ਹੁਸ਼ਿਆਰਪੁਰ 'ਚ ਵਾਪਰਿਆ ਭਿਆਨਕ ਹਾਦਸਾ, 10 ਦੀ ਮੌਤ, 13 ਜ਼ਖਮੀ (ਤਸਵੀਰਾਂ)

Thursday, May 09, 2019 - 07:16 PM (IST)

ਹੁਸ਼ਿਆਰਪੁਰ 'ਚ ਵਾਪਰਿਆ ਭਿਆਨਕ ਹਾਦਸਾ, 10 ਦੀ ਮੌਤ, 13 ਜ਼ਖਮੀ (ਤਸਵੀਰਾਂ)

ਹੁਸ਼ਿਆਰਪੁਰ (ਅਮਰੀਕ, ਅਮਰਿੰਦਰ)- ਸ਼ਹਿਰ ਦੇ ਭੰਗੀ ਚੋਅ ਦੇ ਨਾਲ ਲੱਗਦੇ ਨਗਰ ਨਿਗਮ ਦਫ਼ਤਰ ਦੇ ਨੇੜੇ ਬੇਕਾਬੂ ਮਹਿੰਦਰਾ ਪਿਕਅੱਪ ਵੈਨ ਦੀ ਸਫੈਦੇ ਦੇ ਦਰਖ਼ਤ ਨਾਲ ਜ਼ੋਰਦਾਰ ਟੱਕਰ ਹੋਣ ਨਾਲ ਵੈਨ 'ਚ ਸਵਾਰ 10 ਸ਼ਰਧਾਲੂਆਂ ਦੀ ਮੌਕੇ 'ਤੇ ਮੌਤ ਹੋ ਗਈ ਤੇ 13 ਗੰਭੀਰ ਜ਼ਖਮੀ ਹੋ ਗਏ। ਹਾਦਸੇ ਦੇ ਸ਼ਿਕਾਰ ਮ੍ਰਿਤਕ ਤੇ ਜ਼ਖਮੀ ਵਿਅਕਤੀ ਦਸੂਹਾ ਦੇ ਨਾਲ ਲੱਗਦੇ ਪਿੰਡ ਸਮਾਨ ਸ਼ਹੀਦ ਤੇ ਪੱਸੀ ਬੇਟ ਦੇ ਰਹਿਣ ਵਾਲੇ ਹਨ। ਸਾਰੇ ਸ਼ਰਧਾਲੂ ਬੁੱਧਵਾਰ ਨੂੰ ਪਿਕਅੱਪ ਵੈਨ 'ਚ ਸਵਾਰ ਹੋ ਕੇ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਧਾਰਮਕ ਅਸਥਾਨ ਪੀਰ ਨਿਗਾਹੇ ਮੱਥਾ ਟੇਕਣ ਗਏ ਸੀ। ਹਾਦਸੇ 'ਚ ਪਿਕਅੱਪ ਵੈਨ ਦੇ ਚਾਲਕ ਜਸਵਿੰਦਰ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਪਿਕਅੱਪ ਵੈਨ ਦੇ ਉੱਡੇ ਪਰਖਚੇ
ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਬਾਅਦ 5 ਵਜੇ ਦੇ ਕਰੀਬ ਨਗਰ ਨਿਗਮ ਦੇ ਸਾਹਮਣੇ ਪੁਲਸ ਦਾ ਨਾਕਾ ਲੱਗਾ ਦੇਖ ਪਿਕਅੱਪ ਵੈਨ ਦਾ ਚਾਲਕ ਘਬਰਾ ਗਿਆ। ਅੱਗੇ ਜਾ ਰਹੇ ਸਾਈਕਲ ਨੂੰ ਟੱਕਰ ਮਾਰ ਕੇ ਪਿਕਅੱਪ ਵੈਨ ਬੇਕਾਬੂ ਹੋ ਸੜਕ ਕਿਨਾਰੇ ਸਫੈਦੇ ਦੇ ਦਰਖ਼ਤ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਈ। ਟੱਕਰ ਇੰਨੀ ਜ਼ੋਰਦਾਰ ਹੋਈ ਕਿ ਵੈਨ ਦੇ ਪਰਖਚੇ ਉੱਡ ਗਏ। ਹਾਦਸਾਗ੍ਰਸਤ ਵੈਨ 'ਚ ਸਵਾਰ ਜ਼ਖਮੀਆਂ ਦੀਆਂ ਚੀਕਾਂ ਸੁਣ ਕੇ ਆਸਪਾਸ ਦੇ ਲੋਕ ਮੌਕੇ 'ਤੇ ਸਹਾਇਤਾ ਲਈ ਆ ਗਏ। ਜੇ.ਸੀ.ਬੀ. ਮਸ਼ੀਨ ਦੀ ਸਹਾਇਤਾ ਨਾਲ ਜ਼ਖਮੀਆਂ ਨੂੰ ਬਾਹਰ ਕੱਢ ਇਲਾਜ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ। ਜਿੱਥੇ ਮ੍ਰਿਤਕਾਂ 'ਚ ਸ਼ਾਮਲ 2 ਬੱਚਿਆਂ, 3 ਔਰਤਾਂ ਤੇ 5 ਮਰਦਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ਲਾਸ਼ ਘਰ 'ਚ ਰੱਖਵਾ ਦਿੱਤਾ ਗਿਆ।
PunjabKesari

ਮ੍ਰਿਤਕਾਂ ਦੀ ਪਹਿਚਾਣ ਪਰਿਵਾਰਾਂ ਦੇ ਆਉਣ ਬਾਅਦ ਹੋਵੇਗੀ

ਸਿਵਲ ਹਸਪਤਾਲ 'ਚ ਜ਼ਖਮੀਆਂ ਦੀਆਂ ਚੀਕਾਂ ਸੁਣ ਮਾਹੌਲ ਗਮਗੀਨ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਡੀ. ਸੀ. ਈਸ਼ਾ ਕਾਲੀਆ, ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਸਾਬਕਾ ਮੰਤਰੀ ਤੀਕਸ਼ਣ ਸੂਦ, ਵਿਧਾਇਕ ਡਾ. ਰਾਜ ਕੁਮਾਰ, ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ 'ਆਪ' ਦੇ ਉਮੀਦਵਾਰ ਡਾ. ਰਵਜੋਤ , ਨਗਰ ਨਿਗਮ ਦੇ ਡਿਪਟੀ ਕਮਿਸ਼ਨਰ ਸੰਦੀਪ ਤਿਵਾੜੀ, ਐੱਸ.ਡੀ.ਐੱਮ. ਅਮਿਤ ਸਰੀਨ ਸਿਵਲ ਹਸਪਤਾਲ ਪਹੁੰਚ ਗਏ। ਉਨ੍ਹਾਂ ਸਿਵਲ ਸਰਜਨ ਡਾ. ਰੇਣੂ ਸੂਦ ਨੂੰ ਸਾਰੇ ਜ਼ਖਮੀਆਂ ਦਾ ਸਹੀ ਤਰੀਕੇ ਨਾਲ ਇਲਾਜ ਕਰਵਾਉਣ ਦੀ ਹਦਾਇਤ ਕੀਤੀ। ਸਿਵਲ ਸਰਜਨ ਅਨੁਸਾਰ ਮ੍ਰਿਤਕਾਂ ਦੀ ਸ਼ਨਾਖਤ ਪਰਿਵਾਰਾਂ ਦੇ ਆਉਣ ਦੇ ਬਾਅਦ ਹੀ ਸੰਭਵ ਹੈ।

PunjabKesari

ਡਿਪਟੀ ਕਮਿਸ਼ਨਰ ਵੱਲੋਂ ਮ੍ਰਿਤਕਾਂ ਦੇ ਪਰਿਵਾਰ ਨੂੰ 1 ਲੱਖ ਤੇ ਜ਼ਖਮੀਆਂ ਨੂੰ 25-25 ਹਜ਼ਾਰ ਰੁਪਏ ਦੇਣ ਦਾ ਐਲਾਨ

ਇਸ ਮੌਕੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਹਾਦਸੇ 'ਚ 10 ਮ੍ਰਿਤਕਾਂ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਦੀ ਪਾਲਿਸੀ ਮੁਤਾਬਕ 1 ਲੱਖ ਰੁਪਏ ਸਹਾਇਤਾ ਰਾਸ਼ੀ ਤੇ ਜ਼ਖਮੀਆਂ ਨੂੰ 25-25 ਹਜ਼ਾਰ ਰੁਪਏ ਦਿੱਤੇ ਜਾਣਗੇ।ਸਿਵਲ ਹਸਪਤਾਲ 'ਚ ਇਲਾਜ ਅਧੀਨ ਜ਼ਖਮੀਆਂ ਦੀ ਸੂਚੀ ਸਿਵਲ ਹਸਪਤਾਲ 'ਚ ਇਲਾਜ ਅਧੀਨ ਜ਼ਖਮੀਆਂ 'ਚ ਅਰਸ਼ਦੀਪ ਪੁੱਤਰ ਮਲਕੀਤ, ਅਕਾਸ਼ ਪੁੱਤਰ ਮਲਕੀਤ, ਲਵਦੀਪ, ਕਮਲਾ ਪਤਨੀ ਓਮ ਪ੍ਰਕਾਸ਼, ਕੋਮਲ ਪਤਨੀ ਕਮਲਜੀਤ ਸਿੰਘ, ਉਂਕਾਰ ਸਿੰਘ ਪੁੱਤਰ ਪਰਮਜੀਤ ਸਿੰਘ, ਗੁਰਬਖ਼ਸ਼ ਸਿੰਘ ਪੁੱਤਰ ਮਨਜੀਤ ਰਾਏ, ਵਿਸ਼ਾਲ ਪੁੱਤਰ ਓਮ ਪ੍ਰਕਾਸ਼, ਸੰਦੀਪ ਪੁੱਤਰ ਓਮ ਪ੍ਰਕਾਸ਼, ਜਸਵਿੰਦਰ ਸਿੰਘ ਪੁੱਤਰ ਇਕਬਾਲ ਸਿੰਘ, ਮਨੀ ਪੁੱਤਰ ਓਮ ਪ੍ਰਕਾਸ਼ ਦੇ ਇਲਾਵਾ 2 ਮਾਸੂਮ ਬੱਚੇ ਸ਼ਾਮਲ ਹਨ।

PunjabKesari


author

shivani attri

Content Editor

Related News