ਕੈਪਟਨ ਸਰਕਾਰ ਸਕੂਲਾਂ ''ਚ ਕਿਤਾਬਾਂ ਤੁਰੰਤ ਭੇਜੇ: ਵੜੈਚ
Tuesday, Jul 18, 2017 - 04:37 PM (IST)

ਕਪੂਰਥਲਾ(ਮੱਲ੍ਹੀ)— ਵਿੱਦਿਅਕ ਸੈਸ਼ਨ 2017-18 ਹੁਣ ਗੁਜ਼ਰ ਚੁੱਕਾ ਹੈ ਅਤੇ ਅਜੇ ਤੱਕ ਕੈਪਟਨ ਸਰਕਾਰ ਬੱਚਿਆਂ ਦੇ ਪੜ੍ਹਨ ਲਈ ਲੋੜੀਂਦੀਆਂ ਪਾਠ-ਪੁਸਤਕਾਂ ਨਹੀਂ ਭੇਜ ਸਕੀ। ਇਹ ਸ਼ਬਦ ਈ. ਟੀ. ਟੀ. ਅਧਿਆਪਕ ਯੂਨੀਅਨ ਦੇ ਕਾਰਜਕਾਰੀ ਜ਼ਿਲਾ ਪ੍ਰਧਾਨ ਰਸ਼ਪਾਲ ਸਿੰਘ ਵੜੈਚ ਨੇ ਆਖੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਰਾਜ 'ਚ ਸਰਕਾਰੀ ਸਕੂਲਾਂ 'ਚ ਪੜ੍ਹਦੇ ਲੱਖਾਂ ਹੀ ਵਿਦਿਆਰਥੀਆਂ ਨੂੰ ਸਮੇਂ ਸਿਰ ਪਾਠ-ਪੁਸਤਕਾਂ ਨਾ ਮਿਲਣ ਤੋਂ ਇਹ ਗੱਲ ਸਹਿਜੇ ਹੀ ਸਮਝੀ ਜਾ ਸਕਦੀ ਹੈ ਕਿ ਕੈਪਟਨ ਸਰਕਾਰ ਐਜੂਕੇਸ਼ਨ ਪ੍ਰਤੀ ਗੰਭੀਰ ਨਹੀਂ ਹੈ। ਰਸ਼ਪਾਲ ਵੜੈਚ ਨੇ ਕਿਹਾ ਕਿ ਵਿਭਾਗ ਨੇ ਸਕੂਲ ਅਧਿਆਪਕਾਂ ਨੂੰ ਗੈਰ- ਵਿੱਦਿਅਕ ਕੰਮ, ਜਿਨ੍ਹਾਂ 'ਚ ਮਿਡ-ਡੇ-ਮੀਲ, ਬੇ-ਲੋੜੀਆਂ ਡਾਕਾਂ ਤਿਆਰ ਕਰਨ, ਵਾਧੂ ਲਿਖਤੀ ਕਾਰਵਾਈ ਆਦਿ 'ਚ ਉਲਝਾਇਆ ਪਿਆ ਹੈ, ਜਦਕਿ ਟੀਚਰ ਦੀ ਅਸਲ ਜ਼ਿੰਮੇਵਾਰੀ ਤਾਂ ਬੱਚਿਆਂ ਨੂੰ ਪੜ੍ਹਾਉਣਾ ਹੈ।
ਯੂਨੀਅਨ ਦੇ ਆਗੂ ਦਲਜੀਤ ਸਿੰਘ ਸੈਣੀ, ਇੰਦਰਜੀਤ ਸਿੰਘ ਬਿਧੀਪੁਰ, ਕਰਮਜੀਤ ਸਿੰਘ ਗਿੱਲ, ਅਵਤਾਰ ਸਿੰਘ ਤਾਰਾ, ਲਖਵਿੰਦਰ ਸਿੰਘ, ਕੁਲਦੀਪ ਚੰਦ, ਯਾਦਵਿੰਦਰ ਸਿੰਘ, ਪੰਕਜ ਮਰਵਾਹਾ, ਅਮਨਜੀਤ ਸਿੰਘ, ਮਨਜੀਤ ਸਿੰਘ ਅਤੇ ਜਗਜੀਤ ਸਿੰਘ ਆਦਿ ਦੀ ਹਾਜ਼ਰੀ ਦੌਰਾਨ ਯੂਨੀਅਨ ਆਗੂ ਰਸ਼ਪਾਲ ਵੜੈਚ ਨੇ ਕਿਹਾ ਕਿ ਕੈਪਟਨ ਸਰਕਾਰ ਜਲਦ ਤੋਂ ਜਲਦ ਵਿਦਿਆਰਥੀਆਂ ਨੂੰ ਪਾਠ-ਪੁਸਤਕਾਂ ਜਾਰੀ ਕਰੇ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ 'ਚ ਯੂਨੀਅਨ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।