ਖਾਸ ਰਿਪੋਰਟ ’ਚ ਪੜ੍ਹੋ ਕਿੰਨਾ ਵਿਸ਼ਾਲ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ

Friday, Mar 06, 2020 - 10:51 PM (IST)

ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਮਹਾਰਾਜਾ ਰਣਜੀਤ ਸਿੰਘ ਸਿੱਖ ਇਤਿਹਾਸ ਦਾ ਉਹ ਕੋਹਿਨੂਰ ਹੀਰਾ ਹੈ, ਜਿਸ ਦੀ ਚਮਕ ਢਾਈ ਸਦੀਆਂ ਬੀਤ ਜਾਣ ਦੇ ਬਾਅਦ ਅੱਜ ਵੀ ਬਰਕਰਾਰ ਹੈ। ਬੀਬੀਸੀ ਵਰਲਡ ਹਿਸਟ੍ਰੀ ਮੈਗਜ਼ੀਨ ਵਲੋਂ ਕਰਵਾਏ ਗਏ ਇਕ ਸਰਵੇਖਣ ਵਿਚ ਭਾਰਤ ਵਿਚ ਸਿੱਖ ਸਮਰਾਜ ਦੇ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਨੂੰ 'ਹੁਣ ਤੱਕ ਦਾ ਸਭ ਤੋਂ ਮਹਾਨ ਨੇਤਾ' ਚੁਣਿਆ ਜਾਣਾ ਸਮੂਹ ਸਿੱਖ ਜਗਤ ਲਈ ਵੱਡੇ ਮਾਣ ਵਾਲੀ ਗੱਲ ਹੈ। ਇਸ ਪੋਲ ਵਿਚ 5000 ਤੋਂ ਵਧੇਰੇ ਪਾਠਕਾਂ ਨੇ ਵੋਟਿੰਗ ਕੀਤੀ ਸੀ। ਇਸ ਸਰਵੇਖਣ ਵਿਚ ਅਫਰੀਕੀ ਸੁਤੰਤਰਤਾ ਸੈਨਾਨੀ ਅਮਲਕਰ ਕੈਬ੍ਰਾਲ ਦੂਜੇ ਸਥਾਨ 'ਤੇ ਰਹੇ। ਇਸੇ ਤਰ੍ਹਾਂ ਬ੍ਰਿਟੇਨ ਯੁੱਧ ਦੇ ਸਮੇਂ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਤੀਜੇ ਸਥਾਨ 'ਤੇ ਰਹੇ। ਇਸ ਸੂਚੀ ਵਿਚ ਅਮਰੀਕੀ ਰਾਸ਼ਟਰਪਤੀ ਇਬਰਾਹੀਮ ਲਿੰਕਨ ਚੌਥੇ ਸਥਾਨ 'ਤੇ ਅਤੇ ਬ੍ਰਿਟਿਸ਼ ਸਮਰਾਜੀ ‘ਐਲਿਜ਼ਾਬੇਥ ਪਹਿਲੀ’ ਪੰਜਵੇਂ ਸਥਾਨ 'ਤੇ ਰਹੀ। 
ਗੱਲ ਮਹਾਰਾਜਾ ਰਣਜੀਤ ਸਿੰਘ ਦੀ ਕਰੀਏ ਤਾਂ 18ਵੀਂ ਸਦੀ ਵਿਚ ਉਨ੍ਹਾਂ ਦਾ ਮੁਗਲਾਂ ਨਾਲ ਸੰਘਰਸ਼ ਅਤੇ ਸਿੱਖ ਰਾਜ ਸਥਾਪਤੀ ਦਾ ਦੌਰ ਇਤਿਹਾਸ ਦਾ ਲਾਮਿਸਾਲ ਪੰਨਾ ਹੈ। ਉਸ ਮੌਕੇ ਮੁਗਲਾਂ ਨਾਲ ਟੱਕਰ ਲੈ ਰਹੀਆਂ ਸਿੱਖ ਮਿਸਲਾਂ ਨੂੰ ਇਕ ਸੂਤਰ ਵਿਚ ਪਰੋ ਕੇ ਮਹਾਰਾਜਾ ਰਣਜੀਤ ਸਿੰਘ ਨੇ, ਜਿਸ ਤਰ੍ਹਾਂ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ ਅਜਿਹੀ ਮਿਸਾਲ ਨਾ ਤਾਂ ਪਹਿਲਾਂ ਕਦੇ ਮਿਲੀ ਅਤੇ ਨਾ ਉਨ੍ਹਾਂ ਤੋਂ ਬਾਅਦ ਵਿਚ ਮਿਲਦੀ ਹੈ। ਉਸ ਮੌਕੇ ਸਿੱਖ ਮਿਸਲਾਂ ਨੇ ਜਦੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਸੁਤੰਤਰ ਰਾਜ ਸਥਾਪਿਤ ਕਰ ਲਏ ਤਾਂ ਇਨ੍ਹਾਂ ਦੇ ਏਕੀਕਰਨ ਕਰਨ ਲਈ ਇਕ ਮਹਾਂਨਾਇਕ ਦੀ ਲੋੜ ਸੀ। ਇਹ ਮਹਾ ਨਾਇਕ ਸੀ ‘ਸ਼ੇਰੇ ਪੰਜਾਬ’ ਮਹਾਰਾਜਾ ਰਣਜੀਤ ਸਿੰਘ। ਮਹਾਰਾਜਾ ਰਣਜੀਤ ਸਿੰਘ ਦੇ ਚੰਗੇ ਰਾਜ ਪ੍ਰਬੰਧ ਅਤੇ ਉਨ੍ਹਾਂ ਦੀ ਮਹਾਬਲੀ ਸ਼ਖਸੀਅਤ ਦੇ ਚਰਚੇ ਇਸ ਹੱਦ ਤੱਕ ਹੋਏ ਕਿ ਮੁਸਲਿਮ ਲਿਖਾਰੀ ਸ਼ਾਹ ਮੁਹੰਮਦ ਉਨ੍ਹਾਂ ਦੀ ਸਿਫਤ ਵਿਚ ਅਸ਼-ਅਸ਼ ਕਰ ਉਠਿਆ। ਸ਼ਾਹ ਮੁਹੰਮਦ  ‘ਜੰਗਨਾਮਾ ਸਿੰਘਾਂ ਤੇ ਫਰੰਗੀਆਂ’ ਵਿਚ ਲਿਖਦਾ ਹੈ ਕਿ :
 

ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜੋਰ ਦੇ ਮੁਲਕ ਹਿਲਾਇ ਗਿਆ।
ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ,
ਜੰਮੂ, ਕਾਂਗੜਾ ਕੋਟ ਨਿਵਾਇ ਗਿਆ।
ਤਿੱਬਤ ਦੇਸ਼ ਲੱਦਾਖ਼ ਤੇ ਚੀਨ ਤੋੜੀਂ,
ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
ਹੱਛਾ ਰੱਜ ਕੇ ਰਾਜ ਕਮਾਇ ਗਿਆ।

ਮਹਾਰਾਜਾ ਰਣਜੀਤ ਸਿੰਘ ਦਾ ਜਨਮ ਨਵੰਬਰ, 1780 ਈ: ਵਿਚ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਘਰ ਗੁਜਰਾਂਵਾਲਾ ਵਿਖੇ ਹੋਇਆ। ਬਚਪਨ ਤੋਂ ਹੀ ਮਹਾਰਾਜਾ ਰਣਜੀਤ ਸਿੰਘ ਬਹਾਦਰ, ਨਿਡਰ ਅਤੇ ਚੰਗੇ ਨੀਤੀਵਾਨ ਹੋਣ ਦੇ ਨਾਲ-ਨਾਲ ਘੋੜ ਸਵਾਰੀ, ਤਲਵਾਰਬਾਜ਼ੀ ਤੇ ਤੈਰਾਕੀ ਆਦਿ ਬੀਰ ਰੁਚੀਆਂ ਦੇ ਸ਼ੌਕੀਨ ਸਨ। ਉਨ੍ਹਾਂ ਦਾ ਸਿੱਖ ਧਰਮ ਵਿਚ ਅਥਾਹ ਵਿਸ਼ਵਾਸ ਸੀ, ਜੋ ਉਮਰ ਦੇ ਵਧਣ ਨਾਲ ਹੋਰ ਵੀ ਪਰਪੱਕ ਹੋਇਆ। ਉਨ੍ਹਾਂ ਨੇ ਆਪਣੇ ਸਾਹਸ ਅਤੇ ਦਲੇਰੀ ਸਦਕਾ, 1799 ਈ: ਵਿਚ ਲਾਹੌਰ 'ਤੇ ਕਬਜ਼ਾ ਕਰਕੇ ਖ਼ਾਲਸਾ ਰਾਜ ਸਥਾਪਿਤ ਕੀਤਾ। ਪੰਜਾਬ ਵਿਚ ਰਾਜ ਸਥਾਪਤੀ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਸਰਕਾਰ-ਏ-ਖ਼ਾਲਸਾ ਦਾ ਨਾਂ ਦਿੱਤਾ। ਉਨ੍ਹਾਂ ਨੇ ਆਪਣੇ ਰਾਜ ਦੀ ਮੋਹਰ ਹੇਠ ਸਿੱਕੇ ਵੀ ਜਾਰੀ ਕੀਤੇ। ਇਨ੍ਹਾਂ ਸਿੱਕਿਆਂ ਉੱਤੇ  ਸ੍ਰੀ ਅਕਾਲ ਸਹਾਇ ਅਤੇ ਨਾਨਕ ਸਹਾਇ ਜਾਂ ਗੋਬਿੰਦ ਸਹਾਇ ਸ਼ਬਦ ਉਕਰੇ ਗਏ। 
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਭ ਤੋਂ ਵਿਲੱਖਣ ਗੱਲ ਇਹ ਸੀ ਕਿ ਇਸ ਅੰਦਰ 92 ਫੀਸਦੀ ਜਨਤਾ ਹਿੰਦੂ ਜਾਂ ਇਸਲਾਮ ਧਰਮ ਦੀ ਧਾਰਨੀ ਸੀ, ਜਦਕਿ ਇਸ ਵਿਚ ਸਿੱਖਾਂ ਦੀ ਗਿਣਤੀ ਸਿਰਫ 8 ਫੀਸਦੀ ਹੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਸਭ ਧਰਮਾਂ ਦਾ ਬਰਾਬਰ ਸਤਿਕਾਰ ਕੀਤਾ। ਉਨ੍ਹਾਂ ਨੇ ਸਿੱਖ ਧਾਰਮਿਕ ਅਸਥਾਨਾ ਦੇ ਨਾਲ-ਨਾਲ ਮੰਦਰਾਂ ਤੇ ਮਸਜਿਦਾਂ ਲਈ ਵੀ ਸਰਕਾਰੀ ਖਜ਼ਾਨੇ ਦੇ ਮੂੰਹ ਖੋਲ੍ਹ ਦਿੱਤੇ। ਮਹਾਰਾਜਾ ਰਣਜੀਤ ਸਿੰਘ ਦੀ ਸੂਝ-ਬੂਝ ਅਤੇ ਦਲੇਰੀ ਸਦਕਾ ਉਨ੍ਹਾਂ ਦੇ ਰਾਜ ਦੀਆਂ ਹੱਦਾਂ ਦੱਰਾ ਖੈਬਰ ਅਫ਼ਗਾਨਿਸਤਾਨ, ਮੁਲਤਾਨ, ਲੱਦਾਖ ਅਤੇ ਚੀਨ ਤੱਕ ਪਹੁੰਚ ਗਈਆਂ। ਮਹਾਰਾਜੇ ਦੀ ਸੂਝ-ਬੂਝ ਅਤੇ ਖ਼ਾਲਸਾ ਫ਼ੌਜ ਦੀ ਤਾਕਤ ਦਾ ਲੋਹਾ ਅੰਗਰੇਜਾਂ ਨੇ ਵੀ ਮੰਨਿਆ। 
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਹਿਮਾਲਿਆ ਵਰਗਾ ਬੁਲੰਦ ਸਿੱਖ ਰਾਜ ਕੁਝ ਸਾਲਾਂ ਵਿਚ ਢਹਿ-ਢੇਰੀ ਹੋ ਗਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਅੰਗਰੇਜਾਂ ਨੇ ਸਿੱਖ ਰਾਜ ਕੁਝ ਇਸ ਤਰ੍ਹਾਂ ਕੁਚਲਿਆ ਕਿ ਸ਼ਾਹ ਮੁਹੰਮਦ ਆਪਣੀ ਲਿਖਤ ਵਿਚ ਕੁਰਲਾਅ ਉੱਠਿਆ। ਅੰਗਰੇਜਾਂ ਨਾਲ ਹੋਈ ਭਿਆਨਕ ਲੜਾਈ ਅਤੇ ਉਨ੍ਹਾਂ ਹੱਥੋਂ ਹੋਈ ਸਿੱਖ ਆਗੂਆਂ ਦੀ ਹਾਰ ਨੂੰ ਉਸਨੇ ਇਸ ਤਰ੍ਹਾਂ ਚਿਤਰਿਆ :

ਜੰਗ ਹਿੰਦ ਪੰਜਾਬ ਦਾ ਹੋਣ ਲੱਗਾ,
ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੀ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,
ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ।
ਘੋੜੇ ਆਦਮੀ ਗੋਲਿਆਂ ਨਾਲ ਉੱਡਣ,
ਹਾਥੀ ਢਹਿੰਦੇ ਸਣੇ ਅੰਬਾਰੀਆਂ ਨੀ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।

 ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸੀਅਤ ਚਮਕਦੇ ਸੂਰਜ ਵਾਂਗ ਸੀ, ਜੋ ਵੀ ਮਹਾਰਾਜੇ ਦੇ ਸੰਪਰਕ ਵਿਚ ਜਾਂ ਸਾਹਮਣੇ ਆਉਂਦਾ ਉਹ ਪ੍ਰਭਾਵਿਤ ਹੋਏ ਬਿਨ੍ਹਾਂ ਨਾ ਰਹਿੰਦਾ। ਉਨ੍ਹਾਂ ਦੇ ਤੇਜ ਅੱਗੇ ਕਾਬਲ, ਕੰਧਾਰ ਦੇ ਪਠਾਣਾਂ ਨੇ ਵੀ ਸੀਸ ਨਿਵਾ ਦਿੱਤੇ। ਮਹਾਰਾਜਾ ਖੁਦ ਨੂੰ ਰਾਜਾ ਅਖਵਾਉਣ ਦੀ ਥਾਂ ਭਾਈ ਸਾਹਿਬ, ਸਿੰਘ ਸਾਹਿਬ ਅਖਵਾ ਕੇ ਖੁਸ਼ ਹੁੰਦੇ ਸਨ। ਆਪਣੇ ਰਾਜ ਨੂੰ ਸਰਕਾਰ-ਏ-ਖ਼ਾਲਸਾ ਅਤੇ ਦਰਬਾਰ ਨੂੰ ਖ਼ਾਲਸਾ ਦਰਬਾਰਾ, ਅਖਵਾਉਂਦੇ ਸਨ। ਮਹਾਰਾਜਾ ਆਪਣੇ ਦਿਨ ਦੇ ਕੰਮਾਂਕਾਰਾਂ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਕੇ ਕਰਦੇ। ਜਿੱਤ ਤੋਂ ਬਾਅਦ ਸ਼ੁਕਰਾਨੇ ਲਈ ਮਹਾਰਾਜ ਸ਼ਬਦ-ਗੁਰੂ ਸਾਹਮਣੇ ਨਤਮਸਤਕ ਹੁੰਦੇ ਸਨ।
ਮਹਾਨ ਕੋਸ਼ ਦੇ ਰਚੈਤਾ ਭਾਈ ਕਾਨ੍ਹ ਸਿੰਘ ਨਾਭਾ ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸੀਅਤ ਬਾਰੇ ਲਿਖਦੇ ਹਨ ਕਿ, ਪੰਜਾਬ ਵਿਚ ਸਿੱਖ ਸਲਤਨਤ ਕਾਇਮ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਤੇਜ਼ ਸੂਝਬੂਝ ਦਾ ਸਬੂਤ ਦਿੱਤਾ। ਅਧਰੰਗ ਦੇ ਰੋਗ ਨੇ 1839 ਨੂੰ ਉਨ੍ਹਾਂ ਦੀ ਜਾਨ ਲੈ ਲਈ। ਉਨ੍ਹਾਂ ਦੀ ਮੌਤ ਤੋਂ ਬਾਅਦ ਚੁਫੇਰੇ ਸ਼ੋਕ ਦੀ ਲਹਿਰ ਦੌੜ ਗਈ। ਲੁਕਾਈ ਇੰਜ ਮਹਿਸੂਸ ਕਰਨ ਲੱਗੀ ਜਿਵੇਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੋਵੇ। 



ਇਹ ਵੀ ਪੜ੍ਹੋ :   ਕਦੋਂ ਮਿਲਣਗੇ ਪੰਜਾਬ ਨੂੰ ਪਾਣੀਆਂ ਦੇ 33 ਲੱਖ ਕਰੋੜ...?

 


jasbir singh

News Editor

Related News