''ਰਵਨੀਤ ਬਿੱਟੂ'' ਦੇ ਵਿਵਾਦਿਤ ਬਿਆਨ ਨਾਲ ਬੈਕਫੁੱਟ ''ਤੇ ''ਕਾਂਗਰਸ'', ਮੁਆਫ਼ੀ ਵੀ ਨਹੀਂ ਕਰ ਸਕਦੀ ਭਰਪਾਈ!

06/17/2021 10:44:40 AM

ਚੰਡੀਗੜ੍ਹ (ਹਰੀਸ਼) : ਲੁਧਿਆਣਾ ਦੇ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਸੀਟਾਂ ਸਬੰਧੀ ਦਿੱਤੇ ਗਏ ਵਿਵਾਦਿਤ ਬਿਆਨ ਨਾਲ ਕਾਂਗਰਸ ਬੈਕਫੁੱਟ ’ਤੇ ਆ ਗਈ ਹੈ। ਇਸ ਦੇ ਨਾਲ ਹੀ ਬਿੱਟੂ ਦੀਆਂ ਮੁਸ਼ਕਲਾਂ ਵੀ ਵਧਣ ਵਾਲੀਆਂ ਹਨ। ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਨੇ ਦੋਵੇਂ ਸੀਟਾਂ ਸਿੱਖ ਗੁਰੂਆਂ ਸ੍ਰੀ ਗੁਰੂ ਤੇਗ ਬਹਾਦਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਜੁੜੀਆਂ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਜਨ ਸਮਾਜ ਪਾਰਟੀ ਲਈ ਛੱਡਣ ’ਤੇ ਟਿੱਪਣੀ ਕਰ ਕੇ ਵਿਰੋਧੀ ਪਾਰਟੀਆਂ ਨੂੰ ਬੈਠੇ-ਬਿਠਾਏ ਅਜਿਹਾ ਮੁੱਦਾ ਦੇ ਦਿੱਤਾ ਹੈ, ਜਿਸ ਦੀ ਕਾਟ ਖ਼ੁਦ ਉਹ ਅਤੇ ਉਨ੍ਹਾਂ ਦੀ ਪਾਰਟੀ ਵੀ ਨਹੀਂ ਕਰ ਪਾ ਰਹੀ। ਅਕਾਲੀ ਦਲ ਅਤੇ ਬਸਪਾ ਹੀ ਨਹੀਂ, ਆਮ ਆਦਮੀ ਪਾਰਟੀ ਅਤੇ ਭਾਜਪਾ ਤੱਕ ਨੇ ਇਸ ਮਾਮਲੇ ਵਿਚ ਬਿੱਟੂ ਨੂੰ ਨਿਸ਼ਾਨੇ ’ਤੇ ਲੈ ਲਿਆ ਹੈ। ਦਰਅਸਲ ਕਾਂਗਰਸੀ ਸਾਂਸਦ ਬਿੱਟੂ ਨੇ ਇਹ ਬਿਆਨ ਦਾਗ ਕੇ ਇਕ ਤਰ੍ਹਾਂ ਨਾਲ ਅਕਾਲੀ ਦਲ ਨੂੰ ਸਿੱਖ ਵੋਟਰਾਂ ਦਾ ਸਰਪ੍ਰਸਤ ਵੀ ਐਲਾਨ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਸਿੱਖ ਗੁਰੂਆਂ ਅਤੇ ਸਾਹਿਬਜ਼ਾਦਿਆਂ ਨਾਲ ਜੁੜੀਆਂ ਇਹ ਦੋਵੇਂ ਪਵਿੱਤਰ ਸੀਟਾਂ ਅਕਾਲੀ ਦਲ ਨੇ ਖ਼ੁਦ ਨਾ ਲੜ ਕੇ ਬਸਪਾ ਲਈ ਕਿਉਂ ਛੱਡੀਆਂ ? ਦੂਜੇ ਪਾਸੇ ਕਾਂਗਰਸ ਨੇ ਇਸ ਮਾਮਲੇ ਵਿਚ ਪੱਲਾ ਝਾੜ ਲਿਆ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਉਹ ਕੋਈ ਟਿੱਪਣੀ ਨਹੀਂ ਕਰਨਗੇ। ਬਿੱਟੂ ਤੀਜੀ ਵਾਰ ਸਾਂਸਦ ਬਣੇ ਹਨ, ਉਹੀ ਆਪਣੇ ਬਿਆਨ ਬਾਰੇ ਸਪੱਸ਼ਟੀਕਰਨ ਦੇ ਸਕਦੇ ਹਨ। ਵਿਵਾਦ ਵੱਧਣ ਤੋਂ ਬਾਅਦ ਬਿੱਟੂ ਨੇ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਬਿਆਨ ਦਾ ਗਲਤ ਮਤਲੱਬ ਕੱਢਿਆ ਗਿਆ, ਜਿਸ ਤੋਂ ਉਹ ਦੁਖ਼ੀ ਹਨ। ਉਨ੍ਹਾਂ ਦੇ ਕਹਿਣ ਦਾ ਮਤਲਬ ਸਿਰਫ ਇੰਨਾ ਸੀ ਕਿ ਅਕਾਲੀ ਦਲ ਖ਼ੁਦ ਨੂੰ ਪੰਥਕ ਪਾਰਟੀ ਕਹਿੰਦੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਣ ਹੀ ਉਨ੍ਹਾਂ ਨੇ ਇਹ ਸੀਟਾਂ ਛੱਡੀਆਂ ਕਿਉਂਕਿ ਉਹ ਕਿਸ ਮੂੰਹ ਨਾਲ ਲੋਕਾਂ ਵਿਚ ਜਾਂਦੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕੈਪਟਨ-ਸਿੱਧੂ ਨੂੰ ਹਾਈਕਮਾਨ ਨੇ ਕੀਤਾ ਤਲਬ, 20 ਜੂਨ ਨੂੰ ਸੋਨੀਆ ਗਾਂਧੀ ਨਾਲ ਹੋਵੇਗੀ ਮੁਲਾਕਾਤ
ਇਹ ਪਵਿੱਤਰ ਸੀਟਾਂ ਲੜਨ ਦਾ ਹੱਕ ਸਾਰਿਆਂ ਨੂੰ : ਗੜੀ
ਬਸਪਾ ਪ੍ਰਦੇਸ਼ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕਿਹਾ ਹੈ ਕਿ ਇਹ ਪਵਿੱਤਰ ਸੀਟਾਂ ਜੇਕਰ ਅਕਾਲੀ ਦਲ ਨੇ ਬਸਪਾ ਨੂੰ ਦਿੱਤੀਆਂ ਹਨ ਤਾਂ ਕੀ ਉਹ ਇਨਸਾਨ ਨਹੀਂ ਹਨ। ਇਹ ਪਵਿੱਤਰ ਸੀਟਾਂ ਲੜਨ ਦਾ ਹੱਕ ਸਾਰਿਆਂ ਨੂੰ ਹੈ। ਬਸਪਾ ਪਹਿਲਾਂ ਵੀ ਇਹ ਸੀਟਾਂ ਲੜਦੀ ਆਈ ਹੈ। ਇਸ ਬਿਆਨ ਨਾਲ ਬਿੱਟੂ ਦੀ ਦਲਿਤ ਵਿਰੋਧੀ ਮਾਨਸਿਕਤਾ ਦਾ ਪਤਾ ਲੱਗਦਾ ਹੈ।

ਇਹ ਵੀ ਪੜ੍ਹੋ : 'ਈ-ਕਾਰਡਾਂ' ਰਾਹੀਂ ਨਿੱਜੀ ਹਸਪਤਾਲ 'ਚ ਇਲਾਜ ਕਰਾਉਣ ਵਾਲਿਆਂ ਨੂੰ ਵੱਡੀ ਰਾਹਤ, ਜਾਰੀ ਹੋਏ ਇਹ ਹੁਕਮ
ਸੋਚ-ਸਮਝ ਕੇ ਬਿਆਨਬਾਜ਼ੀ ਕਰਨੀ ਚਾਹੀਦੀ ਹੈ : ਚੀਮਾ
ਪੰਜਾਬ ਵਿਧਾਨ ਸਭਾ ਵਿਚ ਨੇਤਾ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਰਵਨੀਤ ਸਿੰਘ ਬਿੱਟੂ ਇਕ ਜ਼ਿੰਮੇਵਾਰ ਸੰਸਦ ਮੈਂਬਰ ਅਤੇ ਆਗੂ ਹਨ, ਉਨ੍ਹਾਂ ਨੂੰ ਕਿਸੇ ਵੀ ਮੁੱਦੇ ’ਤੇ ਬਿਆਨਬਾਜ਼ੀ ਕਰਦੇ ਸਮੇਂ ਸੋਚ-ਸਮਝ ਕੇ ਬੋਲਣਾ ਚਾਹੀਦਾ ਹੈ। ਅਜਿਹੀ ਬਿਆਨਬਾਜ਼ੀ ਕਦੇ ਨਹੀਂ ਕਰਨੀ ਚਾਹੀਦੀ, ਜਿਸ ਨਾਲ ਕਿਸੇ ਦੇ ਵੀ ਮਨ ਨੂੰ ਦੁੱਖ ਪਹੁੰਚੇ।

ਇਹ ਵੀ ਪੜ੍ਹੋ : 3 ਬੱਚਿਆਂ ਦੇ ਪਿਓ ਨੇ ਮਾਂ ਦੀ ਸਾੜ੍ਹੀ ਨਾਲ ਲਾਇਆ ਫ਼ਾਹਾ, ਖ਼ੌਫਨਾਕ ਦ੍ਰਿਸ਼ ਦੇਖ ਪਤਨੀ ਦੀਆਂ ਅੱਖਾਂ ਅੱਗੇ ਛਾਇਆ ਹਨ੍ਹੇਰ
ਕਾਂਗਰਸ ਦੇ ਆਗੂਆਂ ਦੀ ਜ਼ਾਹਿਰ ਹੁੰਦੀ ਹੈ ਮਾਨਸਿਕਤਾ : ਸ਼ਰਮਾ
ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਸੰਸਦ ਮੈਂਬਰ ਵਰਗੇ ਇਕ ਜ਼ਿੰਮੇਵਾਰ ਅਹੁਦੇ ’ਤੇ ਬੈਠੇ ਆਗੂ ਤੋਂ ਸਮਾਜ ਵਿਚ ਅਜਿਹੀ ਭੇਦਭਾਵ ਅਤੇ ਕੁੜੱਤਣ ਫੈਲਾਉਣ ਵਾਲੀ ਬਿਆਨਬਾਜ਼ੀ ਦੀ ਉਮੀਦ ਨਹੀਂ ਕੀਤੀ ਜਾਂਦੀ ਪਰ ਬਿੱਟੂ ਦੇ ਬਿਆਨ ਨਾਲ ਕਾਂਗਰਸ ਦੀ ਵਿਚਾਰਧਾਰਾ ਅਤੇ ਉਸਦੇ ਆਗੂਆਂ ਦੀ ਮਾਨਸਿਕਤਾ ਜ਼ਾਹਿਰ ਹੁੰਦੀ ਹੈ। ਉਨ੍ਹਾਂ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਹੁਣ SIT ਖ਼ੁਦ ਜਾ ਕੇ 'ਵੱਡੇ ਬਾਦਲ' ਤੋਂ ਕਰੇਗੀ ਪੁੱਛਗਿੱਛ, ਦਿੱਤੀ ਨਵੀਂ ਤਾਰੀਖ਼
‘ਪਤਾ ਲੱਗਦਾ ਹੈ ਕਿ ਬਿੱਟੂ ਦਲਿਤ ਵਰਗ ਨੂੰ ਕਿੰਨਾ ਪਿਆਰ ਕਰਦੇ ਹਨ’
ਅਕਾਲੀ ਦਲ ਦੇ ਸੀਨੀਅਰ ਨੇਤਾ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਬਿੱਟੂ ਦੀ ਮਾਨਸਿਕ ਸਥਿਤੀ ਸਾਫ਼ ਹੋ ਜਾਂਦੀ ਹੈ ਕਿ ਦਲਿਤ ਵਰਗ ਨੂੰ ਉਹ ਕਿੰਨਾ ਪਿਆਰ ਕਰਦੇ ਹਨ। ਬਿੱਟੂ ਖ਼ੁਦ ਪਤਿਤ ਸਿੱਖ ਹਨ, ਫਿਰ ਵੀ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੋਣ ਜਿੱਤੇ। ਕਾਂਗਰਸ ਨੇ ਇਸ ਸੀਟ ਤੋਂ ਮਨੀਸ਼ ਤਿਵਾੜੀ ਨੂੰ ਟਿਕਟ ਦਿੱਤੀ, ਉਹ ਕਿੰਨੇ ਸਿੱਖ ਹਨ ਪਰ ਵੋਟਰਾਂ ਨੇ ਫਿਰ ਵੀ ਜਿਤਾਇਆ।
‘ਬਿਆਨਬਾਜ਼ੀ ਤੋਂ ਖ਼ਿਸਕ ਸਕਦਾ ਹੈ ਵੋਟ ਬੈਂਕ, ਮੁਆਫ਼ੀ ਵੀ ਨਹੀਂ ਕਰ ਸਕਦੀ ਭਰਪਾਈ’
ਰਵਨੀਤ ਬਿੱਟੂ ਦੇ ਇਸ ਵਿਵਾਦਿਤ ਬਿਆਨ ਨਾਲ ਸਿਰਫ਼ ਉਨ੍ਹਾਂ ਨੂੰ ਹੀ ਨਹੀਂ, ਸਗੋਂ ਕਾਂਗਰਸ ਨੂੰ ਵੀ ਵੱਡਾ ਸਿਆਸੀ ਨੁਕਸਾਨ ਹੋ ਸਕਦਾ ਹੈ। ਬਿੱਟੂ ਦੀਆਂ ਸੰਸਦੀ ਚੋਣਾਂ ਚਾਹੇ ਹਾਲੇ ਦੂਰ ਹਨ ਪਰ ਕਾਂਗਰਸ ਨੂੰ ਅਗਲੇ ਸਾਲ ਹੀ ਵਿਧਾਨ ਸਭਾ ਚੋਣਾਂ 'ਚੋਂ ਲੰਘਣਾ ਹੈ। ਅਜਿਹੇ ਵਿਚ ਉਨ੍ਹਾਂ ਦੀ ਇਹ ਬਿਆਨਬਾਜ਼ੀ ਪਾਰਟੀ ਦੇ ਚੋਣਾਵੀ ਪ੍ਰਦਰਸ਼ਨ ’ਤੇ ਉਲਟਾ ਅਸਰ ਪਾ ਸਕਦੀ ਹੈ। ਬਿੱਟੂ ਹਾਲਾਂਕਿ ਰਾਹੁਲ ਗਾਂਧੀ ਦੇ ਕਰੀਬੀ ਹਨ, ਸ਼ਾਇਦ ਇਸ ਲਈ ਪੰਜਾਬ ਕਾਂਗਰਸ ਵਿਚ ਸਾਰੇ ਆਗੂ ਇਸ ਬਿਆਨ ’ਤੇ ਕੋਈ ਟਿੱਪਣੀ ਕਰਨ ਤੋਂ ਕਤਰਾ ਰਹੇ ਹਨ ਪਰ ਬਿੱਟੂ ਪਾਰਟੀ ਦਾ ਵੱਡਾ ਨੁਕਸਾਨ ਤਾਂ ਕਰ ਹੀ ਚੁੱਕੇ ਹਨ। ਦਲਿਤ ਵਰਗ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਅਤੇ 2019 ਦੇ ਲੋਕ ਸਭਾ ਚੋਣਾਂ ਵਿਚ ਕਾਂਗਰਸ ’ਤੇ ਹੀ ਭਰੋਸਾ ਕੀਤਾ ਸੀ ਪਰ ਕਾਂਗਰਸ ਆਗੂ ਦੀ ਇਸ ਬਿਆਨਬਾਜ਼ੀ ਨਾਲ ਇਹ ਵੋਟ ਬੈਂਕ ਖ਼ਿਸਕ ਸਕਦਾ ਹੈ, ਜਿਸ ਦੀ ਭਰਪਾਈ ਬਿੱਟੂ ਦੀ ਮੁਆਫ਼ੀ ਵੀ ਨਹੀਂ ਕਰ ਸਕਦੀ।      
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News