ਪੰਜਾਬ ਬੰਦ ਦਾ ਅਸਰ : ਬੈਂਕਿੰਗ ਖੇਤਰ ਦਾ 500 ਕਰੋੜ ਦਾ ਕੰਮਕਾਜ ਪ੍ਰਭਾਵਿਤ

08/14/2019 1:51:08 PM

ਜਲੰਧਰ (ਪੁਨੀਤ)— ਬੰਦ ਕਾਰਨ ਜਲੰਧਰ ਜ਼ਿਲੇ 'ਚ ਬੈਂਕਿੰਗ ਖੇਤਰ ਦਾ 500 ਕਰੋੜ ਤੋਂ ਵੱਧ ਦਾ ਕੰਮਕਾਜ ਪ੍ਰਭਾਵਿਤ ਹੋਇਆ ਹੈ। ਜ਼ਿਲੇ 'ਚ 40 ਤੋਂ ਵੱਧ ਬੈਂਕਾਂ ਦੀਆਂ 800 ਦੇ ਕਰੀਬ ਬ੍ਰਾਂਚਾਂ ਹਨ, ਜਿਨ੍ਹਾਂ 'ਚ ਬੀਤੇ ਦਿਨ ਕੈਸ਼ ਦਾ ਲੈਣ-ਦੇਣ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਇਸੇ ਤਰ੍ਹਾਂ ਚੈੱਕ ਦੀ ਕਲੀਅਰਿੰਗ ਤੋਂ ਲੈ ਕੇ ਨੈਫਟ (ਆਨਲਾਈਨ ਟਰਾਂਸਫਰ) ਦਾ ਕੰਮਕਾਜ ਵੀ ਪ੍ਰਭਾਵਿਤ ਹੋਇਆ। ਜ਼ਿਆਦਾਤਰ ਬ੍ਰਾਂਚਾਂ ਦੇ ਕਰਮਚਾਰੀ ਬੈਠੇ ਰਹੇ ਪਰ ਬਾਹਰੋਂ ਬ੍ਰਾਂਚ ਨੂੰ ਬੰਦ ਕਰ ਦਿੱਤਾ ਗਿਆ, ਉਥੇ ਹੀ ਕੁਝ ਬ੍ਰਾਂਚਾਂ ਦੀ ਗੱਲ ਕੀਤੀ ਜਾਵੇ ਤਾਂ ਵਿਰੋਧ ਕਾਰਨ ਕਰਮਚਾਰੀਆਂ ਨੂੰ ਬ੍ਰਾਂਚਾਂ ਬੰਦ ਕਰਕੇ ਘਰਾਂ ਨੂੰ ਪਰਤਣਾ ਪਿਆ। ਜੋ ਬ੍ਰਾਂਚਾਂ ਪੂਰੀ ਤਰ੍ਹਾਂ ਬੰਦ ਰਹੀਆਂ, ਉਨ੍ਹਾਂ 'ਚ ਨਕੋਦਰ ਜਾਂਦੇ ਹਾਈਵੇਅ 'ਤੇ ਪੈਂਦੀਆਂ ਬ੍ਰਾਂਚਾਂ ਅਤੇ ਦਿਹਾਤੀ ਖੇਤਰ ਦੀਆਂ ਕੁਝ ਬ੍ਰਾਂਚਾਂ ਸ਼ਾਮਲ ਹਨ।

ਉਥੇ ਹੀ ਏ. ਟੀ. ਐੈੱਮ. ਦੀ ਗੱਲ ਕੀਤੀ ਜਾਵੇ ਤਾਂ ਸਾਵਧਾਨੀ ਵਜੋਂ ਜ਼ਿਆਦਾਤਰ ਏ. ਟੀ. ਐੱਮ. ਬੰਦ ਰਹੇ, ਜਿਸ ਕਾਰਨ ਪਬਲਿਕ ਨੂੰ ਕੈਸ਼ ਦੀ ਸ਼ਾਰਟੇਜ ਝੱਲਣੀ ਪਈ। ਪਿਛਲੇ ਸਮੇਂ ਦੌਰਾਨ ਬੰਦ ਕਾਰਣ ਏ. ਟੀ. ਐੱਮਜ਼ ਨੂੰ ਨੁਕਸਾਨ ਪੁੱਜਾ ਸੀ, ਜਿਸ ਕਾਰਨ ਇਸ ਵਾਰ ਬੈਂਕ ਪ੍ਰਬੰਧਕਾਂ ਵਲੋਂ ਕਿਸੇ ਤਰ੍ਹਾਂ ਦਾ ਰਿਸਕ ਨਹੀਂ ਲਿਆ ਗਿਆ। 

ਸ਼ਾਮ ਦੇ ਸਮੇਂ ਲੋਕਾਂ ਨੂੰ ਉਮੀਦ ਸੀ ਕਿ ਏ. ਟੀ. ਐੱਮ. ਖੋਲ੍ਹ ਦਿੱਤੇ ਜਾਣਗੇ, ਇੱਕਾ-ਦੁੱਕਾ ਨੂੰ ਛੱਡ ਕੇ ਏ. ਟੀ. ਐੱਮ. ਨਹੀਂ ਖੁੱਲ੍ਹ ਸਕੇ। ਉਥੇ ਹੀ ਜੇਕਰ ਕੁਝ ਏ. ਟੀ. ਐੈੱਮ. ਖੁੱਲ੍ਹੇ ਵੀ ਤਾਂ ਉਨ੍ਹਾਂ 'ਚ ਪਿਆ ਕੈਸ਼ ਕੁਝ ਹੀ ਦੇਰ 'ਚ ਖਤਮ ਹੋ ਗਿਆ। ਬੰਦ ਕਾਰਨ ਜੋ ਕੰਮਕਾਜ ਪ੍ਰਭਾਵਿਤ ਹੋਇਆ ਉਸ ਨਾਲ ਬੁੱਧਵਾਰ ਨੂੰ ਬੈਂਕਾਂ 'ਚ ਬੇਹੱਦ ਰਸ਼ ਵੇਖਣ ਨੂੰ ਮਿਲੇਗਾ। ਇਸ ਦਾ ਕਾਰਨ ਇਹ ਹੈ ਕਿ ਸ਼ਨੀਵਾਰ ਅਤੇ ਐਤਵਾਰ ਬੈਂਕਾਂ 'ਚ ਛੁੱਟੀ ਸੀ। ਸੋਮਵਾਰ ਭਾਵੇਂ ਕੰਮ ਹੋਇਆ ਸੀ ਪਰ ਪੈਂਡੈਂਸੀ ਆਫ ਵਰਕ ਅਜੇ ਖਤਮ ਨਹੀਂ ਹੋਇਆ ਸੀ। ਉਥੇ ਮੰਗਲਵਾਰ ਨੂੰ ਬੰਦ ਕਾਰਨ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। 

ਪੈਟਰੋਲ ਪੰਪ ਵੀ ਰਹੇ ਬੰਦ, ਲੋਕ ਹੋਏ ਪ੍ਰੇਸ਼ਾਨ
ਉਥੇ ਬੰਦ ਕਾਰਨ ਪੈਟਰੋਲ ਪੰਪ ਵੀ ਬੰਦ ਰਹੇ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ, ਭਾਵੇਂ ਸ਼ਾਮ ਦੇ ਸਮੇਂ ਜ਼ਿਆਦਾਤਰ ਪੈਟਰੋਲ ਪੰਪ ਖੋਲ੍ਹ ਦਿੱਤੇ ਗਏ। ਦਵਾਈਆਂ ਦੀ ਅਹਿਮ ਮਾਰਕੀਟ ਦਿਲਕੁਸ਼ਾ ਮਾਰਕੀਟ ਵੀ ਅੱਜ ਬੰਦ ਰਹੀ, ਜਿਸ ਕਾਰਨ ਦਵਾਈਆਂ ਦਾ ਕਰੋੜਾਂ ਦਾ ਲੈਣ-ਦੇਣ ਪ੍ਰਭਾਵਿਤ ਹੋਇਆ। ਇਸ ਤੋਂ ਇਲਾਵਾ ਸ਼ਹਿਰ ਦੇ ਮੇਨ ਬਾਜ਼ਾਰ ਬੰਦ ਰਹਿਣ ਕਾਰਨ ਮਾਰਕੀਟ 'ਚ ਵੀ ਕਰੋੜਾਂ ਰੁਪਏ ਦਾ ਟਰਾਂਜ਼ੈਕਸ਼ਨ ਲਾਸ ਹੋਇਆ।


shivani attri

Content Editor

Related News