ਰਵਨੀਤ ਬਿੱਟੂ ਦੀ ਚੇਤਾਵਨੀ ਤੋਂ ਬਾਅਦ ਗਾਇਕ ਦਿਲਜੀਤ ਦੋਸਾਂਝ ਨੇ ਦਿੱਤਾ ਸਪਸ਼ਟੀਕਰਣ (ਵੀਡੀਓ)

06/23/2020 10:27:34 AM

ਜਲੰਧਰ (ਵੈੱਬ ਡੈਸਕ) : ਭਾਰਤ-ਚੀਨ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਇਸ ਮੁੱਦੇ 'ਤੇ ਹੋਰ ਜੰਗ ਛਿੜਦੀ ਜਾ ਰਹੀ ਹੈ। ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਪੰਜਾਬੀ ਪ੍ਰਸਿੱਧ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਤੇ ਜੈਜ਼ੀ ਬੀ ਨੂੰ ਲਪੇਟੇ 'ਚ ਲੈਂਦੇ ਹੋਏ ਕਿਹਾ ਕਿ 'ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ, ਦਿਲਜੀਤ ਤੇ ਜੈਜ਼ੀ ਇਸ ਸੰਗਠਨ ਦਾ ਖੁੱਲ੍ਹ ਕੇ ਸਮਰਥਨ ਕਰ ਰਹੇ ਹਨ। ਇਹੀ ਸੰਗਠਨ ਹੈ, ਜਿਹੜਾ ਖ਼ਾਲੀਸਤਾਨ ਬਣਾਉਣ ਦੀ ਮੰਗ ਕਰਦਾ ਹੈ। ਪਹਿਲਾਂ ਹੀ ਦੇਸ਼ ਵਿਰੋਧੀ ਤਾਕਤਾਂ ਨੂੰ ਹਵਾ ਦੇ ਕੇ ਮਾਹੌਲ ਖ਼ਰਾਬ ਕਰ ਰਿਹਾ ਹੈ।' ਇਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਆਪਣਾ ਪੱਖ ਰੱਖਦਿਆਂ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਦਿਲਜੀਤ ਆਖ ਰਹੇ ਹਨ 'ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਗੀਤ ਮੈਂ ਪਿਛਲੇ ਕੁਝ ਦਿਨ ਪਹਿਲਾਂ ਗਾ ਕੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਸੀ, ਉਹ ਫ਼ਿਲਮ 'ਪੰਜਾਬ 1984' ਦਾ ਹੈ, ਜੋ ਕਿ ਸਾਲ 2014 'ਚ ਰਿਲੀਜ਼ ਹੋਈ ਸੀ। ਫ਼ਿਲਮ ਉਦੋਂ ਹੀ ਰਿਲੀਜ਼ ਹੁੰਦੀ ਹੈ ਜਾਂ ਥੀਏਟਰਾਂ 'ਚ ਲੱਗਦੀ ਹੈ, ਜਦੋਂ ਇਸ ਨੂੰ 'ਇੰਡੀਆ ਗੌਰਮੈਂਟ ਸੈਂਸਰ ਬੋਰਡ' ਵੱਲੋਂ ਪਾਸ ਕੀਤਾ ਜਾਂਦਾ ਹੈ। ਇਸ ਫ਼ਿਲਮ ਨੂੰ ਨੈਸ਼ਨਲ ਐਵਾਰਡ ਵੀ ਮਿਲ ਚੁੱਕਿਆ ਹੈ। ਮੈਨੂੰ ਸਮਝ ਨਹੀਂ ਆ ਰਹੀ ਕਿ ਜਿਸ ਫ਼ਿਲਮ ਨੂੰ ਨੈਸ਼ਨਲ ਐਵਾਰਡ ਮਿਲਿਆ ਹੋਵੇ, ਸੈਂਸਰ ਬੋਰਡ ਵਲੋਂ ਪਾਸ ਹੋਵੇ ਅੱਜ ਉਸ 'ਤੇ ਮੁੱਦਾ ਕਿਵੇਂ ਬਣਾਇਆ ਜਾ ਸਕਦਾ ਹੈ? ਮੈਂ ਇੰਡੀਆ ਦਾ ਟੈਕਸ ਪੇ ਨਾਗਰਿਕ ਹਾਂ, ਜਦੋਂ ਵੀ ਭਾਰਤ/ਪੰਜਾਬ 'ਤੇ ਕੋਈ ਮੁਸ਼ਕਿਲ ਆਈ ਹੈ, ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ ਪਰ ਅੱਜ ਇਸ ਗੱਲ ਨੂੰ ਕਿਉਂ ਮੁੱਦਾ ਬਣਾਇਆ ਜਾ ਰਿਹਾ ਹੈ? ਇਹ ਗੱਲ ਮੇਰੀ ਸਮਝ ਤੋਂ ਬਾਹਰ ਹੈ।''

ਦੱਸਣਯੋਗ ਗੈ ਕਿ ਰਵਨੀਤ ਬਿੱਟੂ ਨੇ ਕਿਹਾ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਭਾਰਤ-ਚੀਨ ਵਿਵਾਦ ਤੇ ਭਾਰਤ ਨੂੰ ਗਲਤ ਠਹਿਰਾ ਕੇ ਸ਼ਹੀਦਾਂ ਦਾ ਨਿਰਦਾਰ ਕੀਤਾ ਹੈ। ਰਵਨੀਤ ਬਿੱਟੂ ਨੇ ਦੋਵਾਂ ਗਾਇਕਾਂ ਨੂੰ ਕਾਫ਼ੀ ਖਰੀਆਂ-ਖੋਟੀਆਂ ਸੁਣਾਈਆਂ। ਉਨ੍ਹਾਂ ਨੇ ਕਿਹਾ, 'ਜੇਕਰ ਤੁਹਾਨੂੰ ਪੰਜਾਬ ਦੇ ਲੋਕ ਬੁਲੰਦੀਆਂ 'ਤੇ ਪਹੁੰਚਾ ਸਕਦੇ ਹਨ ਤਾਂ ਜੇਲ੍ਹ ਦੀ ਹਵਾ ਵੀ ਖੁਵਾ ਸਕਦੇ ਹਨ। ਤੁਸੀਂ ਲੋਕ ਪੰਜਾਬ ਦਾ ਖਾਹ ਕੇ ਹੁਣ ਹਰਾਮ ਕਰ ਰਹੇ ਹੋ। ਕਿਉਂ ਤੁਸੀਂ ਪੰਜਾਬ ਦੇ ਨੌਜਵਾਨਾਂ ਦੇ ਖੂਨ ਦੇ ਪਿਆਸੇ ਹੋ ਗਏ? ਸਾਡੇ ਬੱਚਿਆਂ ਨੂੰ ਹਥਿਆਰ ਚੁੱਕਣ ਨੂੰ ਆਖ ਰਹੇ ਹੋ? ਤੁਹਾਡੀਆਂ ਇਹ ਗਲਤੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।' ਇਸ ਤੋਂ ਇਲਾਵਾ ਰਵਨੀਤ ਬਿੱਟੂ ਨੇ ਦਿਲਜੀਤ ਦੋਸਾਂਝ ਤੇ ਜੈਜ਼ੀ ਬੀ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਸੀ, 'ਜੇਕਰ ਤੁਸੀਂ ਪੰਜਾਬ ਆਉਣਾ ਹੈ ਤਾਂ ਕੁਝ ਸੋਚ ਵਿਚਾਰ ਕੇ ਆਇਓ। ਜਦੋਂ ਤੁਸੀਂ ਪੰਜਾਬ/ਭਾਰਤ ਆਏ ਉਦੋਂ ਇਸ ਮੁੱਦੇ 'ਤੇ ਖੁੱਲ੍ਹ ਕੇ ਗੱਲ ਕੀਤੀ ਜਾਵੇਗੀ। ਸਾਡੀ ਨੌਜਵਾਨ ਪੀੜ੍ਹੀ ਦੇਸ਼ ਨਾਲ ਹੈ। ਮੈਂ ਤਾਂ ਕਹਿੰਦਾ ਹਾਂ ਕਿ ਇਹ ਸਾਰੇ ਇਕੱਠੇ ਹੋ ਕੇ ਛੋਟੇ-ਛੋਟੋ ਜੱਥਿਆਂ 'ਚ ਪੁਲਸ ਥਾਣਿਆਂ 'ਚ ਜਾ ਕੇ ਇਨ੍ਹਾਂ ਦੋਵਾਂ ਖ਼ਿਲਾਫ ਸ਼ਿਕਾਇਤ ਦਰਜ ਕਰਵਾਓ।'

ਦੱਸ ਦਈਏ ਕਿ ਰਵਨੀਤ ਬਿੱਟੂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਗਾਇਕ ਦਲਜੀਤ ਦੋਸਾਂਝ, ਜੈਜ਼ੀ ਬੀ ਤੇ ਪੰਨੂ ਖਿਲਾਫ ਸੂਬੇ ਦੇ ਹਰ ਥਾਣੇ 'ਚ ਕੇਸ ਦਰਜ ਹੋਵੇ। ਬਿੱਟੂ ਨੇ ਕਿਹਾ ਪੰਨੂ ਚੀਨ ਦਾ ਸਮਰਥਨ ਕਰਕੇ ਦੇਸ਼ 'ਚ ਫੁੱਟ ਪਾਉਣ ਦੀ ਸਾਜ਼ਿਸ਼ ਰਚ ਰਿਹਾ ਹੈ। ਇਸ ਨਾਲ ਪੰਜਾਬ ਦਾ ਮਾਹੌਲ ਮੁੜ ਤੋਂ ਵਿਗਾੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਉਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਕਿ ਚੀਨ ਨੂੰ ਸਖ਼ਤ ਸੰਦੇਸ਼ ਜਾਣਾ ਚਾਹੀਦਾ ਹੈ ਕਿ ਭਾਰਤ ਉਸ ਦਾ ਧੋਖਾ ਬਰਦਾਸ਼ਤ ਨਹੀਂ ਕਰੇਗਾ।


sunita

Content Editor

Related News