ਪਰਾਲੀ ਦੇ ਧੂੰਏਂ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ, ਔਰਤ ਦੀ ਮੌਤ

Thursday, Nov 19, 2026 - 10:22 PM (IST)

ਪਰਾਲੀ ਦੇ ਧੂੰਏਂ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ, ਔਰਤ ਦੀ ਮੌਤ

ਦੋਰਾਹਾ (ਰਣਧੀਰ ਧੀਰਾ, ਵਿਨਾਇਕ) - ਪਿੰਡ ਜੈਪੁਰਾ ਨੇੜੇ ਸੜਕ ਕਿਨਾਰੇ ਖੇਤ ਵਿਚ ਪਰਾਲੀ ਨੂੰ ਲਾਈ ਅੱਗ ਦੇ ਸੰਘਣੇ ਧੂੰਏਂ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ। ਹਾਦਸੇ ਵਿਚ ਦੋ ਮੋਟਰਸਾਈਕਲਾਂ ਅਤੇ ਇਕ ਕਾਰ ਦੀ ਆਪਸ ਵਿਚ ਜ਼ਬਰਦਸਤ ਟੱਕਰ ਹੋ ਗਈ, ਜਿਸ ਦੌਰਾਨ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।

ਮੌਕੇ ’ਤੇ ਮੌਜੂਦ ਚਸ਼ਮਦੀਦ ਰਮਨਦੀਪ ਸਿੰਘ ਮੁਤਾਬਕ ਸੜਕ ਦੇ ਨਾਲ ਲੱਗਦੇ ਕਿਸਾਨ ਗੁਰਦੀਪ ਸਿੰਘ ਦੇ ਖੇਤ ਵਿਚ ਪਰਾਲੀ ਨੂੰ ਅੱਗ ਲੱਗੀ ਹੋਈ ਸੀ। ਅੱਗ ਦਾ ਧੂੰਆਂ ਸੜਕ ’ਤੇ ਫੈਲਣ ਕਾਰਨ ਵਿਜ਼ੀਬਿਲਟੀ ਬਿਲਕੁਲ ਘੱਟ ਗਈ, ਜਿਸ ਕਾਰਨ ਸਾਹਮਣਿਓਂ ਆ ਰਹੀ ਕਾਰ ਅਤੇ ਦੋ ਮੋਟਰਸਾਈਕਲ ਆਪਸ ਵਿਚ ਟਕਰਾ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਵਾਹਨ ਸਵਾਰ ਸਿੱਧੇ ਅੱਗ ਵਾਲੇ ਖੇਤ ਵਿਚ ਜਾ ਡਿੱਗੇ।

​ਪੁਲਸ ਅਧਿਕਾਰੀ ਡੀ.ਐੱਸ.ਪੀ. ਹਰਮਨਪ੍ਰੀਤ ਸਿੰਘ ਚੀਮਾ ਅਨੁਸਾਰ ਪਿੰਡ ਸ਼ਾਹਪੁਰ ਦੀ ਰਹਿਣ ਵਾਲੀ ਕਰੀਬ 50-55 ਸਾਲਾ ਮਨਜੀਤ ਕੌਰ ਦੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾ ਦੇ ਨਾਲ ਸਫ਼ਰ ਕਰ ਰਹੇ ਉਸ ਦੇ ਪਤੀ ਨੂੰ ਵੀ ਕਈ ਥਾਵਾਂ ’ਤੇ ਫਰੈਕਚਰ ਆਏ ਹਨ, ਜਿਨ੍ਹਾਂ ਨੂੰ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਰੈਫਰ ਕਰ ਦਿੱਤਾ ਹੈ।

​ਇਸ ਤੋਂ ਇਲਾਵਾ ਦੂਜੇ ਮੋਟਰਸਾਈਕਲ ’ਤੇ ਸਵਾਰ ਪਾਇਲ ਦੇ ਰਹਿਣ ਵਾਲੇ ਜਸਪਾਲ ਸਿੰਘ ਅਤੇ ਸੁਰਿੰਦਰ ਸਿੰਘ ਵੀ ਗੰਭੀਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦੀਆਂ ਲੱਤਾਂ ਅਤੇ ਬਾਹਾਂ ਟੁੱਟ ਗਈਆਂ ਹਨ। ਦੋਵਾਂ ਜ਼ਖ਼ਮੀਆਂ ਨੂੰ ਇਲਾਜ ਲਈ ਸਿੱਧੂ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਐੱਸ.ਡੀ.ਐੱਮ. ਪਾਇਲ ਅਤੇ ਪੁਲਸ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਦੇਖ-ਰੇਖ ਕੀਤੀ ਜਾ ਰਹੀ ਹੈ।

ਡੀ.ਐੱਸ.ਪੀ. ਚੀਮਾ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜੈਪੁਰਾਂ ਦੇ ਕਿਸਾਨ ਗੁਰਦੀਪ ਸਿੰਘ ਵਲੋਂ ਸੜਕ ਕੰਢੇ 2-3 ਵਿਘੇ ਪਰਾਲੀ ਨੂੰ ਅੱਗ ਲਾਈ ਗਈ ਸੀ, ਜਿਸ ਦੀ ਅਣਗਹਿਲੀ ਕਾਰਨ ਇਹ ਵੱਡਾ ਹਾਦਸਾ ਵਾਪਰਿਆ। ਪੁਲਸ ਵਲੋਂ ਸਬੰਧਤ ਕਿਸਾਨ ਖ਼ਿਲਾਫ਼ ਮਾਮਲਾ ਦਰਜ ਕਰ ਕੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
 


author

Inder Prajapati

Content Editor

Related News