਹਜ਼ਾਰਾਂ ਮਰੀਜ਼ ਅਤੇ ਸੈਂਕੜੇ ਗੱਡੀਆਂ ਆਉਂਦੀਆਂ ਹਨ। ਹਸਪਤਾਲ ਦੇ ਅੰਦਰ ਵਾਹਨਾਂ ਦੀ ਪਰਚੀ ਲੱਗਣ ਕਰ ਕੇ ਲੋਕ ਪੈਸੇ ਬਚਾਉਣ ਲਈ ਇਹ ਗੱਡੀਆਂ ਹਸਪਤਾਲ ਦੇ ਬਾਹਰ ਮੇਨ ਸੜਕ 'ਤੇ ਖੜ੍ਹੀਆਂ ਕਰ ਦਿੰਦੇ ਹਨ। ਇਸ ਸੜਕ 'ਤੇ ਪਹਿਲਾਂ ਹੀ ਇਕ ਪਾਸੇ ਦਵਾਈਆਂ ਦੀਆਂ ਦੁਕਾਨਾਂ ਹਨ ਅਤੇ ਦੂਜੇ ਪਾਸੇ ਲੋਕਾਂ ਨੇ ਨਾਜਾਇਜ਼ ਕਬਜ਼ੇ ਕਰ ਕੇ ਆਪਣੇ ਕੰਮਕਾਜ ਚਲਾਏ ਹੋਏ ਹਨ। ਇਨ੍ਹਾਂ ਦੁਕਾਨਾਂ ਦੇ ਟ੍ਰੈਫ਼ਿਕ ਅਤੇ ਬਾਹਰੋਂ ਆਏ ਵਾਹਨਾਂ ਦੇ ਟ੍ਰੈਫ਼ਿਕ ਕਰ ਕੇ ਸੜਕ ਦਾ ਬਹੁਤਾ ਹਿੱਸਾ ਰੁਕਿਆ ਰਹਿੰਦਾ ਹੈ ਅਤੇ ਇੱਥੋਂ ਦੀ ਲੰਘਣ ਲਈ ਬਹੁਤ ਘੱਟ ਜਗ੍ਹਾ ਰਹਿ ਜਾਂਦੀ ਹੈ।
ਜ਼ਿਕਰਯੋਗ ਕਿ ਮੈਡੀਕਲ ਹਸਪਤਾਲ ਲਈ ਆਈਆਂ ਸਵਾਰੀਆਂ ਨੂੰ ਬੱਸਾਂ ਵਿਚੋਂ ਉਤਾਰਨ ਲਈ ਬੱਸਾਂ ਵਾਲੇ ਸੜਕ ਦੇ ਵਿਚਕਾਰ ਹੀ ਬੱਸਾਂ ਰੋਕਦੇ ਹਨ ਅਤੇ ਦੂਜਾ ਦੋਵੇਂ ਪਾਸੇ ਪਹਿਲਾਂ ਹੀ ਜਗ੍ਹਾ ਨਾ ਹੋਣ ਕਾਰਨ ਬਾਕੀ ਆਉਣ-ਜਾਣ ਵਾਲਿਆਂ ਨੂੰ ਸੜਕ ਵਿਚਕਾਰ ਹੀ ਰੁਕਣਾ ਪੈਂਦਾ ਹੈ ਅਤੇ ਕਈ ਵਾਰ ਇਹ ਲਾਈਨ 100 ਮੀਟਰ ਤੋਂ ਲੰਬੀ ਹੋ ਜਾਂਦੀ ਹੈ।
ਹਸਪਤਾਲ ਲਈ ਅਕਸਰ ਹੀ ਆਉਣ ਵਾਲੇ ਲੋਕਾਂ ਵਿਚ ਬਹੁਤੇ ਲੋਕ ਬੀਮਾਰ ਹੁੰਦੇ ਹਨ ਅਤੇ ਬੱਸ ਤੋਂ ਉਤਰਨ ਲਈ ਵੱਧ ਸਮਾਂ ਲਾਉਂਦੇ ਹਨ। ਇਸ ਕਰ ਕੇ ਬੱਸ ਦੇ ਅੱਗੇ-ਪਿੱਛੇ ਜਾਮ ਲੱਗ ਜਾਂਦਾ ਹੈ, ਜੋ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੱਕ ਅਤੇ ਦੂਜੇ ਪਾਸੇ ਗਿਆਨੀ ਜ਼ੈਲ ਸਿੰਘ ਮਾਰਕੀਟ ਤੱਕ ਜਾਰੀ ਰਹਿੰਦਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਹਸਪਤਾਲ ਦੇ ਗੇਟਾਂ 'ਤੇ ਟ੍ਰੈਫ਼ਿਕ ਕਰਮਚਾਰੀ ਤਾਇਨਾਤ ਕੀਤੇ ਜਾਣ, ਤਾਂ ਜੋ ਇਥੇ ਟ੍ਰੈਫ਼ਿਕ ਜਾਮ ਦੀ ਸਮੱਸਿਆ ਤੋਂ ਬਚਿਆ ਜਾ ਸਕੇ, ਅਜਿਹਾ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਵਿਚ ਕੋਈ ਵੱਡਾ ਹਾਦਸਾ ਹੋ ਸਕਦਾ ਹੈ।


Related News