ਘਟੀਆ ਦਰਜੇ ਦਾ ਰਾਜਸੀ ਡਰਾਮਾ ਕਰ ਰਹੀ ਆਮ ਆਦਮੀ ਪਾਰਟੀ : ਬਿੱਟੂ
Tuesday, Sep 05, 2017 - 07:17 PM (IST)

ਲੁਧਿਆਣਾ\ਛਪਾਰ : ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਆਮ ਆਦਮੀ ਪਾਰਟੀ, ਵਿਰੋਧੀ ਧਿਰਾਂ ਦੀ ਅਸਲ ਭੂਮਿਕਾ ਨਿਭਾਉਣ ਦੀ ਬਜਾਏ ਅਖ਼ਬਾਰਾਂ ਦੀਆਂ ਸੁਰਖੀਆਂ ਬਟੋਰਨ 'ਚ ਲੱਗੀਆਂ ਹੋਈਆਂ ਹਨ, ਜੋ ਕਿ ਨਿੰਦਣਯੋਗ ਕਾਰਵਾਈ। ਬਿੱਟੂ ਮੰਗਲਵਾਰ ਨੂੰ ਪਿੰਡ ਛਪਾਰ ਵਿਖੇ ਇਤਿਹਾਸਿਕ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਹੋਏ ਸਨ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੱਟੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕੰਮਾਂ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਆਮ ਆਦਮੀ ਪਾਰਟੀ ਬੌਖ਼ਲਾ ਗਈਆਂ ਹਨ। ਦੋਵਾਂ ਪਾਰਟੀਆਂ ਕੋਲ ਪੰਜਾਬ ਸਰਕਾਰ ਖ਼ਿਲਾਫ਼ ਬੋਲਣ ਅਤੇ ਦਿਖਾਉਣ ਲਈ ਕੁਝ ਵੀ ਨਹੀਂ, ਜਿਸ 'ਤੇ ਚੱਲਦਿਆਂ ਅਖ਼ਬਾਰਾਂ ਵਿਚ ਆਏ ਰਹਿਣ ਲਈ ਕੋਈ ਨਾ ਕੋਈ ਹੱਥਕੰਡੇ ਵਰਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਦੋਵੇਂ ਪਾਰਟੀਆਂ ਕੈਪਟਨ ਸਰਕਾਰ ਨੂੰ ਕੁਝ ਸਮਾਂ ਕੰਮ ਕਰਨ ਦੇਣ ਅਤੇ ਸਰਕਾਰ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇ ਪਰ ਵਿਰੋਧੀ ਧਿਰਾਂ ਦੀ ਅਸਲ ਭੂਮਿਕਾ ਨੂੰ ਪਾਸੇ ਰੱਖ ਕੇ ਸਰਕਾਰ ਦੇ ਕੰਮਾਂ ਵਿਚ ਰੋੜੇ ਅਟਕਾਉਣ ਦੀਆਂ ਘਾੜਤਾਂ ਘੜੀਆਂ ਜਾ ਰਹੀਆਂ ਹਨ। ਜੋ ਕਿ ਲੋਕਤੰਤਰੀ ਪ੍ਰੰਪਰਾਵਾਂ ਦਾ ਗਲਾ ਘੁੱਟਣ ਦੇ ਬਰਾਬਰ ਹੈ।
ਬੀਤੇ ਦਿਨੀਂ 'ਆਪ' ਪਾਰਟੀ ਵੱਲੋਂ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕਾਰਵਾਈ ਨੂੰ ਬਿੱਟੂ ਨੇ ਘਟੀਆ ਦਰਜੇ ਦਾ ਰਾਜਸੀ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਇਹ ਕਾਰਵਾਈ ਸਿਰਫ ਤੇ ਸਿਰਫ ਅਖ਼ਬਾਰਾਂ ਦੀਆਂ ਸੁਰਖੀਆਂ ਬਟੋਰਨ ਲਈ ਕੀਤੀ ਗਈ ਸੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਆਏ ਦਿਨ ਪੰਜਾਬ ਸਰਕਾਰ ਵਿਰੁੱਧ ਗੁੰਮਰਾਹਕੁੰਨ ਬਿਆਨਬਾਜ਼ੀ ਕਰਕੇ ਲੋਕਾਂ ਦੀ ਫੋਕੀ ਵਾਹ-ਵਾਹ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਰਵਨੀਤ ਬਿੱਟੂ ਨੇ ਕਿਹਾ ਕਿ ਹੁਣ ਪੰਜਾਬ ਦੇ ਸੂਝਵਾਨ ਲੋਕਾਂ ਨੇ ਇਨ੍ਹਾਂ ਦੋਵਾਂ ਪਾਰਟੀਆਂ ਦਾ ਭੇਦ ਪਾ ਲਿਆ ਹੈ ਅਤੇ ਲੋਕਾਂ ਨੇ ਇਨ੍ਹਾਂ 'ਤੇ ਵਿਸ਼ਵਾਸ ਕਰਨਾ ਛੱਡ ਦਿੱਤਾ ਹੈ। ਤਿਆਰੀਆਂ ਦੌਰਾਨ ਰਿਵਾਇਤ ਮੁਤਾਬਿਕ ਪਾਰਟੀ ਵੱਲੋਂ ਝੰਡਾ ਚੜ੍ਹਾਉਣ ਦੀ ਵੀ ਰਸਮ ਅਦਾ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਕੁਲਦੀਪ ਸਿੰਘ ਵੈਦ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ, ਸੀਨੀਅਰ ਕਾਂਗਰਸੀ ਆਗੂ ਜਗਪਾਲ ਸਿੰਘ ਖੰਗੂੜਾ, ਮੇਜਰ ਸਿੰਘ ਭੈਣੀ, ਗੁਰਦੇਵ ਸਿੰਘ ਲਾਂਪਰਾਂ, ਰਾਜੀਵ ਰਾਜਾ, ਪਰਮਜੀਤ ਸਿੰਘ ਘਵੱਦੀ, ਸ਼ੈਂਪੀ ਭਨੋਹੜ, ਗੁਰਦੀਪ ਸਿੰਘ ਸਰਪੰਚ ਅਤੇ ਹੋਰ ਕਈ ਹਾਜ਼ਰ ਸਨ।