ਅਚਾਨਕ ਗੋਲੀ ਚੱਲਣ ਨਾਲ ਰਿਟਾਇਰਡ ਸੂਬੇਦਾਰ ਦੀ ਹੋਈ ਮੌਤ
Wednesday, Sep 15, 2021 - 08:32 PM (IST)

ਅਮਰਗੜ੍ਹ (ਜੋਸ਼ੀ)-ਪਿੰਡ ਬਾਗੜੀਆਂ ਦੇ ਰਿਟਾਇਰਡ ਸੂਬੇਦਾਰ ਅਮਰੀਕ ਸਿੰਘ (54) ਵੱਲੋਂ ਆਪਣੀ ਲਾਇਸੈਂਸੀ ਰਾਈਫਲ ਨੂੰ ਸਾਫ਼ ਕਰਦਿਆਂ ਅਚਾਨਕ ਗੋਲੀ ਚੱਲਣ ਕਾਰਨ ਮੌਤ ਹੋਣ ਦਾ ਦੁਖ਼ਦ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਬੇਟੇ ਨਵਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਫੌਜ ’ਚੋਂ ਰਿਟਾਇਰਡ ਹੋਣ ਉਪਰੰਤ ਸਰਕਾਰੀ ਪ੍ਰਾਇਮਰੀ ਸਕੂਲ ਭੱਟੀਆਂ ਖੁਰਦ ਵਿਖੇ ਈ. ਟੀ. ਟੀ. ਟੀਚਰ ਵਜੋਂ ਬਤੌਰ ਇੰਚਾਰਜ ਨੌਕਰੀ ਕਰਦੇ ਸਨ। ਉਸ ਨੇ ਦੱਸਿਆ ਕਿ ਕੱਲ੍ਹ ਸ਼ਾਮ ਨੂੰ ਰਾਈਫ਼ਲ ਦੀ ਸਫਾਈ ਕਰਦੇ ਸਮੇਂ ਅਚਾਨਕ ਗੋਲੀ ਚੱਲ ਗਈ, ਜੋ ਉਨ੍ਹਾਂ ਦੇ ਖੱਬੇ ਪਾਸੇ ਛਾਤੀ ’ਚ ਜਾ ਲੱਗੀ, ਜਿਸ ਉਪਰੰਤ ਉਨ੍ਹਾਂ ਨੂੰ ਇਲਾਜ ਲਈ ਲਿਜਾਂਦੇ ਸਮੇਂ ਉਹ ਰਸਤੇ ’ਚ ਹੀ ਦਮ ਤੋੜ ਗਏ, ਜਿਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਨਾਭਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰੱਖਿਆ ਗਿਆ।
ਇਹ ਵੀ ਪੜ੍ਹੋ : ਸੁੱਖੀ ਰੰਧਾਵਾ ਦਾ ਭਾਜਪਾ ਆਗੂ ਧਨਖੜ ’ਤੇ ਵੱਡਾ ਹਮਲਾ, ਕਿਹਾ-ਕਿਸਾਨਾਂ ’ਤੇ ਟਿੱਪਣੀ ਕਰਨ ਤੋਂ ਪਹਿਲਾਂ ਪੜ੍ਹ ਲੈਣ ਇਤਿਹਾਸ
ਥਾਣਾ ਮੁਖੀ ਗੁਰਨਾਮ ਸਿੰਘ ਘੁੰਮਣ ਨੇ ਦੱਸਿਆ ਕਿ ਪੁਲਸ ਵੱਲੋਂ ਧਾਰਾ 174 ਦੀ ਕਾਰਵਾਈ ਕਰਨ ਉਪਰੰਤ ਲਾਸ਼ ਨੂੰ ਵਾਰਿਸਾਂ ਹਵਾਲੇ ਕਰ ਦਿੱਤਾ ਗਿਆ, ਜਿਸ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਅਚਾਨਕ ਅਤੇ ਕੁਦਰਤੀ ਵਾਪਰੇ ਹਾਦਸੇ ਕਾਰਨ ਇੱਕ ਨੇਕ ਇਨਸਾਨ ਦੇ ਇਸ ਦੁਨੀਆ ਤੋਂ ਇਸ ਤਰ੍ਹਾਂ ਰੁਖ਼ਸਤ ਹੋਣ ਨਾਲ ਪਿੰਡ ’ਚ ਡੂੰਘੇ ਸੋਗ ਦੀ ਲਹਿਰ ਦੌੜ ਗਈ।