ਮੋਦੀ ਦੀ ਰੈਲੀ ਤੋਂ ਵਾਪਸ ਆਉਂਦਿਆਂ ਵਾਪਰਿਆ ਭਿਆਨਕ ਹਾਦਸਾ, 3 ਭਰਾਵਾਂ ਦੀ ਮੌਤ

Saturday, May 11, 2019 - 04:45 PM (IST)

ਮੋਦੀ ਦੀ ਰੈਲੀ ਤੋਂ ਵਾਪਸ ਆਉਂਦਿਆਂ ਵਾਪਰਿਆ ਭਿਆਨਕ ਹਾਦਸਾ, 3 ਭਰਾਵਾਂ ਦੀ ਮੌਤ

ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ)— ਹੁਸ਼ਿਆਰਪੁਰ-ਫਗਵਾੜਾ ਮੇਨ ਰੋਡ 'ਤੇ ਥਾਣਾ ਮੇਹਟਿਆਣਾ ਅਧੀਨ ਪੈਂਦੇ ਪਿੰਡ ਮਨਰਾਈਆਂ  ਨੇੜੇ ਸ਼ੁੱਕਰਵਾਰ ਦੇਰ ਰਾਤ ਭਿਆਨਕ ਸੜਕ ਹਾਦਸਾ ਹੋਣ ਕਰਕੇ 2 ਸਕੇ ਭਰਾਵਾਂ ਸਮੇਤ ਚਚੇਰੇ ਭਰਾ ਸਣੇ 3 ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸਕੇ ਭਰਾ ਰਾਹੁਲ (25) ਅਤੇ ਸੋਮਪਾਲ (19) ਪੁੱਤਰ ਛਤਰਪਾਲ ਅਤੇ ਚਚੇਰੇ ਭਰਾ ਰਮਾਸ਼ੰਕਰ (22) ਪੁੱਤਰ ਨਨਕੁਰਾਮ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਤਿੰਨੋਂ ਸ਼ੁੱਕਰਵਾਰ ਹੁਸ਼ਿਆਰਪੁਰ ਦੇ ਰੋਸ਼ਨ ਗਰਾਊਂਡ 'ਚ ਆਯੋਜਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ ਆਪਣੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਗਵਾੜਾ ਵਾਪਸ ਮਨਰਾਈਆਂ ਪਿੰਡ ਨੇੜੇ ਪਹਿਲਾਂ ਬੱਸ ਨਾਲ ਅਤੇ ਬਾਅਦ 'ਚ ਟਰੱਕ ਦੀ ਲਪੇਟ 'ਚ ਆਉਣ ਨਾਲ ਮੌਤ ਦੇ ਸ਼ਿਕਾਰ ਹੋ ਗਏ। 
ਕਿਵੇਂ ਹੋਏ ਤਿੰਨੋਂ ਬਾਈਕ ਸਵਾਰ ਹਾਦਸੇ ਦੇ ਸ਼ਿਕਾਰ 
ਥਾਣਾ ਮੇਹਟਿਆਣਾ ਪੁਲਸ ਮੁਤਾਬਕ ਇਕ ਹੀ ਬਾਈਕ ਸਵਾਰ ਰਾਹੁਲ, ਸੋਮਪਾਲ ਅਤੇ ਰਮਾਸ਼ੰਕਰ ਰਾਤ ਸਾਢੇ 7 ਵਜੇ ਦੇ ਕਰੀਬ ਮਨਰਾਈਆਂ ਪਿੰਡ ਦੇ ਪਾਰ ਕਰਦੇ ਹੀ ਪਿੱਛੇ ਤੋਂ ਆ ਰਹੀ ਬੱਸ ਦੀ ਲਪੇਟ 'ਚ ਆ ਗਏ। ਬੱਸ ਦੀ ਲਪੇਟ 'ਚ ਆਉਣ ਨਾਲ ਤਿੰਨੋਂ ਬਾਈਕ ਸਵਾਰ ਬਾਈਕ ਤੋਂ ਡਿੱਗ ਗਏ ਕਿ ਇਸੇ ਦੌਰਾਨ ਸਾਹਮਣੇ ਤੋਂ ਆ ਰਹੇ ਟਰੱਕ ਦੀ ਲਪੇਟ 'ਚ ਆ ਗਏ। 

PunjabKesari

ਦੋਵੇਂ ਬੇਟਿਆਂ ਦੀ ਮੌਤ ਨੇ ਤਾਂ ਮੇਰੀ ਦੁਨੀਆ ਹੀ ਉਜਾੜ ਦਿੱਤੀ 
ਸਿਵਲ ਹਸਪਤਾਲ ਕੰਪਲੈਕਸ 'ਚ ਆਪਣੇ ਦੋਵੇਂ ਹੀ ਬੇਟੇ ਰਾਹੁਲ ਅਤੇ ਸੋਮਪਾਲ ਨੂੰ ਖੋਹ ਚੁੱਕੇ ਪਿਤਾ ਛਤਰਪਾਲ ਨੇ ਰੋਂਦੇ ਹੋਏ ਦੱਸਿਆ ਕਿ ਬੀਤੇ ਸ਼ੁੱਕਰਵਾਰ ਨੂੰ ਫਗਵਾੜਾ ਤੋਂ ਸਾਰੇ ਮੋਦੀ ਦਾ ਭਾਸ਼ਣ ਸੁਣਨ ਲਈ ਬੜੇ ਚਾਵਾਂ ਨਾਲ ਹੁਸ਼ਿਆਰਪੁਰ ਆਏ ਸਨ ਪਰ ਸਾਨੂੰ ਕੀ ਪਤਾ ਸੀ ਕਿ ਉਹ ਵਾਪਸ ਆਉਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਜਾਣਗੇ। ਬਾਹਰੀ ਸੂਬੇ ਤੋਂ ਆ ਕੇ ਫਗਵਾੜਾ 'ਚ ਉਹ ਮਿਹਨਤ-ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰ ਰਹੇ ਸਨ। ਹੁਣ ਦੋਵੇਂ ਹੀ ਬੇਟਿਆਂ ਦੀ ਮੌਤ ਨੇ ਮੇਰੀ ਤਾਂ ਦੁਨੀਆ ਹੀ ਉਜਾੜ ਦਿੱਤੀ ਹੈ। ਇਹੀ ਹਾਲ 5 ਭਰਾਵਾਂ 'ਚੋਂ ਰਮਾਸ਼ੰਕਰ ਦੀ ਮੌਤ ਨੇ ਵੀ ਪਰਿਵਾਰ ਨੂੰ ਨਾ ਭੁੱਲਣ ਵਾਲਾ ਜ਼ਖਮ ਦੇ ਦਿੱਤਾ ਹੈ। 

PunjabKesari

ਪੁਲਸ ਨੇ ਟਰੱਕ ਅਤੇ ਬੱਸ ਨੂੰ ਕੀਤਾ ਨਾਮਜ਼ਦ 
ਥਾਣਾ ਮੇਹਟਿਆਣਾ 'ਚ ਤਾਇਨਾਤ ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਜੁਗਰਾਜ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਪੁਲਸ ਸਮੇਤ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਗੰਭੀਰ ਹਾਲਤ 'ਚ ਜ਼ਖਮੀ ਹੋਏ ਸੋਮਪਾਲ ਅਤੇ ਰਮਾਸ਼ੰਕਰ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਸੋਮਪਾਲ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਰਾਹੁਲ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਜ਼ਖਮੀ ਰਮਾਸ਼ੰਕਰ ਨੂੰ ਰੈਫਰ ਕਰਕੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਦੇਰ ਰਾਤ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਪਰ ਰਸਤੇ 'ਚ ਹੀ ਰਮਾਸ਼ੰਕਰ ਦੀ ਵੀ ਮੌਤ ਹੋ ਗਈ। ਪੁਲਸ ਪਰਿਵਾਰ ਵਾਲਿਆਂ ਦੇ ਬਿਆਨ 'ਤੇ ਫਰਾਰ ਹੋ ਚੁੱਕੇ ਬੱਸ ਚਾਲਕ ਦੇ ਮੌਕੇ 'ਤੇ ਹੀ ਕਾਬੂ ਟਰੱਕ ਡਰਾਈਵਰ ਆਸ਼ਿਫ ਪੁੱਤਰ ਯਾਕੁਬ ਵਾਸੀ ਮਥੁਰਾ (ਯੂ. ਪੀ) ਖਿਲਾਫ ਧਾਰਾ 279 ਅਤੇ 304 ਦੇ ਅਧੀਨ ਕੇਸ ਦਰਜ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰ ਹਵਾਲੇ ਕਰ ਦਿੱਤੀਆਂ। 
 

PunjabKesari
ਦੱਸਣਯੋਗ ਹੈ ਕਿ ਮੋਦੀ ਦੀ ਰੈਲੀ ਤੋਂ ਇਕ ਦਿਨ ਪਹਿਲਾਂ ਯਾਨੀ ਵੀਰਵਾਰ ਵੀ ਹੁਸ਼ਿਆਰਪੁਰ 'ਚ ਭਿਆਨਕ ਹਾਦਸਾ ਵਾਪਰਨ ਕਰਕੇ ਪੀਰ ਨਿਗਾਹੇ ਤੋਂ ਮੱਥਾ ਟੇਕ ਕੇ ਵਾਪਸ ਰਹੇ ਸ਼ਰਧਾਲੂਆਂ 'ਚੋਂ 10 ਸ਼ਰਧਾਲੂਆਂ ਦੀ ਮੌਤ ਅਤੇ 13 ਦੇ ਕਰੀਬ ਜ਼ਖਮੀ ਹੋ ਗਏ ਸਨ। ਇਹ ਹਾਦਸਾ ਪਿਕਅੱਪ ਵੈਨ ਦੇ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਰਿਕਸ਼ੇ ਨਾਲ ਜ਼ਬਰਦਸਤ ਟੱਕਰ ਹੋਣ ਕਰਕੇ ਵਾਪਰਿਆ ਸੀ। ਵੀਰਵਾਰ ਵੀ ਮੋਦੀ ਦੇ ਆਉਣ ਨੂੰ ਲੈ ਕੇ ਹੁਸ਼ਿਆਰਪੁਰ 'ਚ ਭਾਰੀ ਗਿਣਤੀ 'ਚ ਸੁਰੱਖਿਆ ਫੋਰਸ ਤਾਇਨਾਤ ਸੀ, ਜਿਸ ਨੂੰ ਦੇਖ ਕੇ ਪਿਕਅੱਪ ਵੈਨ ਦਾ ਡਰਾਈਵਰ ਘਬਰਾ ਗਿਆ ਸੀ ਅਤੇ ਉਸ ਦੀ ਗੱਡੀ ਦਰੱਖਤ ਨਾਲ ਜਾ ਟਕਰਾਈ ਸੀ।


author

shivani attri

Content Editor

Related News