ਕੀ ਕੈਬਨਿਟ ਜਾਂ ਰਾਜਪਾਲ ਦੀ ਪ੍ਰਵਾਨਗੀ ਤੋਂ ਬਿਨਾਂ ਵੀ ਹੋ ਸਕਦੀ ਹੈ ਸਿੱਧੂ ਦੀ ਰਿਹਾਈ? ਜਾਣੋ ਕਾਨੂੰਨੀ ਮਾਹਿਰਾਂ ਦੀ ਰਾਏ

Monday, Jan 23, 2023 - 11:10 PM (IST)

ਕੀ ਕੈਬਨਿਟ ਜਾਂ ਰਾਜਪਾਲ ਦੀ ਪ੍ਰਵਾਨਗੀ ਤੋਂ ਬਿਨਾਂ ਵੀ ਹੋ ਸਕਦੀ ਹੈ ਸਿੱਧੂ ਦੀ ਰਿਹਾਈ? ਜਾਣੋ ਕਾਨੂੰਨੀ ਮਾਹਿਰਾਂ ਦੀ ਰਾਏ

ਜਲੰਧਰ (ਨਰਿੰਦਰ ਮੋਹਨ)- 26 ਜਨਵਰੀ ਨੂੰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਹੋਵੇਗੀ ਜਾਂ ਨਹੀਂ, ਇਸ ਨੂੰ ਲੈ ਕੇ ਸਿਆਸੀ ਗਲਿਆਰਿਆਂ ਤੋਂ ਲੈ ਕੇ ਗਲੀਆਂ ਤਕ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਬੇਸ਼ੱਕ ਅਜਿਹਾ ਕਿਹਾ ਜਾ ਰਿਹਾ ਹੈ ਕਿ ਸੂਬੇ ਦੇ ਮੰਤਰੀ ਮੰਡਲ ਨੇ ਅਜਿਹਾ ਕੋਈ ਪ੍ਰਸਤਾਵ ਪਾਸ ਨਹੀਂ ਕੀਤਾ ਪਰ ਕਾਨੂੰਨੀ ਮਾਹਿਰਾਂ ਅਨੁਸਾਰ ਇਸ ਦੇ ਲਈ ਮੰਤਰੀ ਮੰਡਲ ਦੇ ਫੈਸਲੇ ਜਾਂ ਰਾਜਪਾਲ ਦੀ ਪ੍ਰਵਾਨਗੀ ਦੀ ਕੋਈ ਲੋੜ ਨਹੀਂ ਹੈ। ਕੇਂਦਰ ਸਰਕਾਰ ਦੇ ‘ਆਜ਼ਾਦੀ ਕਾ ਅੰਮ੍ਰਿਤ ਮਹਾ ਉਤਸਵ’ ਸਕੀਮ ਤਹਿਤ ਸਿੱਧੂ ਰਿਹਾਈ ਵਾਲੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਅਤੇ ਜੇਲ੍ਹ ਵਿਭਾਗ ਦੇ ਸੂਤਰਾਂ ਮੁਤਾਬਕ ਰਿਹਾਈ ਵਾਲੀ ਸੂਚੀ ’ਚ ਸਿੱਧੂ ਦਾ ਨਾਂ ਸ਼ਾਮਲ ਹੈ।

ਇਹ ਖ਼ਬਰ ਵੀ ਪੜ੍ਹੋ - C ਕੈਟਾਗਰੀ ਗੈਂਗਸਟਰ ਗੁਰਜੀਤ ਸਿੰਘ ਸਾਥੀ ਸਮੇਤ ਚੜ੍ਹਿਆ ਪੁਲਸ ਅੜਿੱਕੇ, ਨਾਜਾਇਜ਼ ਰਿਵਾਲਰ ਤੇ ਪਿਸਟਲ ਬਰਾਮਦ

ਪੁਰਾਣੀ ਨੀਤੀ ਅਨੁਸਾਰ ਸਿੱਧੂ ਦਾ ਆਉਣ ਵਾਲੀ 26 ਜਨਵਰੀ ਨੂੰ ਰਿਹਾਅ ਹੋਣਾ ਅਸੰਭਵ ਸੀ। ਇਸ ਤੋਂ ਪਹਿਲਾਂ ਦੇ ਨਿਯਮਾਂ ਮੁਤਾਬਕ ਤਿੰਨ ਸਾਲ ਤੱਕ ਦੀ ਸਜ਼ਾ ਵਾਲੇ ਕੈਦੀ ਨੂੰ ਸਜ਼ਾ ਪੂਰੀ ਹੋਣ ਤੋਂ ਸਿਰਫ਼ ਇਕ ਮਹੀਨਾ ਪਹਿਲਾਂ ਹੀ ਰਿਹਾਅ ਕੀਤਾ ਜਾ ਸਕਦਾ ਸੀ ਪਰ ਕੇਂਦਰੀ ਗ੍ਰਹਿ ਮੰਤਰਾਲੇ ਨੇ ‘ਆਜ਼ਾਦੀ ਕਾ ਮਹਾ ਉਤਸਵ’ ਦੇ ਤਹਿਤ ਕੈਦੀਆਂ ਨੂੰ ਗਣਤੰਤਰ ਦਿਵਸ, 26 ਜਨਵਰੀ, 2023 ਅਤੇ ਆਜ਼ਾਦੀ ਦਿਹਾੜੇ, 15 ਅਗਸਤ, 2023 ਨੂੰ ਕੈਦੀਆਂ ਨੂੰ ਰਿਹਾਅ ਕਰਨ ਲਈ ਵਿਸ਼ੇਸ਼ ਹਦਾਇਤਾਂ 10 ਜੂਨ, 2022 ਨੂੰ ਅਤਿ ਜ਼ਰੂਰੀ ਪੱਤਰ ਦੇ ਰੂਪ ’ਚ ਸਾਰੇ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਰੀ ਕੀਤਾ ਗਿਆ ਸੀ, ਜਿਸ ’ਚ ਕਿਹਾ ਗਿਆ ਹੈ ਕਿ ਜੇਕਰ ਕੈਦੀ ਦਾ ਆਚਰਣ ਚੰਗਾ ਰਿਹਾ ਹੋਵੇ ਅਤੇ ਉਸ ਨੂੰ ਸਜ਼ਾ ਦੌਰਾਨ ਕਿਸੇ ਹੋਰ ਮਾਮਲੇ ’ਚ ਸਜ਼ਾ ਨਾ ਹੋਈ ਹੋਵੇ ਤਾਂ ਸੂਬਾ ਸਰਕਾਰ ਅਜਿਹੇ ਕੈਦੀਆਂ ਨੂੰ ਰਿਹਾਅ ਕਰ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮਾਲ ਅਫ਼ਸਰਾਂ ਤੇ ਵਿਜੀਲੈਂਸ ਵਿਚਾਲੇ ਟਕਰਾਅ ! "ਰਿਕਾਰਡ ਨਹੀਂ ਕੀਤਾ ਜਾਵੇਗਾ ਸਾਂਝਾ"

ਜੇਲ੍ਹ ਵਿਭਾਗ ਦੇ ਸੂਤਰਾਂ ਮੁਤਾਬਕ ਸਿੱਧੂ ਦਾ ਮਾਮਲਾ ਖਾਸ ਤੌਰ ’ਤੇ ਨਹੀਂ ਲਿਆ ਗਿਆ, ਸਗੋਂ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਣੀ ਸੂਚੀ ’ਚ 52 ਨਾਂ ਸ਼ਾਮਲ ਸਨ, ਜਿਨ੍ਹਾਂ ’ਚ ਨਵਜੋਤ ਸਿੱਧੂ ਵੀ ਆਉਂਦੇ ਹਨ। ਸਿੱਧੂ ਮਈ ਮਹੀਨੇ ਤੋਂ ਜੇਲ ’ਚ ਹਨ ਅਤੇ ਕਲਰਕ ਵਜੋਂ ਕੰਮ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਕੋਈ ਛੁੱਟੀ ਵੀ ਨਹੀਂ ਲਈ ਹੈ ਅਤੇ ਜੇਲ੍ਹ ’ਚ ਉਨ੍ਹਾਂ ਦਾ ਆਚਰਣ ਚੰਗਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਵੱਲੋਂ IPS ਅਧਿਕਾਰੀਆਂ ਦੀ ਤਰੱਕੀ, 7 ਅਫ਼ਸਰਾਂ ਨੂੰ ਮਿਲਿਆ DGP ਰੈਂਕ

ਨਵਜੋਤ ਸਿੱਧੂ ਦੀ ਰਿਹਾਈ ਦੀਆਂ ਚਰਚਾਵਾਂ ਨੂੰ ਲੈ ਕੇ ਕਾਂਗਰਸ ਦੀ ਸਿਆਸਤ ਵੀ ਗਰਮਾ ਗਈ ਹੈ। ਜੇਲ੍ਹ ’ਚ ਸਿੱਧੂ ਨੂੰ ਲਾਲ ਸਿੰਘ, ਪਹਿਲਾਂ ਕਾਂਗਰਸ ’ਚ ਰਹੇ ਮਨਪ੍ਰੀਤ ਸਿੰਘ ਬਾਦਲ ਅਤੇ ਹੋਰ ਆਗੂ ਵੀ ਉਨ੍ਹਾਂ ਨੂੰ ਮਿਲ ਚੁੱਕੇ ਹਨ, ਜਦਕਿ ਕਾਂਗਰਸ ’ਚ ਹੀ ਉਨ੍ਹਾਂ ਦਾ ਵਿਰੋਧ ਵੀ ਉੱਠਣ ਲੱਗਾ ਹੈ। ਦੂਜੇ ਪਾਸੇ ਭਾਰਤ ਜੋੜੋ ਯਾਤਰਾ ’ਤੇ ਨਿਕਲੇ ਰਾਹੁਲ ਗਾਂਧੀ ਤਾਂ ਨਵਜੋਤ ਸਿੰਘ ਸਿੱਧੂ ਨੂੰ ਕਸ਼ਮੀਰ ਆਉਣ ਦਾ ਸੱਦਾ ਵੀ ਦੇ ਚੁੱਕੇ ਹਨ। ਜ਼ਿਕਰਯੋਗ ਹੈ ਕਿ ਸਿੱਧੂ ਦਸੰਬਰ 1988 ’ਚ ਹੋਈ ਇਕ ਘਟਨਾ ਦੇ ਮਾਮਲੇ ’ਚ ਇਕ ਸਾਲ ਦੀ ਸਜ਼ਾ ਕੱਟ ਰਹੇ ਹਨ ਅਤੇ ਉਨ੍ਹਾਂ ਦੀ 8 ਮਹੀਨਿਆਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News