ਸੜ ਗਏ ਸੁਪਨਿਆਂ ਦੀ ਰਾਖ 'ਚੋਂ ਜੀਵਨ ਫਰੋਲਦੇ ਵੰਗਾਂ ਤੋਂ ਸੱਖਣੇ ਹੱਥ

01/14/2019 12:22:49 PM

ਜਲੰਧਰ/ਜੰਮੂ ਕਸ਼ਮੀਰ (ਜੁਗਿੰਦਰ ਸੰਧੂ)— ਉਸ ਪਿੰਡ ਦਾ ਨਾਂ ਚਚਵਾਲ ਸੀ, ਜਿੱਥੇ ਇਸ ਵਾਰ 491ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡੀ ਗਈ। ਹੀਰਾ ਨਗਰ ਤਹਿਸੀਲ ਦਾ ਇਹ ਬਦਕਿਸਮਤ ਪਿੰਡ ਪਹਿਲਾਂ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ ਨਾਲ ਸਬੰਧਤ ਸੀ ਪਰ ਹੁਣ ਇਸ ਨੂੰ ਨਵੇਂ ਬਣੇ ਸਾਂਬਾ ਜ਼ਿਲੇ 'ਚ ਸ਼ਾਮਲ ਕਰ ਦਿੱਤਾ ਗਿਆ ਹੈ। ਸਰਹੱਦ ਦੇ ਐਨ ਕੰਢੇ 'ਤੇ ਵੱਸੇ ਇਸ ਪਿੰਡ ਅਤੇ ਇਲਾਕੇ ਦੇ ਹੋਰ ਪਿੰਡਾਂ ਨੂੰ ਪਾਕਿਸਤਾਨੀ ਸੈਨਿਕਾਂ ਨੇ ਦਰਜਨਾਂ ਵਾਰ ਆਪਣੀਆਂ ਗੋਲੀਆਂ ਦਾ ਨਿਸ਼ਾਨਾ ਬਣਾਇਆ ਹੈ। ਕਿਸੇ ਪਿੰਡ 'ਚ ਕੋਈ ਔਰਤ ਮਾਰੀ ਗਈ ਅਤੇ ਕਿਸੇ ਹੋਰ ਪਿੰਡ 'ਚ ਘਰ ਦੀ ਰੋਟੀ ਤੋਰਨ ਵਾਲਾ ਨਿਸ਼ਾਨਾ ਬਣ ਗਿਆ। ਬੱਚੇ ਤਕ ਪਾਕਿਸਤਾਨੀ ਕਰਤੂਤਾਂ ਦੇ ਸ਼ਿਕਾਰ ਹੋਏ। 

ਭਾਰਤੀ ਸਮਾਜ 'ਚ ਇਹ ਰਵਾਇਤ ਹੈ ਕਿ ਜਿਸ ਔਰਤ ਦੇ ਸਿਰ ਦਾ ਸਾਈਂ ਨਹੀਂ ਰਹਿੰਦਾ, ਉਸ ਦੇ ਹੱਥਾਂ 'ਚੋਂ, ਸੁਹਾਗ ਦੀ ਨਿਸ਼ਾਨੀ, ਚੂੜੀਆਂ ਲਾਹ ਦਿੱਤੀਆਂ ਜਾਂਦੀਆਂ ਹਨ ਅਤੇ ਸਿਰ 'ਤੇ ਹਮੇਸ਼ਾ ਲਈ ਚਿੱਟੀ ਚੁੰਨੀ ਲੈਣੀ ਪੈਂਦੀ ਹੈ। ਇਸ ਇਲਾਕੇ 'ਚ ਅਜਿਹੀਆਂ ਕਈ ਬਦਕਿਸਮਤ ਵਿਧਵਾਵਾਂ ਭਰ ਜੋਬਨ 'ਚ ਆਪਣੇ ਸੁਆਹ ਹੋ ਗਏ ਸੁਪਨਿਆਂ ਦੀ ਰਾਖ 'ਚੋਂ ਜੀਵਨ ਫਰੋਲਦੀਆਂ ਨਜ਼ਰ ਆ ਜਾਣਗੀਆਂ। ਇਨ੍ਹਾਂ ਔਰਤਾਂ ਲਈ ਆਪਣੇ ਆਪ ਨੂੰ ਮਹਿਫੂਜ਼ ਰੱਖਣਾ ਇਕ ਗੰਭੀਰ ਸੁਆਲ ਹੈ ਅਤੇ ਉਸ ਤੋਂ ਵੱਡਾ ਮਸਲਾ ਰੋਜ਼ੀ-ਰੋਟੀ ਦਾ ਬਣ ਗਿਆ ਹੈ। ਆਦਮੀ ਦਿਨ-ਰਾਤ ਦੀ ਪਰਵਾਹ ਕੀਤੇ ਬਿਨਾਂ ਉੱਚੀ-ਨੀਵੀਂ ਥਾਂ 'ਤੇ ਕੰਮ ਕਰਨ ਲਈ ਜਾ ਸਕਦਾ ਹੈ ਪਰ ਔਰਤ ਨੂੰ ਘਰ ਦੀ ਦਹਿਲੀਜ਼ ਟੱਪਣ ਤੋਂ ਪਹਿਲਾਂ ਸੌ ਵਾਰ ਸੋਚਣਾ ਪੈਂਦਾ ਹੈ। ਇਸ ਦੇ ਬਾਵਜੂਦ ਪੇਟ ਦੀ ਅੱਗ ਬੁਝਾਉਣ ਲਈ ਵਿਧਵਾ ਔਰਤਾਂ ਮਿਹਨਤ-ਮੁਸ਼ੱਕਤ ਦੇ ਰਾਹ ਤੁਰਨ ਲਈ ਮਜਬੂਰ ਹੁੰਦੀਆਂ ਹਨ। ਅਜਿਹੇ ਹੀ ਲਾਚਾਰ ਅਤੇ ਬੇਬਸੀ ਦੇ ਮਾਰੇ ਪਰਿਵਾਰ ਉਸ ਦਿਨ ਚਚਵਾਲ ਪਿੰਡ 'ਚ ਜੁੜੇ ਸਨ, ਜਿਨ੍ਹਾਂ ਲਈ ਡੀ. ਸੀ. ਮਾਡਲ ਗਰੁੱਪ ਆਫ ਸਕੂਲਜ਼ ਫਿਰੋਜ਼ਪੁਰ ਵੱਲੋਂ ਆਟਾ, ਚਾਵਲ ਅਤੇ ਕੰਬਲ ਭਿਜਵਾਏ ਗਏ ਸਨ। 
ਮੰਦਹਾਲੀ ਦੇ ਸ਼ਿਕਾਰ ਪਿੰਡ ਦੇ ਸਕੂਲ 'ਚ ਜੁੜੇ 300 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ, ਜੰਮੂ-ਕਸ਼ਮੀਰ ਦੇ ਸਾਬਕਾ ਸਿਹਤ ਮੰਤਰੀ ਡਾ. ਦਵਿੰਦਰ ਕੁਮਾਰ ਮਨਿਆਲ ਨੇ ਕਿਹਾ ਕਿ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਹਾਲਤ ਬੇਹੱਦ ਤਰਸਯੋਗ ਹੈ ਅਤੇ ਉਹ ਨਿੱਤ-ਦਿਨ ਪਾਕਿਸਤਾਨੀ ਸੈਨਿਕਾਂ ਦੀ ਗੋਲੀਬਾਰੀ ਸਹਿਣ ਕਰਦੇ ਹਨ। ਇਹ ਲੋਕ ਬਿਨਾਂ ਤਨਖਾਹ, ਬਿਨਾਂ ਵਰਦੀ ਅਤੇ ਬਿਨਾਂ ਹਥਿਆਰਾਂ ਦੇ ਦੇਸ਼ ਦੇ ਪਹਿਰੇਦਾਰਾਂ ਦੀ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ 'ਚ ਰਹਿਣ ਵਾਲਿਆਂ ਨੇ ਖ਼ਤਰਿਆਂ ਨੂੰ ਹੀ ਆਪਣਾ ਜੀਵਨ ਬਣਾ ਲਿਆ ਹੈ। ਅਜਿਹੇ ਲੋਕਾਂ ਦੀ ਭਲਾਈ ਲਈ ਸਰਕਾਰ ਦੇ ਨਾਲ-ਨਾਲ ਸਮਾਜ ਨੂੰ ਵੀ ਵਿਸ਼ੇਸ਼ ਯਤਨ ਕਰਨੇ ਚਾਹੀਦੇ ਹਨ। ਸਾਬਕਾ ਮੰਤਰੀ ਨੇ ਕਿਹਾ ਕਿ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਅਧੀਨ ਹੁਣ ਤਕ ਸੈਂਕੜੇ ਟਰੱਕਾਂ ਦੀ ਸਮੱਗਰੀ ਵੰਡੀ ਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪਹਿਲੀ ਵਾਰ ਇਸ ਮੁਹਿੰਮ 'ਚ ਸ਼ਾਮਲ ਹੋਏ ਹਨ ਅਤੇ ਮਹਿਸੂਸ ਕਰਦੇ ਹਨ ਕਿ ਲੋੜਵੰਦਾਂ ਦੀ ਮਦਦ ਲਈ ਇਹ ਇਕ ਬਹੁਤ ਵੱਡਾ ਉਪਰਾਲਾ ਹੈ। ਉਨ੍ਹਾਂ ਨੇ ਕਿਹਾ ਕਿ ਪਤਾ ਨਹੀਂ ਪਾਕਿਸਤਾਨ ਨੂੰ ਕਦੋਂ ਸੁਮੱਤ ਆਵੇਗੀ ਅਤੇ ਕਦੋਂ ਇਹ ਲੋਕ ਸੁੱਖ-ਸ਼ਾਂਤੀ ਨਾਲ ਆਪਣੇ ਘਰਾਂ 'ਚ ਜੀਵਨ ਗੁਜ਼ਾਰ ਸਕਣਗੇ। 

PunjabKesari

ਸਮੱਗਰੀ ਵੰਡਣ 'ਚ ਵਿਸ਼ੇਸ਼ ਸਹਿਯੋਗ ਕਰਨ ਵਾਲੇ ਸਾਂਬਾ ਦੇ ਸਮਾਜ ਸੇਵੀ ਕੈਪਟਨ ਇੰਦਰ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਅਧੀਨ ਹੁਣ ਤਕ ਇਲਾਕੇ ਦੇ ਦਰਜਨਾਂ ਪਿੰਡਾਂ 'ਚ ਸਹਾਇਤਾ ਵੰਡੀ ਜਾ ਚੁੱਕੀ ਹੈ। ਸਰਹੱਦੀ ਖੇਤਰਾਂ ਦੇ ਬਹੁਤੇ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਦਾ ਜੀਵਨ ਗੁਜ਼ਾਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਜਿਹੜੇ ਪਰਿਵਾਰਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ, ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਵੀ ਨਹੀਂ ਚੱਲਦਾ। ਚਚਵਾਲ ਪਿੰਡ ਤੋਂ ਸਿਰਫ 500 ਮੀਟਰ ਦੂਰ ਸਰਹੱਦ ਹੈ ਅਤੇ ਉਸ ਪਾਰ ਤੋਂ ਜਦੋਂ ਵੀ ਫਾਇਰਿੰਗ ਹੁੰਦੀ ਹੈ ਤਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਦੌੜਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਇਨ੍ਹਾਂ ਪਰਿਵਾਰਾਂ ਨੂੰ ਸੁਰੱਖਿਅਤ ਖੇਤਰਾਂ 'ਚ 5-5 ਮਰਲੇ ਦੇ ਪਲਾਟ ਦੇਣ ਦਾ ਭਰੋਸਾ ਦਿੱਤਾ ਸੀ ਪਰ ਉਹ ਸਿਰੇ ਨਹੀਂ ਚੜ੍ਹ ਸਕਿਆ। ਹੁਣ ਸਰਕਾਰ ਵੱਲੋਂ ਪਿੰਡਾਂ 'ਚ ਹੀ ਲੋਕਾਂ ਦੀ ਸੁਰੱਖਿਆ ਲਈ 'ਬੰਕਰ' ਬਣਾਏ ਜਾ ਰਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਰੋਜ਼ੀ-ਰੋਟੀ ਤੋਂ ਮੁਥਾਜ ਲੋਕਾਂ ਲਈ ਹੋਰ ਸਮੱਗਰੀ ਭਿਜਵਾਈ ਜਾਵੇ। 

ਰਾਹਤ ਮੁਹਿੰਮ ਦੇ ਮੁਖੀ ਲਾਇਨ ਜੇ. ਬੀ. ਸਿੰਘ ਚੌਧਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੀੜਤ ਪਰਿਵਾਰਾਂ ਦਾ ਦਰਦ ਪਛਾਣਦਿਆਂ ਹੀ ਪੰਜਾਬ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਦਾਨੀ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ ਇਹ ਰਾਹਤ ਮੁਹਿੰਮ ਪਿਛਲੇ 20 ਸਾਲਾਂ ਤੋਂ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਕਿਸੇ ਵੀ ਸਿਆਸੀ ਪਾਰਟੀ ਜਾਂ ਸਰਕਾਰ ਨਾਲ ਕੋਈ ਸਬੰਧ ਨਹੀਂ ਅਤੇ ਇਸ ਅਧੀਨ ਲੋੜਵੰਦਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। 

ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਇਸ ਮੁਹਿੰਮ ਰਾਹੀਂ ਕੋਈ ਬਹੁਤ ਵੱਡੀ ਸਹਾਇਤਾ ਨਹੀਂ ਦਿੱਤੀ ਜਾ ਰਹੀ, ਸਗੋਂ ਅਸੀਂ ਤਾਂ ਸਰਹੱਦੀ ਖੇਤਰਾਂ ਦੇ ਬਹਾਦਰ ਲੋਕਾਂ ਦਾ ਸ਼ੁਕਰੀਆ ਅਦਾ ਕਰਨ ਆਏ ਹਾਂ। ਇਹ ਲੋਕ ਗੋਲੀਆਂ ਦਾ ਸਾਹਮਣਾ ਕਰਕੇ ਬੜੀ ਦਲੇਰੀ ਨਾਲ ਪਾਕਿਸਤਾਨੀ ਸੈਨਿਕਾਂ ਦੇ ਸਾਹਮਣੇ ਡਟੇ ਬੈਠੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਸਰਹੱਦੀ ਲੋਕਾਂ ਨੂੰ ਇਹ ਅਹਿਸਾਸ ਕਰਵਾਉਣਾ ਵੀ ਹੈ ਕਿ ਸੰਕਟ ਦੇ ਸਮੇਂ 'ਚ ਸਾਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਰਾਹਤ ਟੀਮ ਦੇ ਲੋਕ ਸਾਮਾਨ ਦੇਣ ਨਹੀਂ, ਤੁਹਾਨੂੰ ਸਨਮਾਨ ਦੇਣ ਆਏ ਹਨ ਅਤੇ ਇਹ ਯਤਨ ਭਵਿੱਖ 'ਚ ਵੀ ਜਾਰੀ ਰਹੇਗਾ।


ਪਤੀ-ਪਤਨੀ ਨੂੰ ਵੱਜੀਆਂ ਗੋਲੀਆਂ
ਸਹਾਇਤਾ ਸਮੱਗਰੀ ਲੈਣ ਲਈ ਪਿੰਡ ਚਚਵਾਲ ਦਾ ਵਿਅਕਤੀ ਕੁਲਵੰਤ ਸਿੰਘ ਵੀ ਆਇਆ ਸੀ, ਜਿਸ ਦੇ ਪਿੰਡੇ 'ਤੇ ਅਜੇ ਵੀ ਗੋਲੀਆਂ ਦੇ ਨਿਸ਼ਾਨ ਹਨ। ਉਹ ਐੱਸ. ਪੀ. ਓ. ਵਜੋਂ ਨੌਕਰੀ ਕਰਦਾ ਸੀ ਅਤੇ ਉਨ੍ਹੀਂ ਦਿਨੀਂ ਛੁੱਟੀ 'ਤੇ ਆਪਣੇ ਘਰ ਆਇਆ ਸੀ। ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਚਾਰ ਸਾਲ ਪਹਿਲਾਂ ਦੀ ਗੱਲ ਹੈ ਕਿ ਉਹ ਘਰ 'ਚ ਆਪਣੀ ਪਤਨੀ ਨਾਲ ਮੌਜੂਦ ਸੀ ਅਤੇ ਪਾਕਿਸਤਾਨ ਵੱਲੋਂ ਅਚਨਚੇਤ ਫਾਇਰਿੰਗ ਆਉਣ ਲੱਗ ਪਈ। ਘਰਾਂ 'ਤੇ ਬਹੁਤ ਗੋਲੀਆਂ ਵਰ੍ਹੀਆਂ, ਜਿਸ ਨਾਲ ਉਹ ਪਤੀ-ਪਤਨੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਅਤੇ ਕਾਫੀ ਸਮਾਂ ਇਲਾਜ ਕਰਵਾਉਣ ਪਿੱਛੋਂ ਉਨ੍ਹਾਂ ਦੀ ਜਾਨ ਬਚ ਗਈ। ਉਸ ਨੇ ਦੱਸਿਆ ਕਿ ਸਰਕਾਰ ਨੇ ਸਿਰਫ 20 ਹਜ਼ਾਰ ਦੇ ਕੇ ਪੱਲਾ ਝਾੜ ਲਿਆ ਅਤੇ ਕੋਈ ਤਰੱਕੀ ਵੀ ਨਹੀਂ ਮਿਲੀ। ਉਹ ਇਸੇ ਹਾਲਤ 'ਚ ਹੁਣ ਵੀ ਸੇਵਾ ਨਿਭਾਅ ਰਿਹਾ ਹੈ।

ਸਮਾਜ ਸੇਵੀ ਰਾਕੇਸ਼ ਸਿੰਘ ਅਤੇ ਪਿੰਡ ਦੇ ਸਰਪੰਚ ਬਲਬੀਰ ਸਿੰਘ ਨੇ ਸਰਹੱਦੀ ਪਿੰਡਾਂ ਦੇ ਪ੍ਰਭਾਵਿਤ ਲੋਕਾਂ ਲਈ ਇਹ ਸਮੱਗਰੀ ਭਿਜਵਾਉਣ ਲਈ ਧੰਨਵਾਦ ਕੀਤਾ। ਇਸ ਮੌਕੇ 'ਤੇ ਸ. ਇਕਬਾਲ ਸਿੰਘ ਅਰਨੇਜਾ, ਫਿਰੋਜ਼ਪੁਰ ਤੋਂ ਸ. ਕੁਲਦੀਪ ਸਿੰਘ ਭੁੱਲਰ,  ਪੰਜਾਬ ਲੋਕ ਚੇਤਨਾ ਮੰਚ ਜ਼ਿਲਾ ਫਿਰੋਜ਼ਪੁਰ ਦੇ ਪ੍ਰਧਾਨ ਜਸਬੀਰ ਸਿੰਘ ਜੋਸਨ, ਜ਼ੀਰਾ ਤੋਂ ਦਵਿੰਦਰ ਸਿੰਘ ਅਕਾਲੀਆਂ ਵਾਲਾ, ਪ੍ਰਗਟ ਸਿੰਘ ਭੁੱਲਰ ਮੇਲਕ ਕੰਗਾਂ, ਹਰਦਿਆਲ ਸਿੰਘ, ਜੰਮੂ ਦੇ ਸਮਾਜ ਸੇਵੀ ਸੁਰਜੀਤ ਕੌਰ, ਸਰਬਜੀਤ ਕੌਰ, ਮੈਡਮ ਸ਼ਵੇਤਾ, ਵਿਨੋਦ ਸਿੰਘ, ਸੰਜੀਵ ਕੁਮਾਰ, ਵਰਿੰਦਰ ਸਿੰਘ, ਪਵਨ ਕੁਮਾਰ, ਜਗਦੀਸ਼ ਸਪੋਲੀਆ ਅਤੇ ਪ੍ਰਿੰਸ ਕੁਮਾਰ ਵੀ ਮੌਜੂਦ ਸਨ।


shivani attri

Content Editor

Related News