ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ 5 ਵੱਡੀਆਂ ਖ਼ਬਰਾਂ

Saturday, Jan 29, 2022 - 10:23 PM (IST)

ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ 5 ਵੱਡੀਆਂ ਖ਼ਬਰਾਂ

ਜਲੰਧਰ : ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਵੱਡੇ ਪੱਧਰ 'ਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਆਪੋ-ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਜਾ ਰਹੇ ਹਨ। ਦਲ ਬਦਲੀ ਦਾ ਸਿਲਸਿਲਾ ਵੀ ਜਾਰੀ ਹੈ। ਅਕਾਲੀ-ਬਸਪਾ, ਭਾਜਪਾ, ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਗਠਜੋੜ ਵੱਲੋਂ ਵੀ ਆਪਣੇ ਕਈ ਉਮੀਦਵਾਰ ਚੋਣ ਅਖਾੜੇ 'ਚ ਉਤਾਰ ਦਿੱਤੇ ਗਏ ਹਨ। ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ 5 ਪ੍ਰਮੁੱਖ ਖ਼ਬਰਾਂ-

ਚੋਣਾਂ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਦਾ ਵੱਡਾ ਕਦਮ, ਮਾਝਾ, ਮਾਲਵਾ ਤੇ ਦੁਆਬਾ ’ਚ ਲਗਾਏ ਆਬਜ਼ਰਵਰ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕਾਂਗਰਸ ਹਾਈਕਮਾਨ ਨੇ ਵੱਡਾ ਕਦਮ ਚੁੱਕਦੇ ਹੋਏ ਮਾਲਵਾ, ਮਾਝਾ ਅਤੇ ਦੁਆਬਾ ਵਿਚ ਆਬਜ਼ਰਵਰ ਨਿਯਕੁਤ ਕੀਤੇ ਹਨ। ਇਹ ਆਬਜ਼ਰਵਰ ਪਾਰਟੀ ਆਗੂਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣਗੇ ਅਤੇ ਇਸ ਦੀ ਸਾਰੀ ਰਿਪੋਰਟ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਦੇਣਗੇ। ਇਸ ਲਈ ਕਾਂਗਰਸ ਨੇ ਚਾਰ ਆਗੂਆਂ ਦੀ ਨਿਯੁਕਤੀ ਕੀਤੀ ਹੈ। ਕਾਂਗਰਸ ਹਾਈ ਕਮਾਨ ਵਲੋਂ ਮਾਲਵੇ ਵਿਚ ਦੋ ਜਦਕਿ ਮਾਝਾ ਅਤੇ ਦੁਆਬਾ ਵਿਚ ਇਕ-ਇਕ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਮਾਲਵਾ 1  ਵਿਚ ਅਰਜੁਨ ਮੋਡਵਾੜਿਆ, ਮਾਲਵਾ 2 ਵਿਚ ਸੰਜੇ ਨਿਰੂਪਮ, ਮਾਝਾ ਵਿਚ ਉੱਤਮ ਕੁਮਾਰ ਰੈੱਡੀ ਅਤੇ ਦੋਆਬਾ ਵਿਚ ਸੁਖਵਿੰਦਰ ਸਿੰਘ ਸੁੱਖ ਨੂੰ ਆਬਜ਼ਰਵਰ ਲਗਾਇਆ ਗਿਆ ਹੈ।

ਪੰਜਾਬ ਲੋਕ ਕਾਂਗਰਸ ਨੇ ਜਾਰੀ ਕੀਤੀ ਤੀਜੀ ਸੂਚੀ, 7 ਉਮੀਦਵਾਰਾਂ ਦਾ ਕੀਤਾ ਐਲਾਨ

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਲੋਕ ਕਾਂਗਰਸ ਵੱਲੋਂ ਅੱਜ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਲੋਕ ਕਾਂਗਰਸ ਵੱਲੋਂ ਅੱਜ ਜਾਰੀ ਕੀਤੀ ਗਈ ਸੂਚੀ ’ਚ 7 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ, ਜਿਸ 'ਚ ਪੱਟੀ ਤੋਂ ਐਡਵੋਕੇਟ ਜਸਕਰਨ ਸਿੰਘ ਸੰਧੂ, ਨਕੋਦਰ ਤੋਂ ਸ਼ੰਮੀ ਕੁਮਾਰ ਕਲਿਆਣ, ਆਦਮਪੁਰ ਤੋਂ ਜਗਦੀਸ਼ ਕੁਮਾਰ ਜੱਸਲ, ਮਲੋਟ ਤੋਂ ਕਰਨਵੀਰ ਸਿੰਘ, ਕੋਟਕਪੂਰਾ ਤੋਂ ਦਰਗੇਸ਼ ਕੁਮਾਰ ਸ਼ਰਮਾ, ਬਠਿੰਡਾ ਦਿਹਾਤੀ ਤੋਂ ਮਾਇਆ ਦੇਵੀ ਅਤੇ ਮਾਨਸਾ ਤੋਂ ਜੀਵਨ ਦਾਸ ਬਾਵਾ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।

ਭਾਜਪਾ ਨੂੰ ਵੱਡਾ ਝਟਕਾ, ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ

ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਉਦੋਂ ਬਹੁਤ ਵੱਡਾ ਝਟਕਾ ਲੱਗਾ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਆਪਣੇ ਸਪੁੱਤਰ ਤੇ ਪੰਜਾਬ ਭਾਜਪਾ ਦੇ ਸਕੱਤਰ ਐਡਵੋਕੇਟ ਅਰਵਿੰਦ ਮਿੱਤਲ ਸਮੇਤ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ। ਮਦਨ ਮੋਹਨ ਮਿੱਤਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੈ ਹਮੇਸ਼ਾ ਪੰਜਾਬ ਦੇ ਹੱਕ ’ਚ ਸਟੈਂਡ ਲਿਆ। ਉਨ੍ਹਾਂ ਕਿਹਾ ਕਿ ਮੈਂ ਸੁਖਬੀਰ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਿਆ ਦੇਖਣਾ ਚਾਹੁੰਦਾ ਹਾਂ।

ਜਲੰਧਰ ’ਚ ਵਪਾਰੀਆਂ ਨਾਲ ਕੇਜਰੀਵਾਲ ਦਾ ਸੰਵਾਦ, ਕਿਹਾ-ਜੇ ਅਸੀਂ ਕੰਮ ਨਾ ਕੀਤਾ ਤਾਂ ਅਗਲੀ ਵਾਰ ਨਹੀਂ ਮੰਗਾਂਗੇ ਵੋਟ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਜਲੰਧਰ ਦੇ ਟਾਊਨ ਹਾਲ ਵਿਖੇ ਵਪਾਰੀ ਭਰਾਵਾਂ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਵਪਾਰੀਆਂ ਨੇ ਆਪਣੀਆਂ ਸਮੱਸਿਆਵਾਂ ਤੋਂ ਅਰਵਿੰਦ ਕੇਜਰੀਵਾਲ ਨੂੰ ਜਾਣੂੰ ਕਰਵਾਇਆ ਵੀ ਕਰਵਾਇਆ ਅਤੇ ਕੇਜਰੀਵਾਲ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਅਰਵਿੰਦੇ ਕਜਰੀਵਾਲ ਦਾ ਅੰਤਰਰਾਸ਼ਟਰੀ ਅਗਰਵਾਲ ਸਨਮਾਨ ਸਭਾ ਪੰਜਾਬ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। 

ਹਾਈਕਮਾਨ ਨੇ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦਾ ਬਾਇਕਾਟ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਕੀਤਾ ਦਿੱਲੀ ਤਲਬ

ਬੀਤੇ ਦਿਨ ਰਾਹੁਲ ਗਾਂਧੀ ਦੇ ਪੰਜਾਬ ਵਿਚ ਚੋਣ ਪ੍ਰਚਾਰ ਦਾ ਆਗਾਜ਼ ਕਰਨ ਨੂੰ ਲੈ ਕੇ ਅੰਮ੍ਰਿਤਸਰ ਅਤੇ ਜਲੰਧਰ ਵਿਚ ਪ੍ਰੋਗਰਾਮਾਂ ਦੌਰਾਨ ਪੰਜਾਬ ਦੇ 5 ਸੰਸਦ ਮੈਂਬਰਾਂ ਦੇ ਗਾਇਬ ਰਹਿਣ ਦੇ ਮਾਮਲੇ ਨੇ ਹਾਈਕਮਾਨ ਦੀ ਚਿੰਤਾ ਵਧਾ ਦਿੱਤੀ ਹੈ, ਜਿਸ ਨੂੰ ਲੈ ਕੇ ਹੁਣ ਹਾਈਕਮਾਨ ਸਖ਼ਤ ਰੁਖ਼ ਅਪਣਾਉਂਦੇ ਹੋਏ ਇਕ ਤਰ੍ਹਾਂ ਨਾਲ ਰਾਹੁਲ ਦੀ ਫੇਰੀ ਦਾ ਬਾਇਕਾਟ ਕਰਨ ਵਾਲੇ ਸੰਸਦ ਮੈਂਬਰਾਂ ਤੋਂ ਜਵਾਬ ਮੰਗਣ ਲਈ ਦਿੱਲੀ ਤਲਬ ਕਰਨ ਜਾ ਰਹੀ ਹੈ। ਕਾਂਗਰਸ ਨੇ ਫਿਲਹਾਲ ਤਾਂ ਪਾਰਟੀ ਵਿਚ ਸਭ ਠੀਕ ਹੋਣ ਅਤੇ ਸੰਸਦ ਮੈਂਬਰਾਂ ਵਲੋਂ ਰਾਹੁਲ ਦੇ ਪ੍ਰੋਗਰਾਮ ਦਾ ਬਾਇਕਾਟ ਕਰਨ ਦੀਆਂ ਖ਼ਬਰਾਂ ਨੂੰ ਸਿਰਫ ਅਫਵਾਹਾਂ ਹੀ ਕਰਾਰ ਦਿੱਤਾ ਹੈ ਪਰ ਸੂਤਰਾਂ ਦੀ ਮੰਨੀਏ ਤਾਂ ਦਿੱਲੀ ਦਰਬਾਰ ਨੇ ਸੰਸਦ ਮੈਂਬਰਾਂ ਦੀ ਅਣਦੇਖੀ ਦਾ ਸਖ਼ਤ ਨੋਟਿਸ ਲੈਂਦੇ ਹੋਏ ਉਨ੍ਹਾਂ ਨੂੰ ਆਪਣੇ ਕੋਲ ਤਲਬ ਕੀਤਾ ਹੈ।


author

Harnek Seechewal

Content Editor

Related News