ਰਵਨੀਤ ਬਿੱਟੂ ਖੁਦ ਚਾਹੁੰਦਾ ਸੀ ਕਿ ਲੋਕ ਉਸ ਨੂੰ ਕੁੱਟਣ : ਪਹਿਲਵਾਨ ਬਘੇਲ ਸਿੰਘ

Sunday, Jan 24, 2021 - 07:37 PM (IST)

ਗੜਸ਼ੰਕਰ, (ਸ਼ੋਰੀ)- ਖੇਤੀ ਸੁਧਾਰ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਸਿੰਘੂ ਬਾਰਡਰ ਤੋਂ ਅੱਧਾ ਕਿਲੋਮੀਟਰ ਦੀ ਦੂਰੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਪਾਰਕ ਵਿੱਚ ਐਤਵਾਰ ਸ਼ਾਮ ਨੂੰ ਰਵਨੀਤ ਬਿੱਟੂ ਦੇ ਹੋਏ ਜਬਰਦਸਤ ਵਿਰੋਧ ਅਤੇ ਹੋਈ ਧੱਕਾ ਮੁੱਕੀ ਮੌਕੇ ਹਾਜਰ ਗੜਸ਼ੰਕਰ ਦੇ ਪਹਿਲਵਾਨ ਬਘੇਲ ਸਿੰਘ ਨੇ ਦਿੱਲੀ ਤੋਂ ਫੋਨ 'ਤੇ ਗੱਲ ਕਰਦੇ ਦੱਸਿਆ ਕਿ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਖੁਦ ਚਾਹੁੰਦਾ ਸੀ ਕਿ ਪ੍ਰਦਰਸ਼ਨਕਾਰੀ ਉਸ ਨੂੰ ਕੁੱਟਦੇ ਪਰ ਖੁਸ਼ਕਿਸਮਤੀ ਇਹ ਰਹੀ ਕਿ ਉੱਥੇ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਰਵਨੀਤ ਬਿੱਟੂ ਅਤੇ ਉਹਦੇ ਸਾਥੀਆਂ ਨੂੰ ਲੋਕਾਂ ਦੇ ਭੜਕਣ ਤੋਂ ਪਹਿਲਾਂ ਪਹਿਲਾਂ ਠੀਕ ਠਾਕ ਵਾਪਸ ਭੇਜ ਦਿੱਤਾ ਗਿਆ। ਪਹਿਲਵਾਨ ਬਘੇਲ ਸਿੰਘ ਨੇ ਕਿਹਾ ਜੇਕਰ ਰਵਨੀਤ ਬਿੱਟੂ ਉਥੋਂ ਨਾ ਜਾਂਦਾ ਤਾਂ ਸ਼ਾਇਦ ਰਵਨੀਤ ਬਿੱਟੂ ਦੀ ਇੱਥੋਂ ਲਾਸ਼ ਜਾਂਦੀ।
ਪਹਿਲਵਾਨ ਬਘੇਲ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਪਾਰਕ ਜੋ ਕੀ ਸਿੰਘੂ ਬਾਰਡਰ ਤੋਂ ਅੱਧਾ ਕਿਲੋਮੀਟਰ ਦੀ ਦੂਰੀ 'ਤੇ ਹੈ ਉੱਥੇ ਇਕ ਸਟੇਜ ਲੱਗੀ ਹੋਈ ਸੀ ਜਿਸ ਵਿੱਚ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਆਪਣੇ ਹੋਰ ਸਾਥੀਆਂ ਨਾਲ ਜਦ ਆ ਕੇ ਬੈਠਾ ਤਾਂ ਉਨ੍ਹਾਂ ਦੇ ਨਾਲ ਹੋਰ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਚਲੇ ਜਾਣ ਲਈ ਕਿਹਾ ਪਰ ਬਿੱਟੂ ਨੇ ਜਾਣ ਦੀ ਬਜਾਏ ਉੱਥੇ ਬੈਠ ਗਿਆ ਅਤੇ ਕਹਿਣ ਲੱਗਾ ਕਿ ਤੁਸੀਂ ਮੈਨੂੰ ਕੁੱਟ ਲਵੋ।
ਬਘੇਲ ਸਿੰਘ ਨੇ ਦੱਸਿਆ ਕਿ ਅਸੀਂ ਦੇਖਿਆ ਕਿ ਇਹ ਸਾਡੇ ਕਿਸਾਨ ਸੰਘਰਸ਼ ਨੂੰ ਫੇਲ ਕਰਨ ਦੀ ਇਕ ਸਾਜ਼ਿਸ਼ ਹੋ ਸਕਦੀ ਹੈ ਅਤੇ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਰਵਨੀਤ ਬਿੱਟੂ ਅਤੇ ਉਹਦੇ ਸਾਥੀਆਂ ਨੂੰ ਬਿਨਾਂ ਕੋਈ ਝਰੀਟ ਆਣ ਤੋਂ ਉੱਥੋਂ ਕੱਢ ਦਿੱਤਾ ਗਿਆ।
ਰਵਨੀਤ ਬਿੱਟੂ ਵੱਲੋਂ ਉਸਦੀ ਦਸਤਾਰ ਉਤਾਰਨ ਅਤੇ ਜਾਨਲੇਵਾ ਹਮਲੇ ਸਬੰਧੀ ਦਿੱਤੇ ਬਿਆਨ 'ਤੇ ਬਘੇਲ ਸਿੰਘ ਨੇ ਕਿਹਾ ਕਿ ਪਹਿਲੀ ਗੱਲ ਤਾਂ ਉਸ ਨੇ ਪੱਗ ਬੰਨੀ ਨਹੀਂ ਹੋਈ ਸੀ ਦੂਜਾ ਉਸ ਉੱਪਰ ਕਿਸੇ ਨੇ ਜਾਨਲੇਵਾ ਹਮਲਾ ਨਹੀਂ ਕੀਤਾ। 
ਬਘੇਲ ਸਿੰਘ ਨੇ ਦੱਸਿਆ ਕਿ ਰਵਨੀਤ ਬਿੱਟੂ ਕਹਿ ਰਿਹਾ ਸੀ ਕਿ ਉਸ ਨੂੰ ਉੱਥੇ ਬਾਬਾ ਗੋਪਾਲਦਾਸ ਅਤੇ ਪ੍ਰਸ਼ਾਂਤ ਦੇ ਆਦਮੀਆਂ ਨੇ ਬੁਲਾਇਆ ਸੀ।
ਇਸ ਮੌਕੇ ਬਘੇਲ ਸਿੰਘ ਦੇ ਨਾਲ ਸੁੱਚਾ ਸਿੰਘ ਮੇਘੋਵਾਲ, ਗੁਰਸ਼ਰਨ ਸਿੰਘ ਮੇਘੋਵਾਲ, ਪਰਮਿੰਦਰ ਸਿੰਘ,  ਹਰਮਨਦੀਪ ਸਿੰਘ, ਬੂਟਾ ਸਿੰਘ ਪੁਰੇਵਾਲ, ਦਵਿੰਦਰ ਸਿੰਘ ਮੇਘੋਵਾਲ, ਸਤਨਾਮ ਸਿੰਘ ਸੱਤਾ ਮੇਘਵਾਲ ਵੀ ਹਾਜਰ ਸਨ।


Bharat Thapa

Content Editor

Related News