ਪੰਜਾਬ ਤੋਂ ''ਰਵਨੀਤ ਬਿੱਟੂ'' ਨੂੰ ਮੋਦੀ ਕੈਬਨਿਟ ''ਚ ਮਿਲ ਸਕਦੀ ਹੈ ਜਗ੍ਹਾ, ਜਾਣੋ ਕੀ ਹੈ ਸਿਆਸੀ ਪਿਛੋਕੜ

Sunday, Jun 09, 2024 - 07:07 PM (IST)

ਪੰਜਾਬ ਤੋਂ ''ਰਵਨੀਤ ਬਿੱਟੂ'' ਨੂੰ ਮੋਦੀ ਕੈਬਨਿਟ ''ਚ ਮਿਲ ਸਕਦੀ ਹੈ ਜਗ੍ਹਾ, ਜਾਣੋ ਕੀ ਹੈ ਸਿਆਸੀ ਪਿਛੋਕੜ

ਲੁਧਿਆਣਾ : ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਵਾਲੇ ਰਵਨੀਤ ਸਿੰਘ ਬਿੱਟੂ ਨੂੰ ਮੋਦੀ ਸਰਕਾਰ 'ਚ ਕੈਬਨਿਟ ਮੰਤਰੀ ਬਣਾਏ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਲੁਧਿਆਣਾ ਤੋਂ ਰਵਨੀਤ ਬਿੱਟੂ ਨੂੰ ਖੜ੍ਹਾ ਕੀਤਾ ਸੀ, ਜੋ ਕਿ ਕਾਂਗਰਸ ਦੇ ਰਾਜਾ ਵੜਿੰਗ ਤੋਂ ਚੋਣਾਂ ਹਾਰ ਗਏ ਸਨ। ਇਸ ਦੇ ਬਾਵਜੂਦ ਵੀ ਮੋਦੀ ਸਰਕਾਰ 'ਚ ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੀਆਂ ਚਰਚਾਵਾਂ ਜ਼ੋਰਾਂ 'ਤੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਹਨ੍ਹੇਰੀ-ਤੂਫ਼ਾਨ ਦੀ ਚਿਤਾਵਨੀ, ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਇਹ ਖ਼ਬਰ
ਕੌਣ ਹਨ ਰਵਨੀਤ ਬਿੱਟੂ
ਰਵਨੀਤ ਬਿੱਟੂ ਦਾ ਜਨਮ 10 ਸਤੰਬਰ, 1975 'ਚ ਹੋਇਆ। ਰਵਨੀਤ ਬਿੱਟੂ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤੇ ਹਨ। ਰਵਨੀਤ ਬਿੱਟੂ ਦੇ ਪਿਤਾ ਸ. ਸਵਰਨਜੀਤ ਸਿੰਘ ਅਤੇ ਮਾਤਾ ਜਸਵੀਰ ਕੌਰ ਹਨ। ਉਨ੍ਹਾਂ ਦੀ ਜਨਮ ਥਾਂ ਪਿੰਡ ਕੋਟਲੀ ਜ਼ਿਲ੍ਹਾ ਲੁਧਿਆਣਾ ਦਾ ਹੈ। 12ਵੀਂ ਤੱਕ ਪੜ੍ਹਾਈ ਕਰਨ ਤੋਂ ਬਾਅਦ ਬਿੱਟੂ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਣ ਕੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ।
ਰਾਹੁਲ ਗਾਂਧੀ ਨੇ ਦਿੱਤੀ ਪਹਿਲੀ ਵਾਰ ਟਿਕਟ
ਬਿੱਟੂ ਕਾਂਗਰਸ ਪਾਰਟੀ 'ਚ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਸਨ। ਰਾਹੁਲ ਗਾਂਧੀ ਦੀ ਪਹਿਲ ਕਦਮੀ 'ਤੇ ਉਨ੍ਹਾਂ ਨੂੰ 2009 'ਚ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ ਮਿਲੀ ਸੀ। ਪਹਿਲੀ ਵਾਰ ਚੋਣ ਲੜ ਰਹੇ ਰਵਨੀਤ ਸਿੰਘ ਬਿੱਟੂ ਨੇ ਸ੍ਰੀ ਆਨੰਦਪੁਰ ਸਾਹਿਬ ਸੀਟ ਤੋਂ ਅਕਾਲੀ ਦਲ ਦੇ ਦਲਜੀਤ ਚੀਮਾ ਨੂੰ 67204 ਵੋਟਾਂ ਨਾਲ ਹਰਾਇਆ ਅਤੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਜਿੱਤ ਨਾਲ ਕੀਤੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਰਵਨੀਤ ਬਿੱਟੂ ਮੋਦੀ ਸਰਕਾਰ 'ਚ ਬਣ ਸਕਦੇ ਨੇ ਕੈਬਨਿਟ ਮੰਤਰੀ (ਵੀਡੀਓ)
2014 'ਚ ਬਿੱਟੂ ਦੀ ਬਦਲੀ ਸੀਟ
2014 'ਚ ਕਾਂਗਰਸ ਪਾਰਟੀ ਨੇ ਰਵਨੀਤ ਬਿੱਟੂ ਦੀ ਸੀਟ ਬਦਲ ਕੇ ਉਨ੍ਹਾਂ ਨੂੰ ਲੁਧਿਆਣਾ ਸੰਸਦੀ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਸੀ। ਨਰਿੰਦਰ ਮੋਦੀ ਵੱਡੀ ਲਹਿਰ 'ਚ ਵੀ ਰਵਨੀਤ ਬਿੱਟੂ ਨੇ ਲੁਧਿਆਣਾ ਤੋਂ ਜਿੱਤ ਹਾਸਲ ਕੀਤੀ ਅਤੇ 2019 ਦੀਆਂ ਲੋਕ ਸਭਾ ਚੋਣਾਂ 'ਚ ਲੁਧਿਆਣਾ ਤੋਂ ਸੰਸਦ ਮੈਂਬਰ ਬਣੇ ਸਨ।
ਰਵਨੀਤ ਬਿੱਟੂ ਦੇ ਦਾਦੇ ਦਾ ਕਤਲ
ਰਵਨੀਤ ਸਿੰਘ ਬਿੱਟੂ ਪੰਜਾਬ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਹਨ। ਪੰਜਾਬ ਵਿੱਚੋਂ ਅੱਤਵਾਦ ਨੂੰ ਖ਼ਤਮ ਕਰਨ ਦਾ ਸਿਹਰਾ ਬੇਅੰਤ ਸਿੰਘ ਨੂੰ ਹੀ ਜਾਂਦਾ ਹੈ। ਪੰਜਾਬ 'ਚ 1980-90ਵਿਆਂ 'ਚ ਅੱਤਵਾਦ ਆਪਣੇ ਸਿਖ਼ਰ 'ਤੇ ਸੀ। 1992 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਬਹੁਮਤ ਮਿਲਣ ਤੋਂ ਬਾਅਦ ਬੇਅੰਤ ਸਿੰਘ 25 ਫਰਵਰੀ 1992 ਨੂੰ ਪੰਜਾਬ ਦੇ ਮੁੱਖ ਮੰਤਰੀ ਬਣੇ। ਉਨ੍ਹਾਂ ਨੇ ਅੱਤਵਾਦੀਆਂ ਨਾਲ ਨਜਿੱਠਣ ਲਈ ਪੰਜਾਬ ਪੁਲਸ ਦੇ ਤਤਕਾਲੀ ਮੁਖੀ ਅਤੇ ਸੁਪਰ ਕਾਪ ਵਜੋਂ ਜਾਣੇ ਜਾਂਦੇ ਕੇ. ਪੀ. ਐੱਸ. ਗਿੱਲ ਨੂੰ ਖੁੱਲ੍ਹਾ ਹੱਥ ਦਿੱਤਾ। ਬੇਅੰਤ ਸਿੰਘ ਅਤੇ ਕੇ. ਪੀ. ਐੱਸ. ਗਿੱਲ ਦੀ ਜੋੜੀ ਨੇ ਸੂਬੇ ਵਿੱਚੋਂ ਅੱਤਵਾਦ ਦਾ ਖ਼ਤਮਾ ਕੀਤਾ। ਬੇਅੰਤ ਸਿੰਘ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਤੋਂ ਹੀ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਸਨ। 31 ਅਗਸਤ, 1995 ਨੂੰ ਜਦੋਂ ਬੇਅੰਤ ਸਿੰਘ ਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਤੋਂ ਬਾਹਰ ਜਾ ਰਹੇ ਸਨ ਤਾਂ ਉੱਥੇ ਖੜ੍ਹੇ ਸਕੂਟਰ ਵਿੱਚ ਬੰਬ ਧਮਾਕਾ ਹੋ ਗਿਆ। ਇਸ ਧਮਾਕੇ ਵਿਚ ਸ. ਬੇਅੰਤ ਸਿੰਘ ਸਮੇਤ ਕਈ ਲੋਕ ਮਾਰੇ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News