ਰਿਟਾਇਰਡ ਪੁਲਸ ਮੁਲਾਜ਼ਮ ਦੇ ਭਰਾ ਨੂੰ ਕੀਤਾ ਅਰਧ ਨਗਨ, ਰਗੜਨਾ ਪਿਆ ਨੱਕ, ਹੈਰਾਨ ਕਰਦਾ ਹੈ ਮਾਮਲਾ
Saturday, Sep 09, 2023 - 12:21 PM (IST)
ਫਿਲੌਰ (ਭਾਖੜੀ) : ਮੁਹੱਲੇ ’ਚ ਨਾਜਾਇਜ਼ ਸ਼ਰਾਬ ਵੇਚਣ ਆਏ ਤਸਕਰ ਨੂੰ ਲੋਕਾਂ ਨੇ ਘੇਰ ਕੇ ਫੜ੍ਹ ਲਿਆ। ਲੋਕਾਂ ਨੇ ਉਸ ਦੀ ਲੱਤਾਂ, ਮੁੱਕਿਆਂ ਅਤੇ ਜੁੱਤੀਆਂ-ਚੱਪਲਾਂ ਨਾਲ ਜੰਮ ਕੇ ਭੁਗਤ ਸਵਾਰੀ ਅਤੇ ਉਸ ਦੇ ਕੱਪੜੇ ਤੱਕ ਪਾੜ ਦਿੱਤੇ। ਸ਼ਰਾਬ ਤਸਕਰ ਨੇ ਕੰਨ ਫੜ੍ਹ ਕੇ ਜ਼ਮੀਨ ’ਤੇ ਨੱਕ ਰਗੜ ਕੇ ਭਵਿੱਖ 'ਚ ਦੁਬਾਰਾ ਨਾਜਾਇਜ਼ ਸ਼ਰਾਬ ਨਾ ਵੇਚਣ ਦਾ ਭਰੋਸਾ ਦਿਵਾ ਕੇ ਆਪਣੀ ਜਾਨ ਛੁਡਵਾਈ। ਜਾਣਕਾਰੀ ਅਨੁਸਾਰ ਕਿਲਾ ਰੋਡ ਦਾ ਰਹਿਣ ਵਾਲਾ 28 ਸਾਲਾ ਸ਼ਰਾਬ ਤਸਕਰ ਪਿਛਲੇ 5 ਸਾਲ ਤੋਂ ਨਾਜਾਇਜ਼ ਸ਼ਰਾਬ ਦੀ ਤਸਕਰੀ ਕਰ ਰਿਹਾ ਸੀ। ਇਹ ਤਸਕਰ ਕੋਈ ਆਮ ਵਿਅਕਤੀ ਨਹੀਂ, ਉਸ ਦਾ ਖ਼ੁਦ ਦਾ ਵੱਡਾ ਭਰਾ ਅਤੇ ਭਰਜਾਈ ਪੰਜਾਬ ਪੁਲਸ 'ਚ ਉੱਚੇ ਆਹੁਦੇ ਤੋਂ ਰਿਟਾਇਰਡ ਹੋ ਚੁੱਕੇ ਹਨ ਅਤੇ ਉਸ ਦਾ ਛੋਟਾ ਭਰਾ ਸ਼ਹਿਰ 'ਚ ਲੋਕਾਂ ਨੂੰ ਫੋਨ ਕਰ ਕੇ ਬੁਕਿੰਗ ਕਰ ਕੇ ਨਾਜਾਇਜ਼ ਸ਼ਰਾਬ ਦੀ ਹੋਮ ਡਲਿਵਰੀ ਦਾ ਧੰਦਾ ਚਲਾ ਰਿਹਾ ਹੈ। ਆਪਣੇ ਭਰਾ ਅਤੇ ਭਾਬੀ ਦੇ ਰੁਤਬੇ ਦਾ ਫ਼ਾਇਦਾ ਚੁੱਕ ਕੇ ਸ਼ਰਾਬ ਤਸਕਰ ਪੰਜਾਬ ਪੁਲਸ ਅਕੈਡਮੀ ਦੇ ਅੰਦਰ ਵੀ ਨਾਜਾਇਜ਼ ਸ਼ਰਾਬ ਦਾ ਗੋਰਖਧੰਦਾ ਚਲਾ ਰਿਹਾ ਸੀ।
ਇਹ ਵੀ ਪੜ੍ਹੋ : ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਡੂੰਘਾ ਸਦਮਾ, ਭਾਵੁਕ ਮਨ ਨਾਲ ਲੋਕਾਂ ਨੂੰ ਕੀਤੀ ਅਪੀਲ
ਨਾਜਾਇਜ਼ ਜ਼ਹਿਰੀਲੀ ਸ਼ਰਾਬ ਪੀਣ ਨਾਲ ਜਦੋਂ ਅਕੈਡਮੀ ਦੇ ਇਕ ਟ੍ਰੇਨਿੰਗ ਦੇਣ ਵਾਲੇ ਉਸਤਾਦ ਜੋ ਵੱਡਾ ਖਿਡਾਰੀ ਸੀ, ਦੀ ਨਾਜਾਇਜ਼ ਸ਼ਰਾਬ ਪੀਣ ਨਾਲ ਮੌਤ ਹੋ ਗਈ ਤਾਂ ਉਸ ਸਮੇਂ ਵੀ ਇਸ ਤਸਕਰ ’ਤੇ ਮੁਲਾਜ਼ਮਾਂ ਤੋਂ ਇਲਾਵਾ ਲੋਕਾਂ ਨੇ ਉਂਗਲੀ ਚੁੱਕੀ ਸੀ। ਅਫ਼ਸੋਸ ਦੀ ਗੱਲ ਹੈ ਕਿ ਉਸ ਸਮੇਂ ਵੀ ਆਪਣੇ ਪੁਲਸ ਦੇ ਉੱਚ ਅਧਿਕਾਰੀ ਭਰਾ-ਭਾਬੀ ਦੇ ਰੁਤਬੇ ਦਾ ਫ਼ਾਇਦਾ ਚੁੱਕ ਕੇ ਇਹ ਬਚ ਨਿਕਲਿਆ। ਆਪਣੇ ਭਰਾ ਅਤੇ ਭਾਬੀ ਦੀ ਰਿਟਾਇਰਮੈਂਟ ਤੋਂ ਬਾਅਦ ਵੀ ਜਦ ਉਸ ਨੇ ਆਦਤਾਂ ਨਹੀਂ ਬਦਲੀਆਂ ਤਾਂ ਕੁਝ ਦਿਨ ਪਹਿਲਾਂ ਮੁਹੱਲਾ ਮਿੱਠਾ ਖੂਹ ਦੇ ਨਿਵਾਸੀਆਂ ਨੇ ਉਸ ਨੂੰ ਰੋਕ ਕੇ ਨਾਜਾਇਜ਼ ਸ਼ਰਾਬ ਦੀ ਡਲਿਵਰੀ ਕਰਦਿਆਂ ਫੜ੍ਹ ਕੇ ਚਿਤਾਵਨੀ ਜਾਰੀ ਕੀਤੀ ਕਿ ਉਹ ਭਵਿੱਖ ’ਚ ਹੁਣ ਆਪਣਾ ਇਹ ਗੋਰਖ ਧੰਦਾ ਛੱਡ ਦੇਵੇ। ਉਸ ਸਮੇਂ ਵੀ ਇਸ ਨੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਇਹ ਅੱਜ ਤੋਂ ਬਾਅਦ ਤਸਕਰੀ ਦਾ ਧੰਦਾ ਬਿਲਕੁਲ ਬੰਦ ਕਰ ਦੇਵੇਗਾ ਪਰ ਉਸ ਨੇ ਇਹ ਕੰਮ ਛੱਡਿਆ ਨਹੀਂ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਮੁਫ਼ਤ ਮਿਲੇਗੀ ਇਹ ਸਹੂਲਤ, ਜਾਰੀ ਹੋਈ ਹਸਪਤਾਲਾਂ ਦੀ List
ਜਦ ਦੁਪਹਿਰ ਨੂੰ ਇਹ ਆਪਣੇ ਐਕਟਿਵਾ ਦੀ ਸੀਟ ਦੇ ਹੇਠਾਂ ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਰੱਖ ਕੇ ਮੁਹੱਲਾ ਮਿੱਠਾ ਖੂਹ ’ਚ ਦੁਬਾਰਾ ਵੇਚਣ ਆਇਆ ਤਾਂ ਮੁਹੱਲਾ ਵਾਸੀਆਂ ਨੇ ਇਸ ਨੂੰ ਚਾਰੇ ਪਾਸਿਓਂ ਘੇਰਾ ਪਾ ਕੇ ਫੜ੍ਹ ਲਿਆ। ਇਸ ਦੀ ਲੱਤਾਂ, ਮੁੱਕਿਆਂ ਨਾਲ ਕੁੱਟ-ਮਾਰ ਕੀਤੀ ਅਤੇ ਕੱਪੜੇ ਫਾੜ ਕੇ ਉਸ ਨੂੰ ਅਰਧ ਨਗਨ ਕਰ ਦਿੱਤਾ। ਜਦ ਮੁਹੱਲਾ ਨਿਵਾਸੀ ਉਸ ਨੂੰ ਫੜ੍ਹ ਕੇ ਜਲੂਸ ਦੀ ਸ਼ਕਲ ’ਚ ਪੁਲਸ ਥਾਣੇ ਲਿਜਾਣ ਲੱਗੇ ਤਾਂ ਉਹ ਹਰ ਕਿਸੇ ਛੋਟੇ ਬੱਚੇ ਤੋਂ ਲੈ ਕੇ ਵੱਡੇ ਬਜ਼ੁਰਗ ਦੇ ਪੈਰ ਫੜ੍ਹ ਕੇ ਗਿੜਗਿੜਾਉਂਦਾ ਹੋਇਆ ਮੁਆਫ਼ੀ ਮੰਗਣ ਲੱਗ ਪਿਆ ਕਿ ਉੁਸ ਨੂੰ ਹੁਣ ਇਕ ਮੌਕਾ ਹੋਰ ਦਿੱਤਾ ਜਾਵੇ, ਜਿਸ ਕਾਰਨ ਮੁਹੱਲਾ ਨਿਵਾਸੀਆਂ ਨੇ ਉਸ ਨੂੰ ਛੱਡ ਦਿੱਤਾ। ਸਮਾਜ ਸੇਵੀ ਅਮਰੀਕ ਸਿੰਘ ਜੱਜਾ ਅਤੇ ਮੁਹੱਲਾ ਨਿਵਾਸੀ ਜਸਬੀਰ ਸਿੰਘ ਜੱਸਾ ਨੇ ਕਿਹਾ ਕਿ ਨਾਜਾਇਜ਼ ਸ਼ਰਾਬ ਅਤੇ ‘ਚਿੱਟੇ’ ਨੇ ਪੂਰੇ ਪ੍ਰਦੇਸ਼ ਦੇ ਨੌਜਵਾਨਾਂ ਨੂੰ ਬਰਬਾਦ ਕਰ ਰੱਖਿਆ ਹੈ। ਪੁਲਸ ਇਨ੍ਹਾਂ ਨੂੰ ਫੜ੍ਹ ਕੇ ਜੇਲ੍ਹ ਭੇਜ ਦਿੰਦੀ ਸੀ। ਇਹ ਜ਼ਮਾਨਤ ’ਤੇ ਛੁੱਟ ਕੇ ਫਿਰ ਬਾਹਰ ਆ ਕੇ ਨਾਜਾਇਜ਼ ਕਾਰੋਬਾਰ ’ਚ ਲੱਗ ਜਾਂਦੇ ਸੀ। ਹੁਣ ਲੋਕ ਆਪਣੇ ਬੱਚਿਆਂ ਨੂੰ ਬਚਾਉਣ ਲਈ ਖ਼ੁਦ ਇਨ੍ਹਾਂ ਨੂੰ ਸਬਕ ਸਿਖਾਉਣ ਲੱਗ ਪਏ ਹਨ। ਰੋਜਾ਼ਨਾਂ ਲੋਕਾਂ ਵੱਲੋਂ ਇਨ੍ਹਾਂ ਨੂੰ ਫੜ ਕੇ ਸਬਕ ਸਿਖਾਉਣ ਦੀ ਵੀਡੀਓ ਵਾਇਰਲ ਹੋ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8