ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ 5 ਵੱਡੀਆਂ ਖ਼ਬਰਾਂ

02/02/2022 8:43:38 PM

ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸਾਰੇ 117 ਵਿਧਾਨ ਸਭਾ ਹਲਕਿਆਂ ਵਿਚ ਪੰਜ ਕੋਣੀ ਮੁਕਾਬਲੇ ਹੋਣ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ’ਚ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ, ਭਾਜਪਾ, ਕੈਪਟਨ, ਢੀਂਡਸਾ ਗਠਜੋੜ ਅਤੇ 22 ਕਿਸਾਨ ਜਥੇਬੰਦੀਆਂ ਵੱਲੋਂ ਬਣਾਏ ਗਏ ਸੰਯੁਕਤ ਸਮਾਜ ਮੋਰਚਾ ਵੱਲੋਂ ਵਿਧਾਨ ਸਭਾ ਚੋਣਾਂ ਲਈ ਪੂਰੀ ਤਿਆਰੀ ਕੀਤੀ ਜਾ ਚੁੱਕੀ ਹੈ। ਇਹ ਪੰਜੇ ਧਿਰਾਂ ਦਾਅਵਾ ਕਰ ਰਹੀਆਂ ਹਨ ਕਿ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਦੀ ਹੀ ਜਿੱਤ ਹੋਵੇਗੀ ਅਤੇ ਉਨ੍ਹਾਂ ਦੀ ਹੀ ਸਰਕਾਰ ਬਣੇਗੀ। ਪੜ੍ਹੋ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਅੱਜ ਦੀਆਂ 5 ਪ੍ਰਮੁੱਖ ਖ਼ਬਰਾਂ :

ਚੋਣਾਂ ਤੋਂ ਪਹਿਲਾਂ ਵਧ ਸਕਦੀਆਂ ਹਨ ਸਿੱਧੂ ਦੀਆਂ ਮੁਸ਼ਕਲਾਂ, 30 ਸਾਲ ਪੁਰਾਣੇ ਮਾਮਲੇ ਦੀ ਭਲਕੇ SC 'ਚ ਹੋਵੇਗੀ ਸੁਣਵਾਈ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਕਾਂਗਰਸ ਦੇ ਸੀ.ਐੱਮ. ਚਿਹਰੇ ਦੀ ਦੌੜ 'ਚ ਸ਼ਾਮਲ ਸਿੱਧੂ ਵਿਰੁੱਧ ਸੁਪਰੀਮ ਕੋਰਟ 'ਚ ਰੋਡ ਰੇਜ ਮਾਮਲੇ ਦੀ ਮੁੜ ਪਟੀਸ਼ਨ ਦਾਖਲ ਹੋ ਗਈ ਹੈ ਜਿਸ ਦੀ ਸੁਣਵਾਈ ਭਲਕੇ ਸੁਪਰੀਮ ਕੋਰਟ 'ਚ ਹੋਵੇਗੀ। ਇਹ ਘਟਨਾ ਕਰੀਬ 34 ਸਾਲ ਪੁਰਾਣੀ ਹੈ ਜਿਸ 'ਚ ਝਗੜੇ ਦੌਰਾਨ ਇਕ ਬਜ਼ੁਰਗ ਦੀ ਮੌਤ ਹੋ ਗਈ ਸੀ। ਇਸ ਮਾਮਲੇ 'ਚ ਹਾਈ ਕੋਰਟ ਤੋਂ ਸਜ਼ਾ ਹੋਣ ਤੋਂ ਬਾਅਦ ਸਿੱਧੂ ਨੂੰ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਦੀ ਸੀਟ ਛੱਡਣੀ ਪੈ ਗਈ ਸੀ। ਪੰਜਾਬ 'ਚ ਕਾਂਗਰਸ ਲਈ ਇਹ ਵੱਡਾ ਝਟਕਾ ਹੈ। ਇਸ ਤੋਂ ਪਹਿਲਾਂ ਸੀ.ਐੱਮ. ਚਰਨਜੀਤ ਸਿੰਘ ਦੇ ਭਤੀਜੇ ਭੁਪਿੰਦਰ ਹਨੀ 'ਤੇ ਗੈਰ-ਕਾਨੂੰਨੀ ਰੇਤ ਮਾਈਨਿੰਗ ਮਾਮਲੇ 'ਚ ਈ.ਡੀ. ਵੱਲੋਂ ਛਾਪੇਮਾਰੀ ਕੀਤੀ ਜਾ ਚੁੱਕੀ ਹੈ। 

ਵਿਧਾਨ ਸਭਾ ਚੋਣਾਂ 2022 : ਸੂਬੇ ’ਚ ਕੁੱਲ 2279 ਉਮੀਦਵਾਰਾਂ ਨੇ ਭਰੀ ਨਾਮਜ਼ਦਗੀ

ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਐਨਕੋਰ ਸਾਫਟਵੇਅਰ ’ਤੇ ਉਪਲਬਧ ਅੰਕੜਿਆਂ ਅਨੁਸਾਰ ਆਖਰੀ ਦਿਨ ਸੂਬੇ ਵਿਚ 931 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਨਾਮਜ਼ਦਗੀ ਦੇ ਪਹਿਲੇ ਪੰਜ ਦਿਨਾਂ ਦੌਰਾਨ 1348 ਨਾਮਜ਼ਦਗੀਆਂ ਦਾਖਲ ਹੋਣ ਦੇ ਨਾਲ, ਹੁਣ ਸੂਬੇ ਵਿਚ ਦਾਖਲ ਨਾਮਜ਼ਦਗੀਆਂ ਦੀ ਕੁੱਲ ਗਿਣਤੀ 2279 ਹੋ ਗਈ ਹੈ। ਡਾ. ਰਾਜੂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਮੋਬਾਈਲ ਐਪਲੀਕੇਸ਼ਨ ‘ਨੋਅ ਯੂਅਰ ਕੈਂਡੀਡੇਟ’ ਦੀ ਵੱਧ ਤੋਂ ਵੱਧ ਵਰਤੋਂ ਕਰਨ, ਜਿਸ ਦੀ ਵਰਤੋਂ ਕਰਕੇ ਵੋਟਰ ਕਿਸੇ ਵੀ ਉਮੀਦਵਾਰ ਦੀ ਫੋਟੋ ਸਣੇ ਉਸਦੇ ਵੇਰਵੇ ਅਤੇ ਅਪਰਾਧਿਕ ਪਿਛੋਕੜ ਬਾਰੇ ਜਾਣਕਾਰੀ ਲੈ ਸਕਦੇ ਹਨ।

ਬੀਬੀ ਬਾਦਲ ਦਾ ਕਾਂਗਰਸ ’ਤੇ ਵੱਡਾ ਹਮਲਾ, ਕਿਹਾ-ਲੋਕਾਂ ਦੇ ਮਸਲੇ ਛੱਡ ਆਪਣਾ ਹੀ ਮਸਲਾ ਸੁਲਝਾ ਗਏ CM ਚੰਨੀ

ਮਾਨਸਾ ਵਿਖੇ ਆਪਣੇ ਉਮੀਦਵਾਰ ਦੇ ਹੱਕ ’ਚ ਪ੍ਰਚਾਰ ਕਰਨ ਪੁੱਜੇ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਸਰਕਾਰ ’ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 5 ਸਾਲ ਪਹਿਲਾਂ ਜਿਹੜੀ ਸਰਕਾਰ ਬਣੀ ਸੀ, ਉਹ ਤਾਂ ਝੂਠੀ ਸਰਕਾਰ, ਝੂਠੇ ਲਾਅਰੇ ਲਗਾਉਣ ਅਤੇ ਝੂਠੇ ਵਾਅਦਿਆਂ ਵਾਲੀ ਸੀ। 5 ਸਾਲ ਪਹਿਲਾਂ ਸੱਤਾ ’ਚ ਆਈ ਕਾਂਗਰਸ ਦੀ ਸਰਕਾਰ ਨੇ ਬਹੁਤ ਸਾਰੇ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ। ਕਰਜ਼ ਮੁਆਫ਼ੀ ਨੂੰ ਲੈ ਕੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਅੱਜ ਤੱਕ ਪੰਜਾਬ ’ਚ ਕਿਸੇ ਵੀ ਕਿਸਾਨ ਦਾ ਸਾਰਾ ਕਰਜ਼ਾ ਮੁਆਫ਼ ਨਹੀਂ ਕੀਤਾ ਗਿਆ ਹੈ। 

ਵੱਡੀ ਖ਼ਬਰ: ਪੰਜਾਬ ਦੇ ਇਸ ਹਲਕੇ ’ਚੋਂ ਦੋ ਕਾਂਗਰਸੀ ਉਮੀਦਵਾਰਾਂ ਨੇ ਭਰਿਆ ਨਾਮਜ਼ਦਗੀ ਪੱਤਰ (ਵੀਡੀਓ)

ਪੰਜਾਬ ’ਚ ਵਿਧਾਨ ਸਭਾ ਚੋਣਾਂ 20 ਫਰਵਰੀ ਨੂੰ ਹੋਣ ਜਾ ਰਹੀਆਂ ਹਨ। ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਆਪੋ ਆਪਣੀਆਂ ਤਿਆਰੀਆਂ ’ਚ ਲੱਗੀਆਂ ਹੋਈਆਂ ਹਨ। ਇਸ ਦੌਰਾਨ ਜੇਕਰ ਗੱਲ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀ ਕੀਤੀ ਜਾਵੇ ਤਾਂ ਇਸ ਹਲਕੇ ’ਚ ਉਸ ਸਮੇਂ ਨਵਾਂ ਕਲੇਸ਼ ਪੈ ਗਿਆ, ਜਦੋਂ 2 ਕਾਂਗਰਸੀ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਰਮਨਦੀਪ ਸਿੰਘ ਸਿੱਕੀ ਤੋਂ ਇਲਾਵਾ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਭਰਾ ਰਾਜਨ ਗਿੱਲ ਨੇ ਵੀ ਕਾਂਗਰਸੀ ਉਮੀਦਵਾਰ ਵਜੋਂ ਆਪਣਾ ਨਾਮਜ਼ਦਗੀ ਪੱਤਰ ਭਰ ਦਿੱਤਾ ਹੈ। 

ਨਵਾਂਸ਼ਹਿਰ ਦੀ ਸਿਆਸਤ ’ਚ ਮਚਿਆ ਘਮਸਾਨ, ਇਕੋ ਪਾਰਟੀ ਦੇ ਦੋ ਉਮੀਦਵਾਰਾਂ ਨੇ ਭਰੀ ਨਾਮਜ਼ਦਗੀ

ਨਵਾਂਸ਼ਹਿਰ ਵਿਖੇ ਇਕੋ ਪਾਰਟੀ ਤੋਂ ਦੋ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਰਜ ਕਰਨ ਨਾਲ ਨਵਾਂਸ਼ਹਿਰ ਦੀ ਸਿਆਸਤ ’ਚ ਘਮਸਾਨ ਮਚ ਗਿਆ ਹੈ। ਮੰਗਲਵਾਰ ਨੂੰ ਨਵਾਂਸ਼ਹਿਰ ਤੋਂ ਬਸਪਾ ਪਾਰਟੀ ਦੇ ਆਗੂ ਬਰਜਿੰਦਰ ਸਿੰਘ ਹੁਸੈਨਪੁਰ ਨੇ ਨਾਮਜ਼ਦਗੀ ਪੱਤਰ ਭਰਿਆ ਜਦਕਿ ਇਥੋਂ ਅਕਾਲੀ-ਬਸਪਾ ਵੱਲੋਂ ਨਛੱਤਰਪਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਬਸਪਾ ਅਤੇ ਅਕਾਲੀ ਦਲ ਨੇ ਬਰਜਿੰਦਰ ਸਿੰਘ ਹੁਸੈਨਪੁਰ ’ਤੇ ਫਰਜ਼ੀ ਟਿਕਟ ਤਿਆਰ ਕਰਕੇ ਨਾਮਜ਼ਦਗੀ ਭਰਨ ਦੇ ਦੋਸ਼ ਲਗਾਏ ਹਨ। 


Harnek Seechewal

Content Editor

Related News