ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਖੁੱਲ੍ਹ ਕੇ ਬੋਲੇ MP ਰਵਨੀਤ ਬਿੱਟੂ, ‘ਆਪ’ ਸਰਕਾਰ ’ਤੇ ਵਿੰਨ੍ਹੇ ਨਿਸ਼ਾਨੇ
Thursday, Aug 25, 2022 - 10:20 PM (IST)
ਲੁਧਿਆਣਾ/ਜਲੰਧਰ (ਵੈੱਬ ਡੈਸਕ) : ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਆਸ਼ੂ ਦੇ ਨਾਲ ਚੱਟਾਨ ਵਾਂਗ ਖੜ੍ਹੇ ਦਿਸੇ। ਇਸੇ ਵਿਸ਼ੇ ’ਤੇ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਰਵਨੀਤ ਬਿੱਟੂ ਨਾਲ ਖ਼ਾਸ ਗੱਲਬਾਤ ਕੀਤੀ। ਭਾਰਤ ਭੂਸ਼ਣ ਆਸ਼ੂ ਨਾਲ ਇੰਨੀ ਨੇੜਤਾ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਤੇ ਕਾਨੂੰਨ ਕੁਝ ਵੀ ਕਰ ਸਕਦੇ ਹਨ, ਨਾ ਤਾਂ ਕੋਈ ਵਿਜੀਲੈਂਸ ਨੂੰ ਰੋਕ ਸਕਦਾ ਹੈ ਅਤੇ ਨਾ ਹੀ ਕਿਸੇ ’ਤੇ ਕੇਸ ਦਰਜ ਕਰਨ ਤੋਂ ਪੁਲਸ ਨੂੰ ਰੋਕ ਸਕਦਾ। ਪਹਿਲਾਂ ਸਾਧੂ ਸਿੰਘ ਧਰਮਸੋਤ ਨੂੰ ਇਸੇ ਤਰ੍ਹਾਂ ਚੁੱਕਿਆ ਗਿਆ ਤੇ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਵੀ ਤਕਰੀਬਨ 18 ਸ਼ਿਕਾਇਤਾਂ ਗਈਆਂ ਹਨ। ਉਨ੍ਹਾਂ ਕਿਹਾ ਕਿ ਆਸ਼ੂ ਮੇਰੇ ਕੋਲ ਆਏ ਸਨ ਤੇ ਕਿਹਾ ਸੀ ਕਿ ਮੇਰੇ ’ਤੇ ਕੇਸ ਹੈ ਅਤੇ ਮੈਂ ਇਹ ਨਹੀਂ ਕਹਾਉਣਾ ਕਿ ਮੈਂ ਭੱਜ ਗਿਆ ਜਾਂ ਕੋਈ ਨੋਟਿਸ ਜਾਰੀ ਨਾ ਹੋਵੇ ਕਿ ਮੈਂ ਵਿਦੇਸ਼ ਨਾ ਚਲਾ ਜਾਵਾਂ।
ਇਹ ਵੀ ਪੜ੍ਹੋ : ਅਕਾਲੀ ਦਲ ਨੇ 'ਆਪ' ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਡੇਅਰੀ ਕਿਸਾਨਾਂ ਨਾਲ ਕਰ ਰਹੀ ਹੈ ਧੋਖਾ
ਉਨ੍ਹਾਂ ਕਿਹਾ ਕਿ ਇਸ ਲਈ ਮੈਂ ਵਿਜੀਲੈਂਸ ਦੇ ਦਫ਼ਤਰ ਪੇਸ਼ ਹੋਣਾ ਚਾਹੁੰਦਾ ਹਾਂ। ਸੰਸਦ ਮੈਂਬਰ ਬਿੱਟੂ ਨੇ ਦੱਸਿਆ ਕਿ ਮੈਂ ਆਸ਼ੂ ਨੂੰ ਕਿਹਾ ਕਿ ਇਸ ਬਾਰੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨਾਲ ਵੀ ਤੁਸੀਂ ਗੱਲ ਕਰੋ ਕਿਉਂਕਿ ਸਰਕਾਰ ਦਾ ਜ਼ੋਰ ਆਗੂਆਂ ਦੀ ਗ੍ਰਿਫ਼ਤਾਰੀ ਦਿਖਾਉਣ ’ਤੇ ਲੱਗਾ ਹੋਇਆ। ਇਸ ਮਾਮਲੇ ਨੂੰ ਲੈ ਕ ਅਸੀਂ ਐੱਸ. ਐੱਸ. ਪੀ. ਵਿਜੀਲੈਂਸ ਲੁਧਿਆਣਾ ਕੋਲ ਗਏ ਕਿ ਆਸ਼ੂ ਨੂੰ ਉਨ੍ਹਾਂ ਕੋਲ ਪੇਸ਼ ਕਰਵਾ ਦਿੰਦੇ ਹਾਂ ਪਰ ਇਹ ਗੱਲ ਵੀ ਨਾ ਬਣੀ। ਫਿਰ ਅਸੀਂ ਉਨ੍ਹਾਂ ਦੇ ਘਰ ਗਏ, ਜਿਥੇ ਆਸ਼ੂ, ਉਨ੍ਹਾਂ ਦੀ ਬੇਟੀ ਤੇ ਪਤਨੀ ਸਨ। ਘਰ ਦੇ ਬਾਹਰ ਵਿਜੀਲੈਂਸ ਵਾਲਿਆਂ ਦੀ ਪੂਰੀ ਤਿਆਰੀ ਸੀ ਕਿ ਅਸੀਂ ਉਥੇ ਜਾਈਏ ਤਾਂ ਆਸ਼ੂ ਨੂੰ ਗ੍ਰਿਫ਼ਤਾਰ ਕਰ ਲਈਏ। ਆਸ਼ੂ ਨੇ ਕਿਹਾ ਕਿ ਅੱਜ ਨਹੀਂ ਤਾਂ ਕੱਲ੍ਹ ਇਨ੍ਹਾਂ ਨੇ ਉਸ ਨੂੰ ਫੜਨਾ ਤਾਂ ਹੈ ਹੀ, ਉਸ ਤੋਂ ਪਹਿਲਾਂ ਵਾਲ ਹੀ ਕਟਵਾ ਲਵਾਂ। ਮੈਂ ਕਿਹਾ ਕਿ ਠੀਕ ਹੈ ਅਤੇ ਉਹ ਆਪਣੀ ਗੱਡੀ ’ਚ ਸੈਲੂਨ ਚਲੇ ਗਏ। ਇਸ ਦੌਰਾਨ ਅਜੇ ਉਹ ਸੈਲੂਨ ’ਚ ਵੜੇ ਹੀ ਸਨ ਕਿ ਸਾਨੂੰ ਫੋਨ ਆ ਗਿਆ ਕਿ ਆਸ਼ੂ ਨੂੰ ਕੋਈ ਫੜਨ ਆ ਗਏ ਹਨ ਪਰ ਇਹ ਨਹੀਂ ਪਤਾ ਕਿ ਉਹ ਕੌਣ ਹਨ।
ਇਹ ਵੀ ਪੜ੍ਹੋ : ਪੰਜਾਬ ਤੋਂ ਬਾਅਦ ਹੁਣ ਹਿਮਾਚਲ ਤੇ ਗੁਜਰਾਤ ਦੇ ਲੋਕਾਂ ਨਾਲ ਝੂਠੇ ਵਾਅਦੇ ਕਰ ਰਹੀ ਹੈ 'ਆਪ' : ਪ੍ਰਤਾਪ ਬਾਜਵਾ
ਅਸੀਂ ਉਨ੍ਹਾਂ ਨੂੰ ਕੋਈ ਕਾਗਜ਼ ਜਾਂ ਆਈ ਕਾਰਡ ਦਿਖਾਉਣ ਬਾਰੇ ਕਿਹਾ ਪਰ ਉਨ੍ਹਾਂ ਨਹੀਂ ਦਿਖਾਇਆ। ਫਿਰ ਅਸੀਂ ਕਿਸੇ ਅਫ਼ਸਰ ਨਾਲ ਗੱਲ ਕਰਵਾਉਣ ਲਈ ਕਿਹਾ ਕਿ ਤੁਸੀਂ ਵਿਜੀਲੈਂਸ ਤੋਂ ਹੋ ਪਰ ਉਨ੍ਹਾਂ ਇਸ ਤੋਂ ਮਨ੍ਹਾ ਕਰ ਦਿੱਤਾ। ਬਾਅਦ ’ਚ ਪਤਾ ਲੱਗਾ ਕਿ ਉਨ੍ਹਾਂ ’ਚੋਂ 2 ਡੀ. ਐੱਸ. ਪੀ. ਸਨ, ਇਕ ਸਬ-ਇੰਸਪੈਕਟਰ ਤੇ ਏ. ਐੱਸ. ਆਈ. ਸੀ। ਇਸ ਦੌਰਾਨ ਮੈਂ ਆਸ਼ੂ ਨੂੰ ਆਪਣੀ ਗੱਡੀ ’ਚ ਬਿਠਾਇਆ ਤੇ ਨਾਲ ਹੀ ਸਬ-ਇੰਸਪੈਕਟਰ ਬੈਠ ਗਿਆ ਤੇ ਸਿੱਧਾ ਐੱਸ. ਐੱਸ. ਪੀ. ਦਫ਼ਤਰ ਪਹੁੰਚ ਗਏ। ਐੱਸ. ਐੱਸ. ਪੀ. ਦਫ਼ਤਰ ’ਚ ਹੀ ਮੌਜੂਦ ਸਨ ਤੇ ਉਨ੍ਹਾਂ ਆਸ਼ੂ ਦੇ ਹੱਥ ਇਕ ਪਰਚਾ ਫੜਾ ਦਿੱਤਾ ਅਤੇ ਮੈਂ ਆਪਣੀ ਗੱਡੀ ’ਚ ਬੈਠ ਕੇ ਘਰ ਆ ਗਿਆ। ਬਿੱਟੂ ਨੇ ਕਿਹਾ ਕਿ ਅੱਜਕਲ ਬ੍ਰੇਕਿੰਗ ਨਿਊਜ਼ ਦਾ ਜ਼ਮਾਨਾ ਹੈ ਤੇ ਸਰਕਾਰ ਆਸ਼ੂ ਦੀ ਗ੍ਰਿਫ਼ਤਾਰੀ ਦਿਖਾਉਣਾ ਚਾਹੁੰਦੀ ਸੀ। ਵਿਜੀਲੈਂਸ ਨੂੰ ਅਸੀਂ ਹੁਣ ਕਹਿ ਰਹੇ ਹਾਂ ਕਿ ਆਸ਼ੂ ’ਤੇ ਲੱਗੇ ਇਲਜ਼ਾਮ ਅਦਾਲਤ ’ਚ ਸਾਬਤ ਕਰੋ। ਉਨ੍ਹਾਂ ਕਿਹਾ ਕਿ ਹਿਮਾਚਲ ਚੋਣਾਂ ਦੇ ਮੱਦੇਨਜ਼ਰ ਇਹ ਸਭ ਕੁਝ ਕੀਤਾ ਗਿਆ ਹੈ ਤੇ ‘ਆਪ’ ਸਰਕਾਰ ਜੇ 2-4 ਸਾਬਕਾ ਮੰਤਰੀਆਂ ਦੀ ਗ੍ਰਿਫ਼ਤਾਰੀ ਨਹੀਂ ਦਿਖਾਉਂਦੀ ਤਾਂ ਉਥੇ ਲੋਕਾਂ ਅੱਗੇ ਬੋਲਣਾ ਕੀ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।