ਪੰਜਾਬ ਪੁਲਸ ਵਿੱਚ ਭਰਤੀ: ਜਾਣੋ ਯੋਗਤਾ, ਲਿਖਤੀ ਪੇਪਰ ਅਤੇ ਕੱਦ-ਕਾਠ ਬਾਰੇ ਇੱਕ-ਇੱਕ ਗੱਲ

Wednesday, Aug 11, 2021 - 05:02 PM (IST)

ਪੰਜਾਬ ਪੁਲਸ ਵਿੱਚ ਭਰਤੀ: ਜਾਣੋ ਯੋਗਤਾ, ਲਿਖਤੀ ਪੇਪਰ ਅਤੇ ਕੱਦ-ਕਾਠ ਬਾਰੇ ਇੱਕ-ਇੱਕ ਗੱਲ

ਪੜ੍ਹਾਅ ਦਰ ਪੜ੍ਹਾਅ ਤੁਰਦੇ ਰਹਿਣ ਨਾਲ ਹੀ ਮੰਜ਼ਿਲਾਂ ਸਰ ਹੁੰਦੀਆਂ ਹਨ। ਹਰ ਸਫ਼ਰ ਚੁਣੌਤੀਆਂ ਭਰਿਆ ਹੁੰਦਾ ਹੈ ਜਿਸ ਨੂੰ ਸਾਡੀ ਘਾਲਣਾ ਰੌਚਕ ਅਤੇ ਸੁਹਾਵਾ ਬਣਾ ਦਿੰਦੀ ਹੈ। ਜਿਹਨਾਂ ਨੇ ਰਸਮੀ ਸਿੱਖਿਆ ਦੀਆਂ ਬਾਰ੍ਹਾਂ ਜਮਾਤਾਂ ਪਾਸ ਕਰ ਲਈਆਂ ਹਨ (ਜਾਂ ਬਾਰ੍ਹਵੀਂ ਦੇ ਬਰਾਬਰ ਦਾ ਕੋਰਸ ਜਿਵੇਂ ਡਿਪਲੋਮਾ) ਉਹਨਾਂ ਲਈ ਪੰਜਾਬ ਪੁਲਸ ਵਿਚ ਕਾਂਸਟੇਬਲ (ਸਿਪਾਹੀ) ਦੀਆਂ ਭਰਤੀਆਂ ਆਉਂਦੀਆਂ ਰਹਿੰਦੀਆਂ ਹਨ। ਜਦਕਿ ਸਬ ਇੰਸਪੈਕਟਰ ਲਈ ਅਪਲਾਈ ਕਰਨ ਵਾਲੇ ਗ੍ਰੈਜੂਏਟ ਹੋਣੇ ਚਾਹੀਦੇ ਹਨ। ਅੱਜ ਆਪਾਂ ਕਾਂਸਟੇਬਲ ਦੀ ਭਰਤੀ ਦੇ ਨਿਯਮਾਂ ਵੱਲ ਝਾਤ ਮਾਰਦੇ ਹਾਂ :-

ਪਿਆਰੇ ਸਾਥੀਓ ! ਅੱਜ ਕੱਲ੍ਹ ਪੰਜਾਬ ਪੁਲਸ ਵਿੱਚ ਡਿਸਟ੍ਰਿਕਟ ਪੁਲਸ ਕੇਡਰ ਦੀਆਂ 2015 ਅਤੇ ਆਰਮਡ ਪੁਲਸ ਕੇਡਰ ਦੀਆਂ 2343 ਪੋਸਟਾਂ ਲਈ ਕਾਂਸਟੇਬਲ ਦੇ ਆਨ-ਲਾਈਨ ਫਾਰਮ ਭਰੇ ਜਾ ਰਹੇ ਹਨ। ਜਿਸ ਵਿੱਚ ਆਨ-ਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 15 ਅਗਸਤ, 2021 ਤੇ ਸਮਾਂ ਰਾਤ 11:55 ਵਜੇ ਤੱਕ ਦਾ ਹੈ। 

ਪੰਜਾਬ ਪੁਲਸ ਵਿੱਚ ਕਾਂਸਟੇਬਲ ਲਈ ਅਪਲਾਈ ਕਰਨ ਵਾਲੇ ਦੀ ਰਾਸ਼ਟਰੀਅਤਾ ਭਾਰਤੀ ਹੋਣੀ ਜ਼ਰੂਰੀ ਹੈ। ਉਸ ਦੀ ਉਮਰ 1 ਜਨਵਰੀ,2021 ਤੱਕ ਘੱਟੋ ਘੱਟ 18 ਸਾਲ ਹੋਵੇ ਅਤੇ ਵੱਧ ਤੋਂ ਵੱਧ ਉਮਰ ਹੱਦ 1 ਜਨਵਰੀ,2021 ਤੱਕ ਜਨਰਲ ਕੈਟਾਗਿਰੀ ਲਈ 28 ਸਾਲ ਜਦਕਿ  ਐੱਸ.ਸੀ., ਓ.ਬੀ.ਸੀ. ਨੂੰ ਪੰਜ ਸਾਲ ਦੀ ਛੋਟ ਹੈ ਜਿਸ ਨਾਲ ਉਨ੍ਹਾਂ ਦੀ ਵੱਧ ਤੋਂ ਵੱਧ ਉਮਰ ਹੱਦ 33 ਸਾਲ ਹੋ ਜਾਂਦੀ ਹੈ। ਇੱਥੇ ਹੀ ਦੱਸਣਾ ਬਣਦਾ ਹੈ ਕਿ  ਐਕਸ- ਸਰਵਿਸ ਮੈਨ ਨੂੰ ਵੱਧ ਤੋਂ ਵੱਧ ਉਮਰ ਵਿੱਚ ਤਿੰਨ ਸਾਲ ਤੱਕ ਦੀ ਛੋਟ ਦਿੱਤੀ ਗਈ ਹੈ।

ਇਹ ਵੀ ਪੜ੍ਹੋ :ਵੱਡੀ ਖ਼ਬਰ: ਪੰਜਾਬ 'ਚ ਨਵੀਂ ਪਾਰਟੀ ਦੇ ਗਠਨ ਦਾ ਐਲਾਨ, ਗੁਰਨਾਮ ਚਢੂਨੀ ਹੋਣਗੇ ਮੁੱਖ ਮੰਤਰੀ ਅਹੁਦੇ ਦਾ ਚਿਹਰਾ

ਜੇਕਰ ਪੰਜਾਬ ਪੁਲਸ ਵਿੱਚ ਕਾਂਸਟੇਬਲ ਦੀ ਮੌਜੂਦਾ ਭਰਤੀ ਲਈ ਸਿੱਖਿਆ ਯੋਗਤਾ ਦੀ ਗੱਲ ਕਰੀਏ ਤਾਂ ਜ਼ਿਕਰਯੋਗ ਹੈ ਕਿ ਉਹ ਹਰ 12ਵੀਂ ਪਾਸ ਮੁੰਡਾ ਅਤੇ ਕੁੜੀ ਕਾਂਸਟੇਬਲ ਦੀ ਪੋਸਟ ਲਈ ਅਪਲਾਈ ਕਰਨ ਯੋਗ ਹੈ ਜਿਸ ਨੇ ਦਸਵੀਂ ਜਮਾਤ ਵਿੱਚ ਪੰਜਾਬੀ ਵਿਸ਼ੇ ਦੀ ਪੜ੍ਹਾਈ ਕੀਤੀ ਹੋਵੇ। ਜਦਕਿ ਐਕਸ ਸਰਵਿਸਮੈਨ ਦੀ ਸਿੱਖਿਆ ਯੋਗਤਾ ਦਸਵੀਂ ਪਾਸ ਰੱਖੀ ਗਈ ਹੈ।
ਇਸ ਭਰਤੀ ਦੇ ਦੋ ਪੜ੍ਹਾਅ ਨਿਸ਼ਚਿਤ ਕੀਤੇ ਗਏ ਹਨ। 
1) ਲਿਖਤੀ ਪੇਪਰ ਅਤੇ 
2) ਡਾਕੂਮੈਂਟ ਸਕਰੂਟਨੀ, ਪੀ.ਐੱਮ.ਟੀ. (ਫੀਜ਼ੀਕਲ ਮਾਇਜਰਮੈਂਟ ਟੈਸਟ) ਅਤੇ ਪੀ.ਐੱਸ. ਟੀ. (ਫੀਜੀਕਲ ਸਕਰੀਨਿੰਗ ਟੈਸਟ)

ਜੇਕਰ ਪਹਿਲੇ ਪੜ੍ਹਾਅ ਦੀ ਗੱਲ ਕਰੀਏ ਤਾਂ ਇਸ ਵਿੱਚ ਇਕ ਲਿਖਤੀ ਪੇਪਰ ਰੱਖਿਆ ਗਿਆ ਹੈ। ਜੋ ਬਹੁ-ਵਿਕਲਪੀ ਹੋਵੇਗਾ। ਜਿਸ ਦੇ ਸੌ ਸਵਾਲ ਅਤੇ ਹਰ ਸਵਾਲ ਦਾ ਇੱਕ ਇੱਕ ਅੰਕ ਭਾਵ ਪੇਪਰ ਕੁੱਲ 100 ਅੰਕਾਂ ਦਾ ਹੋਵੇਗਾ ਅਤੇ ਸਮਾਂ 120 ਮਿੰਟ ਭਾਵ ਦੋ ਘੰਟੇ ਹੋਵੇਗਾ। ਇੱਥੇ ਹੀ ਨੋਟ ਕਰਨਯੋਗ ਹੈ ਕਿ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ।

ਤੁਸੀਂ ਪਹਿਲੇ ਪੜ੍ਹਾਅ ਨੂੰ ਪਾਸ ਕਰਨ ਉਪਰੰਤ ਹੀ ਦੂਜੇ ਪੜ੍ਹਾਅ ਵਿੱਚ ਪਹੁੰਚ ਸਕਦੇ ਹੋ। ਪਹਿਲੀ ਸਟੇਜ ਪਾਸ ਕਰਨ ਲਈ ਸਿਲੇਬਸ ਵਿੱਚ 1) ਜਨਰਲ ਅਵੇਅਰਨੈੱਸ / ਆਮ ਜਾਣਕਾਰੀ ਭਾਵ ਜੀ.ਕੇ. ਦੇ 35 ਸਵਾਲ ਹੋਣਗੇ। ਜੋ ਕਿ ਭਾਰਤੀ ਸੰਵਿਧਾਨ, ਕੇਂਦਰੀ ਅਤੇ ਰਾਜ ਲੋਕ ਤੇ ਰਾਜ ਸਭਾਵਾਂ, ਨਿਆਂ ਸੰਸਥਾਵਾਂ ਅਤੇ ਸਰਕਾਰਾਂ ਤੋਂ ਇਲਾਵਾ ਇਤਿਹਾਸ, ਭੂਗੋਲ, ਸੱਭਿਆਚਾਰ ਅਤੇ ਅਰਥ ਸ਼ਾਸਤਰ ਵਿਸ਼ਿਆਂ 'ਚੋਂ ਵੀ ਸਵਾਲ ਪੁੱਛੇ ਜਾਣਗੇ। ਇੰਨਾ ਹੀ ਨਹੀਂ ਇਸ ਵਿੱਚ ਮੁੱਢਲੀ ਵਿਗਿਆਨ ਅਤੇ ਤਕਨੀਕ ਸੰਬੰਧੀ ਜਾਣਕਾਰੀ ਦੇ ਸਵਾਲ ਵੀ ਪੁੱਛੇ ਜਾਣਗੇ ਅਤੇ ਕਰੰਟ ਅਫੇਅਰ ਭਾਵ ਮੌਜੂਦਾ ਸਮੇਂ ਹੋ ਰਹੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਹੋਣੀ ਜ਼ਰੂਰੀ ਹੈ। ਇਸ ਤੋਂ ਅੱਗੇ ਤੁਰੀਏ ਤਾਂ ਵੀਹ ਅੰਕਾਂ ਦਾ ਗਣਿਤ ਅਤੇ ਵੀਹ ਅੰਕਾਂ ਦੀ ਰੀਜ਼ਨਿੰਗ ਹੋਵੇਗੀ।

ਇਹ ਵੀ ਪੜ੍ਹੋ : ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ- ਜੇ ਸ਼੍ਰੋਮਣੀ ਕਮੇਟੀ ਦਾ ਬੋਰਡ ਬਣਿਆ ਤਾਂ ਕੁਝ ਨਹੀਂ ਕਰ ਸਕਾਂਗੇ

ਇਸ ਪੇਪਰ ਵਿੱਚ ਦਸ ਅੰਕਾਂ ਦੇ ਸਵਾਲ ਪੰਜਾਬੀ ਨਾਲ ਸਬੰਧਤ ਅਤੇ ਦਸ ਅੰਕਾਂ ਦੇ ਸਵਾਲ ਅੰਗਰੇਜ਼ੀ ਨਾਲ ਸੰਬੰਧਿਤ ਹੋਣਗੇ। ਇਸ ਉਪਰੰਤ ਡਿਜੀਟਲ ਲਿਟਰੇਸੀ ਅਤੇ ਅਵੇਅਰਨੈੱਸ ਭਾਵ ਕੰਪਿਊਟਰ ਅਤੇ ਮੋਬਾਇਲ ਐਪਲੀਕੇਸ਼ਨ ਨਾਲ ਸੰਬੰਧਿਤ ਪੰਜ ਸਵਾਲ ਹੋਣਗੇ। ਇੰਝ ਕੁੱਲ ਮਿਲਾ ਕੇ ਸੌ ਸਵਾਲਾਂ ਦੇ ਜਵਾਬ ਉਮੀਦਵਾਰ ਨੇ ਨਿਸ਼ਚਿਤ ਸਮੇਂ ਵਿਚ ਦੇਣੇ ਹੋਣਗੇ।ਪਹਿਲੀ ਸਟੇਜ ਪਾਸ ਕਰਨ ਵਾਲਿਆਂ ਲਈ ਦੂਜਾ ਪੜ੍ਹਾਅ ਡਾਕੂਮੈਂਟ ਸਕਰੂਟਨੀ ਭਾਵ ਤੁਹਾਡੇ ਕਾਗ਼ਜ਼ਾਤ ਦੇਖਣੇ ਅਤੇ ਵੈਰੀਫਾਈ ਕੀਤੇ ਜਾਣਗੇ। ਇਸ ਮੌਕੇ ਤੁਹਾਡੇ ਕੋਲ ਅੱਗੇ ਦਿੱਤੇ ਦਸਤਾਵੇਜ਼ਾਂ ਦੀਆਂ ਅਸਲ ਅਤੇ ਘੱਟੋ ਘੱਟ ਦੋ ਦੋ ਕਾਪੀਆਂ ਕੋਲ ਹੋਣੀਆਂ ਚਾਹੀਦੀਆਂ ਹਨ :-
1) ਦਸਵੀਂ ਜਮਾਤ ਦਾ ਸਰਟੀਫਿਕੇਟ
2) ਬਾਰ੍ਹਵੀਂ ਜਮਾਤ ਦਾ ਸਰਟੀਫਿਕੇਟ
3) ਜਾਤੀ/ ਕਾਸਟ ਸਰਟੀਫਿਕੇਟ (ਜੇਕਰ ਹੋਵੇ)
4) ਆਧਾਰ ਕਾਰਡ
5) ਐਂਟਰੀ ਫਾਰਮ ਦਾ ਪ੍ਰਿੰਟ ਆਊਟ
6) ਉਮੀਦਵਾਰ ਦੀਆਂ ਪਾਸਪੋਰਟ ਸ਼ਾਈਜ਼ ਫੋਟੋਆਂ
7) ਨੋ ਆਬਜੈਕਸ਼ਨ ਸਰਟੀਫਿਕੇਟ (ਐੱਨ.ਓ.ਸੀ.)

           ਦੋਸਤੋ! ਮੈਨੂੰ ਪਤਾ ਹੈ ਕਿ ਤੁਹਾਡਾ ਅਗਲਾ ਸਵਾਲ ਹੋਵੇਗਾ ਕਿ ਮੁੰਡਿਆਂ/ਕੁੜੀਆਂ ਦਾ ਕੱਦ ਕਿੰਨਾ ਹੋਵੇ ਤਾਂ ਨੋਟ ਕਰੋ ਕਿ ਮੁੰਡਿਆਂ ਦਾ ਘੱਟ ਤੋਂ ਘੱਟ ਕੱਦ ਪੰਜ ਫੁੱਟ ਸੱਤ ਇੰਚ ਹੋਣਾ ਚਾਹੀਦਾ ਹੈ ਜਦਕਿ ਕੁੜੀਆਂ ਦਾ ਕੱਦ ਪੰਜ ਫੁੱਟ ਦੋ ਇੰਚ ਹੋਣਾ ਜ਼ਰੂਰੀ ਹੈ। ਜੋ ਕਿ ਪੀ.ਐੱਮ.ਟੀ. ਅਧੀਨ ਆਉਂਦਾ ਹੈ ਜਦਕਿ ਪੀ.ਐੱਸ.ਟੀ. ਭਾਵ ਫਿਜੀਕਲ ਸਕਰੀਨਿੰਗ ਟੈਸਟ, ਜਿਸ ਵਿੱਚ ਮੁੰਡਿਆਂ ਨੇ 1600 ਮੀਟਰ ਦੌੜ 6 ਮਿੰਟ 30 ਸੈਕਿੰਟ ਵਿੱਚ, ਕੁੜੀਆਂ ਨੇ 800 ਮੀਟਰ ਦੌੜ 4 ਮਿੰਟ 30 ਸੈਕਿੰਟ ਵਿੱਚ ਅਤੇ ਐਕਸ ਸਰਵਿਸਮੈਨ ਮਰਦਾਂ ਨੇ 1400 ਮੀਟਰ ਦੌੜ/ਵਾਕ 9 ਮਿੰਟਾਂ ਵਿੱਚ ਜਦਕਿ ਐਕਸ ਸਰਵਿਸ ਮੈਨ ਔਰਤਾਂ ਨੇ 800 ਮੀਟਰ ਦੌੜ ਪੰਜ ਮਿੰਟ ਵਿੱਚ ਪੂਰੀ ਕਰਨੀ ਹੈ। ਇੱਥੇ ਯਾਦ ਰਹੇ ਕਿ ਸਭ ਨੂੰ ਇਕੋ ਮੌਕਾ ਹੀ ਮਿਲੇਗਾ।
            
ਇਸ ਉਪਰੰਤ ਮੁੰਡਿਆਂ ਲਈ ਲੰਮੀ ਛਾਲ 3.80 ਮੀਟਰ, ਉੱਚੀ ਛਾਲ 1.10 ਮੀਟਰ ਜਦਕਿ ਕੁੜੀਆਂ ਲਈ ਲੰਮੀ ਛਾਲ ਤਿੰਨ ਮੀਟਰ, ਉੱਚੀ ਛਾਲ 0.95 ਮੀਟਰ ਪਰ ਐਕਸ ਸਰਵਿਸਮੈਨ ਮਰਦਾਂ ਲਈ 10 ਪੂਰੀਆਂ ਬੈਠਕਾਂ (ਇਕੋ  ਮੌਕਾ) ਅਤੇ ਐਕਸ ਸਰਵਿਸਮੈੱਨ ਔਰਤਾਂ ਲਈ ਲੰਮੀ ਛਾਲ 2.75 ਮੀਟਰ, ਉੱਚੀ ਛਾਲ 0.90 ਮੀਟਰ ਰੱਖੀ ਗਈ ਹੈ। ਇਹਨਾਂ ਨੂੰ ਕੁਆਲੀਫਾਈ ਕਰਨ ਦੇ ਤਿੰਨ ਤਿੰਨ ਮੌਕੇ ਦਿੱਤੇ ਜਾਣਗੇ। ਤੁਸੀਂ ਵਧੇਰੇ ਜਾਣਕਾਰੀ ਲਈ https://iur.ls/punjabpolicerecruitment2021 'ਤੇ ਲਾਗਇੰਨ ਕਰ ਸਕਦੇ ਹੋ।

ਆਖ਼ਰ ਵਿੱਚ ਆਪਣੇ ਹੌਸਲੇ ਨੂੰ ਬੁਲੰਦ ਕਰਕੇ ਅਤੇ ਮਨ ਵਿਚ ਆਪਣਾ ਉਦੇਸ਼ ਧਾਰਕੇ ਤੁਰਨ ਵਾਲੇ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦੇ ਹਨ। ਬਸ, ਤੁਸੀਂ ਸਮੇਂ, ਸਥਾਨ ਤੇ ਇਕਾਗਰਤਾ ਨੂੰ ਇਕਸਾਰਤਾ ਵਿੱਚ ਲਿਆਉਂਣਾ ਹੈ ਅਤੇ ਸਹਿਜਤਾ - ਠਰੰਮੇ ਤੇ ਸੁਚੇਤਤਾ ਨਾਲ ਮਿਹਨਤੀ ਕਰਕੇ ਆਪਣੇ ਰਾਹ ਤੁਰਨਾ ਹੈ।

ਪ੍ਰੋ. ਜਸਵੀਰ ਸਿੰਘ
( 77430-29901)


author

Harnek Seechewal

Content Editor

Related News