ਸੁਨੀਲ ਜਾਖੜ ਦੇ ਅਸਤੀਫੇ ’ਤੇ ਸਿਆਸਤ ''ਚ ਮੱਚੀ ਉਥਲ-ਪੁਥਲ, ਪੰਜਾਬ ਭਾਜਪਾ ’ਚ ਉੱਠੇ ਸਵਾਲ

Friday, Nov 15, 2024 - 07:59 AM (IST)

ਜਲੰਧਰ (ਅਨਿਲ ਪਾਹਵਾ) – ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਦਿੱਤੀਆਂ ਗਈਆਂ ਇੰਟਰਵਿਊਜ਼ ਦੌਰਾਨ ਆਪਣੇ ਅਸਤੀਫੇ ਨੂੰ ਲੈ ਕੇ ਕੀਤੀ ਗਈ ਚਰਚਾ ਤੋਂ ਬਾਅਦ ਪੰਜਾਬ ਭਾਜਪਾ ਦੀ ਸਿਆਸਤ ਵਿਚ ਉਥਲ-ਪੁਥਲ ਤੇਜ਼ ਹੋ ਗਈ ਹੈ। ਜਾਖੜ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਜਾਂ ਨਹੀਂ, ਇਸ ਗੱਲ ’ਤੇ ਹੁਣ ਤਕ ਕਈ ਤਰ੍ਹਾਂ ਦੀਆਂ ਚਰਚਾਵਾਂ ਸਨ ਪਰ ਮੀਡੀਆ ’ਚ ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਉਹ ਅਸਤੀਫਾ ਦੇ ਚੁੱਕੇ ਹਨ। ਉਨ੍ਹਾਂ ਦੇ ਅਸਤੀਫੇ ਸਬੰਧੀ ਜਿੱਥੇ ਪੰਜਾਬ ਭਾਜਪਾ ’ਚ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ, ਉੱਥੇ ਹੀ ਪਾਰਟੀ ਦੇ ਤੇਜ਼-ਤਰਾਰ ਆਗੂ ਸੁਖਮਿੰਦਰ ਪਾਲ ਸਿੰਘ ਗਰੇਵਾਲ ਨੇ ਜਾਖੜ ’ਤੇ ਤਿੱਖਾ ਹਮਲਾ ਬੋਲਿਆ ਹੈ। ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਗਰੇਵਾਲ ਨੇ ਜਾਖੜ ਦੀ ਛਪੀ ਇੰਟਰਵਿਊ ਦੀ ਕਟਿੰਗ ਦੇ ਨਾਲ ਹੀ ਕੁਝ ਲਾਈਨਾਂ ਲਿਖੀਆਂ ਹਨ, ਜਿਸ ਵਿਚ ਉਨ੍ਹਾਂ ਜਾਖੜ ਨੂੰ ਲੰਮੇ ਹੱਥੀਂ ਲਿਆ ਹੈ।

ਜਰਨੈਲ ਪਿੱਠ ਨਹੀਂ ਦਿਖਾਇਆ ਕਰਦੇ
ਗਰੇਵਾਲ ਨੇ ਲਿਖਿਆ ਹੈ–‘‘ਜਾਖੜ ਸਾਹਿਬ, ਜਦੋਂ ਕਦੇ ਜੰਗ ਲੱਗੀ ਹੋਵੇ ਤਾਂ ਫੌਜ ਦੇ ਜਰਨੈਲ ਪਿੱਠ ਦਿਖਾ ਕੇ ਨਹੀਂ ਦੌੜਿਆ ਕਰਦੇ।’ ਜਾਖੜ ’ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਕਿਹਾ ਕਿ ਪਾਰਟੀ ਨੇ ਪੰਜਾਬ ਵਿਚ ਉਨ੍ਹਾਂ ਨੂੰ ਸਨਮਾਨਤ ਅਹੁਦਾ ਦਿੱਤਾ ਪਰ ਉਸ ਸਨਮਾਨ ਬਦਲੇ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਉਹ ਗੁਪਤ ਢੰਗ ਨਾਲ ਕੁਝ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਗਰੇਵਾਲ ਨੇ ਇਸ ਦੇ ਨਾਲ ਹੀ ਜਾਖੜ ’ਤੇ ਬੇਹੱਦ ਗੰਭੀਰ ਦੋਸ਼ ਲਾਇਆ ਹੈ ਅਤੇ ਸਪਸ਼ਟ ਕਿਹਾ ਹੈ ਕਿ ਉਹ ਦੂਜੀਆਂ ਪਾਰਟੀਆਂ ਨੂੰ ਫਾਇਦਾ ਪਹੁੰਚਾਉਣ ਲਈ ਪੰਜਾਬ ਦੀ ਸਿਆਸਤ ’ਚੋਂ ਗਾਇਬ ਹਨ।

ਚੋਣਾਂ ਤੋਂ ਪਹਿਲਾਂ ਹੀ ਕਿਉਂ ਦਿੱਤੀ ਇੰਟਰਵਿਊ
ਇਹੋ ਨਹੀਂ, ਗਰੇਵਾਲ ਨੇ ਤਾਂ ਜਾਖੜ ਦੇ ਬਿਆਨ ਨੂੰ ਲੈ ਕੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਇਸ ਸਮੇਂ ’ਤੇ ਆ ਕੇ ਉਨ੍ਹਾਂ ਮੀਡੀਆ ’ਚ ਜਿਹੜਾ ਬਿਆਨ ਦਿੱਤਾ ਹੈ, ਉਹ ਦੂਜੀਆਂ ਪਾਰਟੀਆਂ ਨੂੰ ਫਾਇਦਾ ਪਹੁੰਚਾਉਣ ਦੀ ਉਨ੍ਹਾਂ ਦੀ ਯੋਜਨਾ ਦਾ ਹਿੱਸਾ ਹੈ। ਗਰੇਵਾਲ ਨੇ ਕਿਹਾ ਕਿ ਪੰਜਾਬ ’ਚ ਚਾਰੇ ਵਿਧਾਨ ਸਭਾ ਸੀਟਾਂ ’ਤੇ ਉਪ-ਚੋਣਾਂ ਹੋਣ ’ਚ ਹੁਣ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਅਜਿਹੇ ਮੌਕੇ ਜਾਖੜ ਨੇ ਅਸਤੀਫੇ ਦੀ ਜੋ ਗੱਲ ਕਹੀ ਹੈ, ਉਹ ਚੋਣਾਂ ਤੋਂ ਬਾਅਦ ਜਾਂ ਅੱਜ ਤੋਂ 2 ਮਹੀਨੇ ਪਹਿਲਾਂ ਵੀ ਸਪਸ਼ਟ ਕੀਤੀ ਜਾ ਸਕਦੀ ਸੀ। ਉਨ੍ਹਾਂ ਜਾਖੜ ਨੂੰ ਇਹ ਸਵਾਲ ਵੀ ਪੁੱਛ ਲਿਆ ਕਿ ਕਿਤੇ ਹੋਰ ਪਾਰਟੀਆਂ ਨੂੰ ਫਾਇਦਾ ਪਹੁੰਚਾਉਣ ਲਈ ਤਾਂ ਇਹ ਕੋਸ਼ਿਸ਼ ਨਹੀਂ ਕੀਤੀ ਜਾ ਰਹੀ।

ਪਾਰਟੀ ਦੀ ਪਿੱਠ ’ਚ ਛੁਰਾ ਮਾਰਨ ਦਾ ਦੋਸ਼
ਗਰੇਵਾਲ ਨੇ ਸੁਨੀਲ ਜਾਖੜ ’ਤੇ ਪਾਰਟੀ ਦੀ ਪਿੱਠ ’ਚ ਛੁਰਾ ਮਾਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਅਮਿਤ ਸ਼ਾਹ ਤੇ ਕੌਮੀ ਪ੍ਰਧਾਨ ਜੇ. ਪੀ. ਨੱਡਾ ਨੇ ਉਨ੍ਹਾਂ ਵਿਚ ਵਿਸ਼ਵਾਸ ਵਿਖਾਇਆ ਸੀ ਪਰ ਜਾਖੜ ਨੇ ਮੈਦਾਨ ’ਚੋਂ ਪਿੱਛੇ ਹਟ ਕੇ ਪਾਰਟੀ ਨਾਲ ਧੋਖਾ ਕੀਤਾ ਹੈ। ਗਰੇਵਾਲ ਨੇ ਇਹ ਵੀ ਕਿਹਾ ਕਿ ਭਾਜਪਾ ਦੇ ਲੋਕ ਪਾਰਟੀ ਨੂੰ ਆਪਣੀ ਮਾਂ ਮੰਨਦੇ ਹਨ ਅਤੇ ਇਹ ਉਨ੍ਹਾਂ ਨਾਲ ਧੋਖਾ ਹੈ। ਜਾਖੜ ’ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਇਹ ਵੀ ਲਿਖਿਆ ਹੈ ਕਿ ਜੇ ਜਾਖੜ ਪਹਿਲਾਂ ਸਪਸ਼ਟ ਕਰ ਦਿੰੰਦੇ ਕਿ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਉਹ ਕੰਮ ਨਹੀਂ ਕਰਨਗੇ ਤਾਂ ਹੁਣ ਤਕ ਪਾਰਟੀ ਸ਼ਾਇਦ ਕਿਸੇ ਹੋਰ ਨੇਤਾ ਨੂੰ ਜ਼ਿੰਮੇਵਾਰੀ ਦੇ ਚੁੱਕੀ ਹੁੰਦੀ। ਜਾਖੜ ਨੇ ਪਾਰਟੀ ਦੇ ਨੇਤਾਵਾਂ ਦੇ ਨਾਲ ਹੀ ਨਹੀਂ, ਸਗੋਂ ਪਾਰਟੀ ਦੇ ਹਰ ਵਰਕਰ ਨਾਲ ਧੋਖਾ ਕੀਤਾ ਹੈ।

ਪਹਿਲਾਂ ਹੀ ਕਿਹਾ ਸੀ ਕਿ ਦੂਰੀ ਬਣਾ ਕੇ ਰੱਖੋ ਕਾਂਗਰਸੀਆਂ ਨਾਲ
ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਗਰੇਵਾਲ ਨੇ ਜਾਖੜ ’ਤੇ ਸਵਾਲ ਖੜ੍ਹੇ ਕੀਤੇ ਸਨ ਅਤੇ ਇਸ ਮਾਮਲੇ ’ਚ ਪਾਰਟੀ ਨੂੰ ਵੀ ਨਸੀਹਤ ਲੈਣ ਦੀ ਗੱਲ ਕਹੀ ਸੀ। ਉਨ੍ਹਾਂ ਪਾਰਟੀ ਸਾਹਮਣੇ ਸਵਾਲ ਉਠਾਇਆ ਸੀ ਕਿ ਉਹ ਕਾਫੀ ਦੇਰ ਤੋਂ ਕਾਂਗਰਸ ਜਾਂ ਹੋਰ ਪਾਰਟੀਆਂ ’ਚੋਂ ਆਉਣ ਵਾਲੇ ਨੇਤਾਵਾਂ ਨੂੰ ਭਾਜਪਾ ਵਿਚ ਸ਼ਾਮਲ ਕੀਤੇ ਜਾਣ ਦਾ ਵਿਰੋਧ ਕਰ ਰਹੇ ਸਨ। ਗਰੇਵਾਲ ਨੇ ਕਿਹਾ ਕਿ ਬਾਹਰੋਂ ਆਉਣ ਵਾਲੇ ਨੇਤਾਵਾਂ ਨੂੰ ਭਾਜਪਾ ਜਾਂ ਸੰਗਠਨ ਦੇ ਨਿਯਮਾਂ ਤੇ ਸੰਸਕਾਰਾਂ ਬਾਰੇ ਕੋਈ ਜਾਣਕਾਰੀ ਨਹੀਂ। ਉਨ੍ਹਾਂ ਇਹ ਦੋਸ਼ ਵੀ ਲਾਇਆ ਸੀ ਕਿ ਕਾਂਗਰਸ ਤੇ ਹੋਰ ਪਾਰਟੀਆਂ ’ਚੋਂ ਜਿਹੜੇ ਲੋਕ ਭਾਜਪਾ ਵਿਚ ਆ ਰਹੇ ਹਨ, ਉਹ ਸਿਰਫ ਈ. ਡੀ. ਤੇ ਇਨਕਮ ਟੈਕਸ ਤੋਂ ਆਪਣਾ ਬਚਾਅ ਕਰਨ ਲਈ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ।


rajwinder kaur

Content Editor

Related News